Punjab
ਚੁੱਲ੍ਹੇ ਸਮੇਟਣ ਵਾਲਿਆਂ ਨੇ ਬਣਾ ਲਏ ਵੱਖ ਵੱਖ ਚੁੱਲ੍ਹੇ- ਸਤਵੰਤ ਕੌਰ ਤੇ ਗਿ. ਹਰਪ੍ਰੀਤ ਸਿੰਘ ਚਿੱਠੀਓ ਚਿੱਠ -ਗੁੱਝੇ ਭੇਦ ਖੁੱਲ੍ਹੇ!
ਦੋ ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮੇ ਦਾ ਸਭ ਤੋਂ ਵੱਡਾ ਮਕਸਦ ਇਹ ਸੀ ਕਿ ਅਕਾਲੀ ਸਿਆਸਤ ਵਿੱਚ ਬਣੇ ਵੱਖ-ਵੱਖ “ਚੁੱਲ੍ਹੇ” ਸਮੇਟ ਕੇ ਮੁੜ ਇੱਕ ਮਜ਼ਬੂਤ ਸ਼੍ਰੋਮਣੀ ਅਕਾਲੀ ਦਲ ਖੜ੍ਹਾ ਕੀਤਾ ਜਾਵੇ। ਇਸ ਮਕਸਦ ਲਈ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ, ਪਰ ਸ਼ੁਰੂ ਵਿੱਚ ਹੀ ਦੋ ਮੈਂਬਰਾਂ ਦੇ ਅਸਤੀਫ਼ਿਆਂ ਨਾਲ ਇਹ ਪੰਜ ਮੈਂਬਰੀ ਰਹਿ ਗਈ। ਇਸ ਕਮੇਟੀ ਨੇ ਅੱਗੇ ਚੱਲ ਕੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੀ ਸਥਾਪਨਾ ਕਰ ਦਿੱਤੀ, ਜਿਸ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਬਣੇ ਅਤੇ ਬੀਬੀ ਸਤਵੰਤ ਕੌਰ ਨੂੰ ਪੰਥਕ ਕੌਂਸਲ ਦੀ ਚੇਅਰਪਰਸਨ ਦੀ ਜ਼ਿੰਮੇਵਾਰੀ ਦਿੱਤੀ ਗਈ। ਪਾਰਟੀ ਨੇ ਆਪਣੇ ਆਪ ਨੂੰ ਅਕਾਲੀ ਸਿਆਸਤ ਦੇ ਨਵੇਂ ਵਿਕਲਪ ਵਜੋਂ ਪੇਸ਼ ਕੀਤਾ ਅਤੇ ਇੱਕ ਵਿਜ਼ਨ ਦਸਤਾਵੇਜ਼ ਵੀ ਜਾਰੀ ਕੀਤਾ, ਜਿਸ ਵਿੱਚ ਪਰਿਵਾਰਵਾਦ ਖ਼ਤਮ ਕਰਨ, ਇੱਕ ਆਗੂ-ਇੱਕ ਅਹੁਦਾ ਵਰਗੇ ਵਾਅਦੇ ਕੀਤੇ ਗਏ।
ਪਰ ਜਿਸ ਮਕਸਦ ਲਈ ਚੁੱਲ੍ਹੇ ਸਮੇਟਣ ਦੀ ਗੱਲ ਹੋਈ ਸੀ, ਕੁਝ ਹੀ ਮਹੀਨਿਆਂ ਵਿੱਚ ਉਸੇ ਮੋਰਚੇ ‘ਤੇ ਸਭ ਤੋਂ ਵੱਡਾ ਸੰਕਟ ਖੜ੍ਹਾ ਹੋ ਗਿਆ। ਪਹਿਲਾਂ ਜਗਮੀਤ ਬਰਾੜ, ਚਰਨਜੀਤ ਸਿੰਘ ਬਰਾੜ, ਮੱਖਣ ਬਰਾੜ ਅਤੇ ਸੁਰਜੀਤ ਸਿੰਘ ਰੱਖੜਾ ਵਰਗੇ ਆਗੂ ਪਾਰਟੀ ਤੋਂ ਦੂਰ ਹੋ ਗਏ। ਇਸ ਤੋਂ ਬਾਅਦ ਮਨਪ੍ਰੀਤ ਸਿੰਘ ਇਆਲੀ, ਇਕਬਾਲ ਸਿੰਘ ਝੂੰਦਾ ਅਤੇ ਸੰਤਾ ਸਿੰਘ ਉਮੈਦਪੁਰੀ ਵਰਗੇ ਆਗੂ ਵੀ ਵੱਖਰੇ ਰਸਤੇ ਤੁਰ ਪਏ। ਇਸ ਨਾਲ ਇਹ ਸਵਾਲ ਉੱਠਣਾ ਸੁਭਾਵਿਕ ਸੀ ਕਿ ਜਿਨ੍ਹਾਂ ਉੱਤੇ ਪੰਥਕ ਏਕਤਾ ਦੀ ਜ਼ਿੰਮੇਵਾਰੀ ਸੀ, ਉਹ ਖੁਦ ਇੱਕ ਛੱਤ ਹੇਠ ਕਿਉਂ ਨਾ ਰਹਿ ਸਕੇ।
ਇਸੇ ਪਿਛੋਕੜ ਵਿੱਚ ਬੀਬੀ ਸਤਵੰਤ ਕੌਰ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਚਿੱਠੀ ਲਿਖ ਕੇ ਪਾਰਟੀ ਦੀ ਮੌਜੂਦਾ ਦਿਸ਼ਾ ‘ਤੇ ਗੰਭੀਰ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਲਿਖਿਆ ਕਿ ਪਾਰਟੀ ਆਪਣੇ ਮੂਲ ਮੰਤਵ ਤੋਂ ਥਿੜਕ ਰਹੀ ਹੈ, ਫ਼ੈਸਲੇ ਸਾਂਝੇ ਤੌਰ ‘ਤੇ ਨਹੀਂ ਹੋ ਰਹੇ, ਸੰਗਤ ਦਾ ਭਰੋਸਾ ਘਟ ਰਿਹਾ ਹੈ ਅਤੇ ਜ਼ਮੀਨੀ ਪੱਧਰ ‘ਤੇ ਕਾਰਕੁਨਾਂ ਵਿੱਚ ਨਿਰਾਸ਼ਾ ਵੱਧ ਰਹੀ ਹੈ। ਉਨ੍ਹਾਂ ਇਸ ਗੱਲ ਵੱਲ ਵੀ ਧਿਆਨ ਦਿਵਾਇਆ ਕਿ ਜੇਕਰ ਇਹ ਹਾਲਾਤ ਨਾ ਬਦਲੇ ਤਾਂ ਪਾਰਟੀ ਆਪਣੀ ਭਰੋਸੇਯੋਗਤਾ ਗੁਆ ਬੈਠੇਗੀ।
ਗਿਆਨੀ ਹਰਪ੍ਰੀਤ ਸਿੰਘ ਨੇ ਇਸ ਦੇ ਜਵਾਬ ਵਿੱਚ ਵਿਸਥਾਰ ਨਾਲ ਚਿੱਠੀ ਲਿਖ ਕੇ ਕਈ ਗੁੱਝੇ ਭੇਦ ਖੋਲ੍ਹ ਦਿੱਤੇ। ਉਨ੍ਹਾਂ ਕਿਹਾ ਕਿ ਜਿਹੜੇ ਆਗੂ ਅੱਜ ਪਾਰਟੀ ਛੱਡ ਰਹੇ ਹਨ, ਉਨ੍ਹਾਂ ਦਾ ਮਕਸਦ ਸ਼ੁਰੂ ਤੋਂ ਹੀ ਪੰਥਕ ਏਕਤਾ ਨਹੀਂ, ਸਗੋਂ ਆਪਣੀ ਨਿੱਜੀ ਸਿਆਸੀ ਪਹਿਚਾਣ ਬਣਾਉਣਾ ਸੀ। ਉਨ੍ਹਾਂ ਸਿੱਧਾ ਦੋਸ਼ ਲਗਾਇਆ ਕਿ ਮਨਪ੍ਰੀਤ ਸਿੰਘ ਇਆਲੀ ਨੇ ਭਰਤੀ ਮੁਹਿੰਮ ਦੌਰਾਨ ਹੀ ਆਪਣੇ ਆਪ ਨੂੰ ਪਾਰਟੀ ਦਾ ਮੁੱਖ ਆਗੂ ਬਣਾਉਣ ਦੀ ਕੋਸ਼ਿਸ਼ ਕੀਤੀ। ਗਿਆਨੀ ਹਰਪ੍ਰੀਤ ਸਿੰਘ ਅਨੁਸਾਰ ਉਨ੍ਹਾਂ ‘ਤੇ ਲਗਾਤਾਰ ਦਬਾਅ ਪਾਇਆ ਗਿਆ ਕਿ ਮਨਪ੍ਰੀਤ ਸਿੰਘ ਇਆਲੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਜਾਵੇ ਅਤੇ ਇਕਬਾਲ ਸਿੰਘ ਝੂੰਦਾ ਨੂੰ ਪਾਰਟੀ ਦੀ ਪਾਰਲੀਮੈਂਟਰੀ ਕਮੇਟੀ ਦਾ ਚੇਅਰਮੈਨ ਬਣਾਇਆ ਜਾਵੇ। ਉਨ੍ਹਾਂ ਮੰਨਿਆ ਕਿ ਇੱਕ ਸਮੇਂ ਉਹ ਇਸ ਲਈ ਤਿਆਰ ਵੀ ਹੋ ਗਏ ਸਨ, ਪਰ ਪਾਰਟੀ ਵਿੱਚ ਇਸ ਬਾਰੇ ਸਰਬਸੰਮਤੀ ਨਹੀਂ ਬਣੀ, ਜਿਸ ਤੋਂ ਬਾਅਦ ਮਤਭੇਦ ਹੋਰ ਡੂੰਘੇ ਹੋ ਗਏ।
ਚਿੱਠੀ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਬੀਬੀ ਸਤਵੰਤ ਕੌਰ ਦੀ ਕਾਰਗੁਜ਼ਾਰੀ ‘ਤੇ ਵੀ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਪੰਥਕ ਕੌਂਸਲ ਜਿਸ ਮਕਸਦ ਨਾਲ ਬਣਾਈ ਗਈ ਸੀ, ਉਹ ਆਪਣਾ ਰੋਲ ਨਿਭਾਉਣ ਵਿੱਚ ਸਫ਼ਲ ਨਹੀਂ ਹੋਈ। ਉਨ੍ਹਾਂ ਸਵਾਲ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਗਾਇਬ ਹੋਏ ਸਰੂਪਾਂ, ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੀ ਕਾਰਗੁਜ਼ਾਰੀ, ਸ਼੍ਰੋਮਣੀ ਕਮੇਟੀ ਦੀਆਂ ਕਥਿਤ ਬੇਨਿਯਮੀਆਂ ਅਤੇ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਵਰਗੇ ਅਹਿਮ ਪੰਥਕ ਮੁੱਦਿਆਂ ‘ਤੇ ਪੰਥਕ ਕੌਂਸਲ ਵੱਲੋਂ ਕੋਈ ਠੋਸ ਪਹਿਲ ਕਿਉਂ ਨਹੀਂ ਕੀਤੀ ਗਈ। ਉਨ੍ਹਾਂ ਇਹ ਇਸ਼ਾਰਾ ਵੀ ਕੀਤਾ ਕਿ ਬੀਬੀ ਸਤਵੰਤ ਕੌਰ ਸ਼੍ਰੋਮਣੀ ਕਮੇਟੀ ਦੀ ਮੁਲਾਜ਼ਮ ਹੋਣ ਕਰਕੇ ਸ਼੍ਰੋਮਣੀ ਕਮੇਟੀ ਖ਼ਿਲਾਫ਼ ਖੁੱਲ੍ਹ ਕੇ ਨਹੀਂ ਬੋਲ ਸਕੇ।
ਇਨ੍ਹਾਂ ਚਿੱਠੀਆਂ ਦਾ ਸਭ ਤੋਂ ਵੱਡਾ ਸਿਆਸੀ ਸੁਨੇਹਾ ਇਹ ਹੈ ਕਿ ਅਕਾਲੀ ਏਕਤਾ ਦਾ ਸੁਪਨਾ ਅਜੇ ਵੀ ਅੰਦਰੂਨੀ ਖਿੱਚੋਤਾਣ, ਅਹੁਦਿਆਂ ਦੀ ਦੌੜ ਅਤੇ ਲੀਡਰਸ਼ਿਪ ਦੀ ਲੜਾਈ ਵਿੱਚ ਉਲਝਿਆ ਹੋਇਆ ਦਿਖਾਈ ਦਿੰਦਾ ਹੈ। ਜਿਹੜੇ ਲੋਕ ਦੂਜਿਆਂ ਦੇ “ਚੁੱਲ੍ਹੇ” ਸਮੇਟਣ ਨਿਕਲੇ ਸਨ, ਉਹ ਅੱਜ ਆਪਸ ਵਿੱਚ ਹੀ ਨਵੇਂ ਚੁੱਲ੍ਹੇ ਬਣਾ ਬੈਠੇ ਹਨ। ਚਿੱਠੀਆਂ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਪਾਰਟੀ ਅੰਦਰ ਸਿਰਫ਼ ਵਿਚਾਰਧਾਰਕ ਮਤਭੇਦ ਨਹੀਂ, ਸਗੋਂ ਲੀਡਰਸ਼ਿਪ, ਫ਼ੈਸਲਾ ਲੈਣ ਦੇ ਢੰਗ ਅਤੇ ਸਿਆਸੀ ਇੱਛਾਵਾਂ ਨੂੰ ਲੈ ਕੇ ਵੀ ਡੂੰਘਾ ਟਕਰਾਅ ਮੌਜੂਦ ਹੈ। ਇਹੀ ਕਾਰਨ ਹੈ ਕਿ ਪੰਥਕ ਏਕਤਾ ਦੇ ਨਾਅਰੇ ਨਾਲ ਸ਼ੁਰੂ ਹੋਇਆ ਸਫ਼ਰ ਹੁਣ ਆਪਸੀ ਇਲਜ਼ਾਮਾਂ ਅਤੇ ਖੁੱਲ੍ਹੀਆਂ ਚਿੱਠੀਆਂ ਤੱਕ ਆ ਪਹੁੰਚਿਆ ਹੈ। ਆਉਣ ਵਾਲੇ ਦਿਨਾਂ ਵਿੱਚ ਇਹ ਟਕਰਾਅ ਸਿਰਫ਼ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਭਵਿੱਖ ਨੂੰ ਹੀ ਨਹੀਂ, ਸਗੋਂ ਸਮੁੱਚੀ ਪੰਥਕ ਸਿਆਸਤ ਦੀ ਦਿਸ਼ਾ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ।

