Connect with us

International

ਦੁਨੀਆਂ ਨੇ ਭਾਰਤੀ ਫੋਜੀਆਂ ਨੂੰ ਕਾਂਗੋ ‘ਚ ਲੱਖਾਂ ਲੋਕਾਂ ਦੀ ਜਾਨ ਬਚਾਉਣ ਕਰਕੇ ਕੀਤਾ ਸਲਾਮ

Published

on

indian army 1

ਦੁਨੀਆਂ ਭਰ ਦੇ ਲੋਕ ਭਾਰਤੀ ਫੋਜ ਨੂੰ ਕਾਂਗੋ ‘ਚ ਲੋਕਾਂ ਦੀ ਜਾਨ ਬਚਾਉਣ ਕਰਕੇ ਸਲਾਮ ਕਰ ਰਹੇ ਹਨ। ਸੰਯੁਕਤ ਰਾਸ਼ਟਰ ਦੇ ਨਿਊਯਾਰਕ ਹੈੱਡਕੁਆਰਟਰ ’ਚ ਸ਼ਨੀਵਾਰ ਨੂੰ ਅੰਤਰਰਾਸ਼ਟਰੀ ਸ਼ਾਂਤੀ ਸੈਨਾ ਦਿਵਸ ਮਨਾਇਆ ਗਿਆ। ਇਸ ’ਚ ਫੌਜੀਆਂ ਦੇ ਯੋਗਦਾਨ ਦੇ ਨਾਲ ਭਾਰਤੀ ਫੌਜ ਦੇ ਉਨ੍ਹਾਂ ਜਵਾਨਾਂ ਦਾ ਨਾਂ ਮਾਣ ਨਾਲ ਲਿਆ ਗਿਆ, ਜਿਨ੍ਹਾਂ ਨੇ ਪਿਛਲੇ ਹਫਤੇ ਅਫਰੀਕੀ ਦੇਸ਼ ਕਾਂਗੋ ’ਚ ਫਟੇ ਜਵਾਲਾਮੁਖੀ ਦੇ 1100 ਡਿਗਰੀ ਸੈਲਸੀਅਸ ਤਾਪਮਾਨ ’ਤੇ ਉੱਬਲਦੇ ਲਾਵੇ ’ਚੋਂ ਲੱਖਾਂ ਲੋਕਾਂ ਨੂੰ ਬਚਾਇਆ। ਨਾਲ ਹੀ ਬਾਕੀ ਸ਼ਾਂਤੀ ਸੈਨਿਕਾਂ ਦੀ ਰੱਖਿਆ ਕੀਤੀ। ਫੌਜ ਦੇ ਸੂਤਰਾਂ ਨੇ ਦੱਸਿਆ ਕਿ ਸੰਯੁਕਤ ਰਾਸ਼ਟਰ ਤੋਂ ਅਲਰਟ ਮਿਲਿਆ ਸੀ ਕਿ ਸ਼ਾਂਤੀ ਸੈਨਿਕਾਂ ਨੂੰ ਉਥੋਂ ਕੱਢ ਲਿਆ ਜਾਵੇ ਪਰ ਭਾਰਤੀ ਲੀਡਰਸ਼ਿਪ ਨੇ ਇਕ-ਤਿਹਾਈ ਤੋਂ ਜ਼ਿਆਦਾ ਜਵਾਨਾਂ ਨੂੰ ਉਥੇ ਹੀ ਰੋਕਿਆ ਤਾਂ ਕਿ ਲੋਕਾਂ ਦੀ ਮਦਦ ਕੀਤੀ ਜਾ ਸਕੇ। ਫੌਜ ਨੇ ਇਕ ਘੰਟੇ ਦੇ ਅੰਦਰ ਤਿੰਨ ਵੱਡੇ ਫੈਸਲੇ ਕੀਤੇ, ਜਿਸ ’ਚ ਏਅਰ ਏਸੈਟਸ ਨੂੰ ਸ਼ਿਫਟ ਕਰਨਾ, ਗੋਮਾ ’ਚ ਤਾਇਨਾਤ 2300 ਭਾਰਤੀ ਸੈਨਿਕਾਂ ’ਚੋਂ 70 ਫੀਸਦੀ ਨੂੰ ਹਿੰਬੀ ’ਚ ਕੰਪਨੀ ਆਪ੍ਰੇਟਿੰਗ ਬੇਸ ਭੇਜਣਾ ਤੇ ਬਾਕੀ ਫੌਜੀਆਂ ਨੂੰ ਖਾਲੀ ਕੈਂਪਾਂ ਦੀ ਰੱਖਿਆ, ਐਵੀਏਸ਼ਨ ਬੇਸ ਤੇ ਐਵੀਏਸ਼ਨ ਈਂਧਨ ਦੀ ਦੇਖ-ਰੇਖ ਲਈ ਉਥੇ ਹੀ ਤਾਇਨਾਤ ਕਰਨਾ ਸ਼ਾਮਲ ਸੀ।

ਨਿਗਰਾਨੀ ਪੋਸਟ ਬਣਾਉਣ ਦਾ ਫ਼ੈਸਲਾ ਬਹੁਤ ਹੀ ਸਹੀ ਸਾਬਿਤ ਹੋਇਆ। ਇਸ ਪੋਸਟ ’ਤੇ ਭਾਰਤੀ ਫੌਜ ਨੇ ਬਹੁਤ ਜਲਦ ਹੀ ਇਹ ਪਤਾ ਲਾ ਲਿਆ ਕਿ ਲਾਵਾ ਕਿਸ ਪਾਸੇ ਵਹਿ ਰਿਹਾ ਹੈ। ਗੋਮਾ ਦੀ ਆਬਾਦੀ ਛੇ ਲੱਖ ਹੈ। ਜਵਾਲਾਮੁਖੀ ਫਟਣ ਦੀ ਦਹਿਸ਼ਤ ਫੈਲ ਚੁੱਕੀ ਸੀ। ਲੋਕ ਘਰਾਂ ਨੂੰ ਛੱਡ ਕੇ ਭੱਜ ਰਹੇ ਸਨ। ਅਜਿਹੀ ਹਾਲਤ ’ਚ ਭਾਰਤੀ ਫੌਜ ਨੇ ਉਨ੍ਹਾਂ ਨੂੰ ਸਾਵਧਾਨ ਕੀਤਾ ਕਿ ਲਾਵਾ ਗੁਆਂਢੀ ਦੇਸ਼ ਰਵਾਂਡਾ ਵੱਲ ਵਹਿ ਰਿਹਾ ਹੈ। ਫੌਜ ਨੇ ਲਾਵੇ ਦੇ ਸੰਭਾਵਿਤ ਰਸਤੇ ਦੀ ਪਛਾਣ ਕੀਤੀ ਤੇ ਉਸ ਦੇ ਰਸਤੇ ’ਚੋਂ ਨਾਗਰਿਕਾਂ ਨੂੰ ਹਟਾਉਣ ਦਾ ਆਪ੍ਰੇਸ਼ਨ ਲਾਂਚ ਕੀਤਾ। ਇਥੇ ਸੂਝਬੂਝ ਅਤੇ ਹਿੰਮਤ ਕੰਮ ਆਈ। ਹੁਣ ਕਾਂਗੋ ਦੇ ਸੰਯੁਕਤ ਰਾਸ਼ਟਰ ਸ਼ਾਂਤੀ ਸੈਨਾ ਹੈੱਡਕੁਆਰਟਰ ’ਚ ਆਮ ਸਥਿਤੀ ਬਹਾਲ ਹੋ ਰਹੀ ਹੈ। ਕਾਂਗੋ ’ਚ 14 ਹਜ਼ਾਰ ਸ਼ਾਂਤੀ ਸੈਨਿਕ ਤਾਇਨਾਤ ਹਨ, ਜਿਨ੍ਹਾਂ ’ਚੋਂ ਤਕਰੀਬਨ 20 ਫੀਸਦੀ ਭਾਰਤੀ ਹਨ। ਵਿਸ਼ਵ ਸ਼ਾਂਤੀ ’ਚ ਵੀ ਭਾਰਤ ਦੇ 1.95 ਲੱਖ ਫੌਜੀਆਂ ਨੇ 49 ਮਿਸ਼ਨਾਂ ’ਚ ਹਿੱਸਾ ਲਿਆ। ਇਸ ਨੇ ਸਮੇਂ-ਸਮੇਂ ਉਤੇ ਵਿਸ਼ਵ ’ਚ ਸ਼ਾਂਤੀ ਸਥਾਪਿਤ ਕਰਨ ’ਚ ਆਪਣਾ ਲੋਹਾ ਮੰਨਵਾਇਆ ਹੈ। ਚੀਨ ਦੇ ਫੌਜੀ ਸਾਡੇ ਤੋਂ ਤਿੰਨ ਗੁਣਾ ਘੱਟ ਹਨ। ਭਾਰਤ ਦਾ ਵਿਸ਼ਵ ਸ਼ਾਂਤੀ ’ਚ ਬਹੁਤ ਵੱਡਾ ਯੋਗਦਾਨ ਹੈ।