National
ਜੰਮੂ ‘ਚ ਤਿਰੰਗਾ ਯਾਤਰਾ, ਇਸ ਵਾਰ ਆਜ਼ਾਦੀ ਦਿਵਸ ‘ਤੇ 1800 ਵਿਸ਼ੇਸ਼ ਮਹਿਮਾਨਾਂ ਨੂੰ ਦਿੱਤਾ ਗਿਆ ਸੱਦਾ
13AUGUST 2023: ਭਾਰਤ ਦੇ ਸੁਤੰਤਰਤਾ ਦਿਵਸ ‘ਚ 2 ਦਿਨ ਬਾਕੀ ਹਨ। ਇਸ ਦੌਰਾਨ ਐਤਵਾਰ ਸਵੇਰੇ ਸ੍ਰੀਨਗਰ ਵਿੱਚ ਤਿਰੰਗਾ ਯਾਤਰਾ ਕੱਢੀ ਗਈ। ਜਿਸ ਵਿੱਚ ਐਲ ਜੀ ਮਨੋਜ ਸਿਨਹਾ ਨੇ ਡਲ ਝੀਲ ਵਿਖੇ ਆਯੋਜਿਤ ਸਮਾਗਮ ਵਿੱਚ ਸ਼ਿਰਕਤ ਕੀਤੀ।
ਇਸ ਦੇ ਨਾਲ ਹੀ ਦਿੱਲੀ ਦੇ ਲਾਲ ਕਿਲੇ ‘ਤੇ ਆਜ਼ਾਦੀ ਦਿਵਸ ਤੋਂ ਪਹਿਲਾਂ ਫੁੱਲ ਡਰੈੱਸ ਰਿਹਰਸਲ ਹੋਈ। ਜਿਸ ਵਿੱਚ ਫੌਜ ਦੀਆਂ ਸਾਰੀਆਂ ਯੂਨਿਟਾਂ ਨੇ ਭਾਗ ਲਿਆ। ਮੰਗਲਵਾਰ ਨੂੰ ਆਜ਼ਾਦੀ ਦੀ 77ਵੀਂ ਵਰ੍ਹੇਗੰਢ ਮਨਾਈ ਜਾਵੇਗੀ।
ਇਸ ਵਾਰ ਮੁੱਖ ਸਮਾਗਮ ਵਿੱਚ 1800 ਵਿਸ਼ੇਸ਼ ਮਹਿਮਾਨ ਸ਼ਿਰਕਤ ਕਰਨ ਜਾ ਰਹੇ ਹਨ। ਇਨ੍ਹਾਂ ਵਿੱਚ ਸਰਪੰਚ, ਅਧਿਆਪਕ, ਨਰਸਾਂ, ਕਿਸਾਨ, ਮਛੇਰੇ ਸ਼ਾਮਲ ਹੋਣਗੇ।
ਜੰਮੂ-ਕਸ਼ਮੀਰ ‘ਚ ਸੁਰੱਖਿਆ ਦੇ ਸਖ਼ਤ ਪ੍ਰਬੰਧ
ਫੌਜ ਨੇ ਜੰਮੂ-ਕਸ਼ਮੀਰ ‘ਚ ਵੀ ਸੁਰੱਖਿਆ ਪ੍ਰਬੰਧ ਸਖਤ ਕਰ ਦਿੱਤੇ ਹਨ। ਫੌਜ ਨੇ ਸ਼ਨੀਵਾਰ ਨੂੰ ਪੁੰਛ ਦੇ ਦੇਗਵਾਰ ਸੈਕਟਰ ‘ਚ ਕੰਟਰੋਲ ਰੇਖਾ ‘ਤੇ ਗਸ਼ਤ ਕੀਤੀ। ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਅਨੰਤਨਾਗ ਨੇ ਮਿਉਂਸਪਲ ਕਮੇਟੀ, ਜੰਮੂ-ਕਸ਼ਮੀਰ ਪੁਲਿਸ, ਸਥਾਨਕ ਸਕੂਲਾਂ ਅਤੇ ਸੀਆਰਪੀਐਫ ਦੇ ਨਾਲ ‘ਮੇਰੀ ਮਿੱਟੀ ਮੇਰਾ ਦੇਸ਼’ ਮੁਹਿੰਮ ਦੀ ਸਭ ਤੋਂ ਵੱਡੀ ਰੈਲੀ ਕੱਢੀ।
ਦਿੱਲੀ ਦੀਆਂ 8 ਸੜਕਾਂ ‘ਤੇ ਟ੍ਰੈਫਿਕ ਡਾਇਵਰਟ ਕੀਤਾ ਗਿਆ
ਦਿੱਲੀ ਪੁਲਿਸ ਨੇ ਫੁੱਲ ਡਰੈਸ ਰਿਹਰਸਲ ਲਈ 8 ਰੂਟਾਂ ਲਈ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ। ਇਨ੍ਹਾਂ ਵਿੱਚ ਨੇਤਾਜੀ ਸੁਭਾਸ਼ ਮਾਰਗ, ਲੋਥੀਅਨ ਰੋਡ, ਐਸਪੀ ਮੁਖਰਜੀ ਮਾਰਗ, ਚਾਂਦਨੀ ਚੌਕ ਰੋਡ, ਨਿਸ਼ਾਦ ਰਾਜ ਮਾਰਗ, ਐਸਪਲੈਂਡ ਰੋਡ ਅਤੇ ਲਿੰਕ ਰੋਡ, ਰਾਜਘਾਟ ਤੋਂ ਆਈਐਸਬੀਟੀ ਤੱਕ ਰਿੰਗ ਰੋਡ, ਆਈਪੀ ਫਲਾਈਓਵਰ ਅਤੇ ਆਊਟਰ ਰਿੰਗ ਰੋਡ ਰਾਤ 11 ਵਜੇ ਤੱਕ ਬੰਦ ਰਹੇ। ਫ਼ੌਜ ਅਤੇ ਪੁਲਿਸ ਦੇ ਜਵਾਨਾਂ ਦੀ ਪਰੇਡ ਦੀ ਰਿਹਰਸਲ ਲਈ ਸਵੇਰੇ 4 ਵਜੇ ਤੋਂ ਆਮ ਲੋਕਾਂ ਲਈ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ।