International
ਕੈਨੇਡਾ ‘ਚ ਕਾਰ ਸਵਾਰ 4 ਭਾਰਤੀਆਂ ਨਾਲ ਵਾਪਰੀ ਅਣਹੋਣੀ, ਦਰਦਨਾਕ ਮੰਜ਼ਰ ਦੇਖ ਕੰਬ ਜਾਵੇਗੀ ਰੂਹ!
ਬੇਹੱਦ ਮੰਦਭਾਗੀ ਖ਼ਬਰ ਕੈਨੇਡਾ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਟੋਰਾਂਟੋ ਨੇੜੇ ਇਕ ਟੇਸਲਾ ਕਾਰ ਦੇ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਅੱਗ ਲੱਗਣ ਕਾਰਨ 4 ਨੌਜਵਾਨਾਂ ਦੀ ਮੌਤ ਹੋ ਗਈ ਸੀ। ਇਸ ਹਾਦਸੇ ਦੌਰਾਨ ਮਰਨ ਵਾਲੇ 4 ਨੌਜਵਾਨ ਭਾਰਤੀ ਦੱਸੇ ਜਾ ਰਹੇ ਹਨ। ਇਹ ਵੀ ਪਤਾ ਲੱਗਿਆ ਹੈ ਕਿ ਹਾਦਸੇ ਦਾ ਸ਼ਿਕਾਰ ਹੋਈ ਇਸ ਕਾਰ ਵਿੱਚ ਇੱਕ ਔਰਤ ਵੀ ਸੀ, ਜਿਸ ਨੂੰ ਰਾਹਗੀਰਾਂ ਨੇ ਬਹੁਤ ਮੁਸ਼ਕੱਤ ਨਾਲ ਬਾਹਰ ਕੱਢਿਆ ਅਤੇ ਗੰਭੀਰ ਹਾਲਤ ਵਿਚ ਹਸਪਤਾਲ ਪਹੁੰਚਾਇਆ।
ਇਹ ਭਿਆਨਕ ਹਾਦਸਾ 24 ਅਕਤੂਬਰ ਨੂੰ ਅੱਧੀ ਰਾਤ ਤੋਂ ਬਾਅਦ ਲੇਕ ਸ਼ੋਰ ਬੁਲੇਵਾਰਡ ਈਸਟ ਅਤੇ ਚੈਰੀ ਸਟ੍ਰੀਟ ਖੇਤਰ ਵਿੱਚ ਵਾਪਰਿਆ। ਟੋਰਾਂਟੋ ਪੁਲਸ ਦਾ ਕਹਿਣਾ ਹੈ ਕਿ ਟੇਸਲਾ ਕਾਰ ਦੇ ਡਿਵਾਈਡਰ ਨਾਲ ਟਕਰਾਉਣ ਮਗਰੋਂ ਉਸ ਨੂੰ ਅੱਗ ਲੱਗ ਗਈ, ਜਿਸ ਨਾਲ ਇਸ ਹਾਦਸੇ ਵਿਚ 4 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਇਕ ਔਰਤ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਟੋਰਾਂਟੋ ਪੁਲਸ ਨੇ ਇਸ ਹਾਦਸੇ ਵਿੱਚ ਮਰਨ ਵਾਲੇ ਲੋਕਾਂ ਦੇ ਨਾਮ ਜਾਰੀ ਨਹੀਂ ਕੀਤੇ ਹਨ ਪਰ ਪਤਾ ਲੱਗਾ ਹੈ ਕਿ ਇਹ ਸਾਰੇ ਲੋਕ ਭਾਰਤ ਦੇ ਗੁਜਰਾਤ ਰਾਜ ਨਾਲ ਸਬੰਧਤ ਸਨ।
ਟੋਰਾਂਟੋ ਪੁਲਸ ਦੇ ਡਿਪਟੀ ਇੰਸਪੈਕਟਰ ਫਿਲਿਪ ਸਿੰਕਲੇਅਰ ਦੇ ਅਨੁਸਾਰ ਹਾਦਸੇ ਤੋਂ ਬਾਅਦ ਕਾਰ ਨੂੰ ਅੱਗ ਲੱਗਣ ਦੀ ਸੂਚਨਾ ਮਿਲਣ ‘ਤੇ ਫਾਇਰ ਬ੍ਰਿਗੇਡ ਮੌਕੇ ‘ਤੇ ਪਹੁੰਚੀ ਪਰ ਉਦੋਂ ਤੱਕ ਕਾਰ ਲਗਭਗ ਸੜ ਚੁੱਕੀ ਸੀ ਅਤੇ ਇਸ ‘ਚ ਸਵਾਰ 5 ਵਿਅਕਤੀਆਂ ‘ਚੋਂ ਸਿਰਫ ਇਕ ਔਰਤ ਨੂੰ ਹੀ ਬਚਾਇਆ ਜਾ ਸਕਿਆ। ਹਾਦਸੇ ਵਿੱਚ ਮਰਨ ਵਾਲੇ ਸਾਰੇ ਗੁਜਰਾਤੀ 20-30 ਸਾਲ ਦੇ ਸਨ, ਪਰ ਅਜੇ ਤੱਕ ਉਨ੍ਹਾਂ ਬਾਰੇ ਕੋਈ ਹੋਰ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ।