International
ਵਿਦੇਸ਼ ‘ਚ ਬਠਿੰਡਾ ਦੀ ਰਹਿਣ ਵਾਲੀ ਕੁੜੀ ਨਾਲ ਵਾਪਰੀ ਮੰਦਭਾਗੀ ਘਟਨਾ, ਸਦਮੇ ‘ਚ ਪਰਿਵਾਰ !
ਬਠਿੰਡਾ- ਵਿਦੇਸ਼ ‘ਚ ਇਕ ਹੋਰ ਪੰਜਾਬਣ ਮੁਟਿਆਰ ਨਾਲ ਮੰਦਭਾਗੀ ਘਟਨਾ ਵਾਪਰਨ ਦੀ ਜਾਣਕਾਰੀ ਸਾਹਮਣੇ ਆਈ ਹੈ। ਦਰਅਸਲ ਪੰਜਾਬ ਦੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਸੰਦੋਹਾ ਦੀ ਰਹਿਣ ਵਾਲੀ ਸੰਦੀਪ ਕੌਰ ਬੀਤੀ 15 ਜਨਵਰੀ ਨੂੰ ਕੈਨੇਡਾ ‘ਚ ਭੇਦਭਰੀ ਹਾਲਾਤ ‘ਚ ਲਾਪਤਾ ਹੋ ਗਈ ਸੀ। ਘਟਨਾ ਬਾਰੇ ਪਤਾ ਲਗਦਿਆਂ ਹੀ ਪਰਿਵਾਰ ਸਦਮੇ ‘ਚ ਡੁੱਬਿਆ ਪਿਆ ਹੈ। ਇਸ ਮਾਮਲੇ ’ਚ ਕੈਨੇਡਾ ਪੁਲਿਸ ਲੜਕੀ ਦੀ ਬੀਚ ’ਤੇ ਲਹਿਰਾਂ ਆਉਣ ਨਾਲ ਬੀਚ ’ਚ ਡੁੱਬਣ ਦੀ ਗੱਲ ਕਰ ਰਹੀ ਹੈ ਪਰ ਪਰਿਵਾਰ ਹੁਣ ਆਪਣੀ ਲੜਕੀ ਦੇ ਮਾਮਲੇ ’ਚ ਜਿਥੇ ਉੱਚ ਪੱਧਰੀ ਜਾਂਚ ਕਰਕੇ ਪੂਰੇ ਮਾਮਲੇ ਦੀ ਸੱਚਾਈ ਦੀ ਮੰਗ ਕਰ ਰਿਹਾ ਹੈ। ਉੱਥੇ ਹੀ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਵੀ ਇਸ ਮਾਮਲੇ ’ਚ ਦਖ਼ਲ ਦੇ ਕੇ ਉਨ੍ਹਾਂ ਦੀ ਲੜਕੀ ਦਾ ਪਤਾ ਲਗਾਉਣ ਦੀ ਮੰਗ ਉਠਾ ਰਹੇ ਹਨ।
ਪਤਾ ਲੱਗਿਆ ਹੈ ਕਿ ਇਹ ਲੜਕੀ ਸੰਦੀਪ ਕੌਰ ਨੂੰ ਉਸ ਦੇ ਮਾਪਿਆਂ ਅਤੇ ਨਾਨਕਿਆਂ ਨੇ ਰਲ ਮਿਲ ਕੇ ਆਪਣੀ ਜਮੀਨ ਵੇਚਣ ਤੋਂ ਬਾਅਦ ਉਸ ਦੇ ਵਿਦੇਸ਼ ਜਾਣ ਦੇ ਅਰਮਾਨ ਪੂਰੇ ਕਰਨ ਅਤੇ ਘਰ ਦੀ ਗਰੀਬੀ ਦੂਰ ਕਰਨ ਲਈ ਕੈਨੇਡਾ ਭੇਜਿਆ ਸੀ। ਭਾਵੇਂ ਕਿ ਉੱਥੇ ਹੁਣ ਉਹ ਆਪਣੀ ਪੜ੍ਹਾਈ ਪੂਰੀ ਕਰ ਚੁੱਕੀ ਸੀ ਅਤੇ ਹੁਣ ਉਹ ਰੁਜ਼ਗਾਰ ਦੀ ਭਾਲ ਵਿੱਚ ਸੀ। ਪਰਿਵਾਰਿਕ ਮੈਂਬਰਾਂ ਮੁਤਾਬਕ ਪਰਿਵਾਰ ਨਾਲ ਉਸਦੀ ਅਕਸਰ ਗੱਲਬਾਤ ਹੁੰਦੀ ਰਹਿੰਦੀ ਸੀ ਅਤੇ ਉਹ ਪਰਿਵਾਰ ਨੂੰ ਉਹਨਾਂ ਦੀ ਗਰੀਬੀ ਦੂਰ ਕਰਨ ਦਾ ਭਰੋਸਾ ਦਿੰਦੀ ਸੀ ਅਤੇ ਮਿਹਨਤ ਕਰਕੇ ਪੈਸੇ ਕਮਾ ਕੇ ਉਹਨਾਂ ਦਾ ਕਰਜ਼ਾ ਵੀ ਚੁਕਾਉਣ ਦਾ ਵਾਅਦਾ ਕਰਦੀ ਸੀ।
ਜਾਣਕਾਰੀ ਮੁਤਾਬਕ 15 ਜਨਵਰੀ ਤੋਂ ਲੜਕੀ ਦਾ ਫੋਨ ਬੰਦ ਆਉਣ ਤੋਂ ਬਾਅਦ ਜਦੋਂ ਲੜਕੀ ਬਾਰੇ ਪਰਿਵਾਰਿਕ ਮੈਂਬਰਾਂ ਨੇ ਪਤਾ ਕੀਤਾ ਤਾਂ ਉਥੋਂ ਪੁਲਿਸ ਨੇ ਇਹ ਜਾਣਕਾਰੀ ਦਿੱਤੀ ਕਿ ਲੜਕੀ ਬੀਚ ਤੇ ਆਪਣੇ ਦੋਸਤ ਨਾਲ ਫੋਟੋਆਂ ਖਿਚਾ ਰਹੀ ਸੀ ਤਾਂ ਸਮੁੰਦਰ ਦੀਆਂ ਲਹਿਰਾਂ ਆਉਣ ਕਾਰਨ ਉਹ ਸਮੁੰਦਰ ਵਿੱਚ ਰੁੜ੍ਹ ਗਈ।ਪਰਿਵਾਰਿਕ ਮੈਂਬਰਾਂ ਇਸ ਮਾਮਲੇ ‘ਤੇ ਸਵਾਲ ਚੁੱਕ ਰਹੇ ਹਨ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਲੜਕੀ ਦੀ ਇਸ ਘਟਨਾ ਦੀ ਗਹਿਰਾਈ ਨਾਲ ਜਾਂਚ ਕੀਤੀ ਜਾਵੇ।
ਦੂਜੇ ਪਾਸੇ ਲੜਕੀ ਦੇ ਭਰਾ ਨੇ ਦੱਸਿਆ ਕਿ ਉਸਨੇ ਕਰੀਬ ਤਿੰਨ ਮਹੀਨੇ ਪਹਿਲਾਂ ਆਪਣੇ ਸਾਰੇ ਸੋਸ਼ਲ ਅਕਾਊਂਟ ਵੀ ਬੰਦ ਕਰ ਦਿੱਤੇ ਸਨ ਤੇ ਪਰਿਵਾਰ ਨਾਲ ਵੀ ਬਹੁਤ ਘੱਟ ਗੱਲ ਕਰਦੀ ਸੀ ਤੇ ਉਸ ਦੀ ਉਸਦੇ ਮਾਮੇ ਨਾਲ ਇੱਕ ਜਨਵਰੀ ਨੂੰ ਗੱਲ ਹੋਈ ਸੀ ਅਤੇ ਉਸ ਸਮੇਂ ਵੀ ਉਹ ਕਾਫ਼ੀ ਨਰਵਸ ਲੱਗ ਰਹੀ ਸੀ ਤੇ ਕੰਮ ਨਾ ਮਿਲਣ ਦੀ ਚਿੰਤਾ ਜਰੂਰ ਪ੍ਰਗਟ ਕਰ ਰਹੀ ਸੀ। ਪਰਿਵਾਰਿਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਹੁਣ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਇਸ ਮਾਮਲੇ ਵਿੱਚ ਦਖਲ ਦੇ ਕੇ ਲੜਕੀ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ।