National
ਉੱਪ ਰਾਸ਼ਟਰਪਤੀ ਜਗਦੀਪ ਧਨਖੜ ਦੀ ਵਿਗੜੀ ਸਿਹਤ

ਉੱਪ ਰਾਸ਼ਟਰਪਤੀ ਜਗਦੀਪ ਧਨਖੜ ਦੀ ਸਿਹਤ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਪਤਾ ਲੱਗਿਆ ਹੈ ਕਿ ਜਗਦੀਪ ਧਨਖੜ ਦੀ ਸਿਹਤ ਅਚਾਨਕ ਖਰਾਬ ਹੋ ਗਈ ਜਿਸ ਮਗਰੋਂ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਮਿਲੀ ਜਾਣਕਾਰੀ ਮੁਤਾਬਕ ਉੱਪ ਰਾਸ਼ਟਰਪਤੀ ਜਗਦੀਪ ਧਨਖੜ ਨੂੰ ਬੇਚੈਨੀ ਅਤੇ ਛਾਤੀ ‘ਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਸ਼ਨੀਵਾਰ ਦੇਰ ਰਾਤ ਇੱਥੇ ਅਖਿਲ ਭਾਰਤੀ ਆਯੂਰਵਿਗਿਆਨ ਸੰਸਥਾ (ਏਮਜ਼) ‘ਚ ਦਾਖ਼ਲ ਕਰਵਾਇਆ ਗਿਆ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਧਨਖੜ (73) ਨੂੰ ਦੇਰ ਰਾਤ ਕਰੀਬ 2 ਵਜੇ ਹਸਪਤਾਲ ਲਿਆਂਦਾ ਗਿਆ।
ਉੱਪ ਰਾਸ਼ਟਰਪਤੀ ਨੂੰ ਏਮਜ਼ ਦੇ ਕਾਰਡੀਓਲਾਜੀ ਵਿਭਾਗ ਦੇ ਮੁਖੀ ਡਾ. ਰਾਜੀਵ ਨਾਰੰਗ ਦੀ ਨਿਗਰਾਨੀ ‘ਚ ‘ਕ੍ਰਿਟੀਕਲ ਕੇਅਰ ਯੂਨਿਟ’ (ਸੀਸੀਯੂ) ‘ਚ ਦਾਖ਼ਲ ਕਰਵਾਇਆ ਗਿਆ। ਇਸ ਸੰਬੰਧ ‘ਚ ਇਕ ਸੂਤਰ ਨੇ ਦੱਸਿਆ ਕਿ ਉਨ੍ਹਾਂ ਦੀ ਹਾਲਤ ਸਥਿਰ ਹੈ ਅਤੇ ਉਨ੍ਹਾਂ ਨੂੰ ਨਿਗਰਾਨੀ ‘ਚ ਰੱਖਿਆ ਗਿਆ ਹੈ। ਡਾਕਟਰਾਂ ਦਾ ਇਕ ਸਮੂਹ ਉਨ੍ਹਾਂ ਦੀ ਸਥਿਤੀ ‘ਤੇ ਨਜ਼ਰ ਰੱਖ ਰਿਹਾ ਹੈ। ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਢਾ ਧਨਖੜ ਦਾ ਹਾਲ ਜਾਣਨ ਏਮਜ਼ ਪਹੁੰਚੇ।