National
ਵਿਨੇਸ਼ ਫੋਗਾਟ ਨੂੰ ਚਾਂਦੀ ਦਾ ਤਗਮਾ ਮਿਲੇਗਾ ਜਾਂ ਨਹੀਂ ?

VINESH PHOGAT : ਮੰਗਲਵਾਰ ਭਾਰਤ ਲਈ ਵੱਡਾ ਦਿਨ ਹੈ। ਇਸ ਦਿਨ ਦੇਸ਼ ਦੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੂੰ ਓਲੰਪਿਕ ਤਮਗਾ ਮਿਲੇਗਾ ਜਾਂ ਨਹੀਂ ਇਸ ਬਾਰੇ ਫੈਸਲਾ ਲਿਆ ਜਾ ਸਕਦਾ ਹੈ। ਵਿਨੇਸ਼ ਨੂੰ ਪੈਰਿਸ ਓਲੰਪਿਕ-2024 ‘ਚ 50 ਕਿਲੋਗ੍ਰਾਮ ਭਾਰ ਵਰਗ ‘ਚ ਜ਼ਿਆਦਾ ਭਾਰ ਹੋਣ ਕਾਰਨ ਅਯੋਗ ਕਰਾਰ ਦਿੱਤਾ ਗਿਆ ਸੀ। ਭਾਰਤੀ ਖਿਡਾਰਨ ਨੇ ਇਸ ਦੇ ਖਿਲਾਫ ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟਸ ‘ਚ ਅਪੀਲ ਕੀਤੀ ਸੀ। ਲੰਬੇ ਇੰਤਜ਼ਾਰ ਤੋਂ ਬਾਅਦ CAS ਵਿਨੇਸ਼ ਦੇ ਮਾਮਲੇ ‘ਤੇ ਆਪਣਾ ਫੈਸਲਾ ਦੇ ਸਕਦੀ ਹੈ।
ਵਿਨੇਸ਼ ਓਲੰਪਿਕ ਦੇ ਫਾਈਨਲ ਵਿੱਚ ਥਾਂ ਬਣਾਉਣ ਵਾਲੀ ਭਾਰਤ ਦੀ ਪਹਿਲੀ ਮਹਿਲਾ ਪਹਿਲਵਾਨ ਬਣ ਗਈ ਹੈ। ਫਾਈਨਲ ‘ਚ ਪਹੁੰਚ ਕੇ ਦੇਸ਼ ਲਈ ਘੱਟੋ-ਘੱਟ ਚਾਂਦੀ ਦਾ ਤਗਮਾ ਯਕੀਨੀ ਹੋ ਗਿਆ। ਹਾਲਾਂਕਿ ਪੂਰਾ ਦੇਸ਼ ਉਸ ਸਮੇਂ ਹੈਰਾਨ ਰਹਿ ਗਿਆ ਜਦੋਂ ਵਿਨੇਸ਼ ਦਾ ਵਜ਼ਨ ਨਿਰਧਾਰਤ ਸੀਮਾ ਤੋਂ 100 ਗ੍ਰਾਮ ਵੱਧ ਸੀ। ਹਾਲਾਂਕਿ ਵਿਨੇਸ਼ ਦਾ ਭਾਰ ਦੋ ਕਿੱਲੋ ਜ਼ਿਆਦਾ ਸੀ ਪਰ ਸਾਰੀ ਰਾਤ ਮਿਹਨਤ ਕਰਨ ਤੋਂ ਬਾਅਦ ਵਿਨੇਸ਼ ਨੇ ਭਾਰ ਘਟਾਇਆ ਸੀ। ਫਿਰ ਵੀ ਉਹ 100 ਗ੍ਰਾਮ ਤੋਂ ਖੁੰਝ ਗਈ।
ਅਯੋਗ ਕਰਾਰ ਹੋਣ ਤੋਂ ਬਾਅਦ ਵਿਨੇਸ਼ ਫੋਗਾਟ ਨੇ ਕੁਸ਼ਤੀ ਨੂੰ ਅਲਵਿਦਾ ਕਹਿ ਦਿੱਤਾ ਸੀ । 8 ਅਗਸਤ ਨੂੰ ਵਿਨੇਸ਼ ਨੇ ਟਵੀਟ ਕਰ ਲਿਖਿਆ-‘ਮਾਂ, ਕੁਸ਼ਤੀ ਮੇਰੇ ਤੋਂ ਜਿੱਤ ਗਈ, ਮੈਂ ਹਾਰ ਗਈ, ਮਾਫ ਕਰਨਾ, ਤੇਰਾ ਸੁਪਨਾ, ਮੇਰਾ ਹੌਂਸਲਾ, ਸਭ ਕੁਝ ਟੁੱਟ ਗਿਆ, ਮੇਰੇ ਕੋਲ ਇਸ ਤੋਂ ਜ਼ਿਆਦਾ ਤਾਕਤ ਨਹੀਂ ਹੈ ,ਅਲਵਿਦਾ ਕੁਸ਼ਤੀ 2001-2024, ਮੈਂ ਤੁਹਾਡੇ ਸਾਰਿਆਂ ਦੀ ਹਮੇਸ਼ਾ ਰਿਣੀ ਰਹਾਂਗੀ, ਮੁਆਫ ਕਰਨਾ।’
ਹੁਣ ਦੇਖਣਾ ਇਹ ਹੈ ਕਿ ਸੀਏਐਸ ਵਿਨੇਸ਼ ਦੇ ਹੱਕ ਵਿੱਚ ਫੈਸਲਾ ਦਿੰਦੀ ਹੈ ਜਾਂ ਉਸਦੇ ਖਿਲਾਫ।