Punjab
ਬਲਕੌਰ ਸਿੰਘ ਦੀ ਲੋਕਾਂ ਤੇ ਕਲਾਕਾਰਾਂ ਨੂੰ ਅਪੀਲ
ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਚੱਲ ਰਹੀ ਤਕਰਾਰ ਦੇ ਵਿਚਕਾਰ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਲੋਕਾਂ ਅਤੇ ਕਲਾਕਾਰਾਂ ਨੂੰ ਖ਼ਾਸ ਅਪੀਲ ਕੀਤੀ ਹੈ।
ਬਲਕੌਰ ਸਿੰਘ ਨੇ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਸਿੱਧੂ ਮੂਸੇਵਾਲਾ ਦਾ ਨਾਂ ਬੇਵਜ੍ਹਾ ਵਿਵਾਦਾਂ ਵਿੱਚ ਨਾ ਘਸੀਟਿਆ ਜਾਵੇ। ਉਨ੍ਹਾਂ ਕਿਹਾ ਕਿ ਹਾਲੀਆ ਘਟਨਾਕ੍ਰਮ ਉਨ੍ਹਾਂ ਦੇ ਧਿਆਨ ਵਿੱਚ ਹੈ ਅਤੇ ਸਿੱਧੂ ਦੇ ਨਾਂ ਨੂੰ ਆਪਸੀ ਮਤਭੇਦਾਂ ਜਾਂ ਵਿਵਾਦਾਂ ਦਾ ਹਿੱਸਾ ਨਹੀਂ ਬਣਾਇਆ ਜਾਣਾ ਚਾਹੀਦਾ।
ਦਰਅਸਲ, ਰੈਪਰ ਸਿਕੰਦਰ ਕਾਹਲੋਂ ਅਤੇ ਸੰਨੀ ਮਾਲਟਨ ਵਿਚਕਾਰ ਚੱਲ ਰਹੀ ਤਕਰਾਰ ਤੋਂ ਬਾਅਦ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਇਹ ਮਾਮਲਾ ਮੁੜ ਚਰਚਾ ਵਿੱਚ ਆ ਗਿਆ ਹੈ। ਸੋਸ਼ਲ ਮੀਡੀਆ ’ਤੇ ਦੋਵਾਂ ਕਲਾਕਾਰਾਂ ਵਿਚਕਾਰ ਹੋਈ ਬਿਆਨਬਾਜ਼ੀ ਅਤੇ ਸਿੱਧੂ ਮੂਸੇਵਾਲਾ ਦੇ ਹੋਲੋਗ੍ਰਾਮ ਸ਼ੋਅ ਨੂੰ ਲੈ ਕੇ ਉੱਠੇ ਵਿਵਾਦ ਨੇ ਮਾਮਲੇ ਨੂੰ ਹੋਰ ਚਰਚਾ ਵਿੱਚ ਲਿਆ ਦਿੱਤਾ ਹੈ।
ਇਸ ਦੌਰਾਨ ਬਲਕੌਰ ਸਿੰਘ ਨੇ ਸਪੱਸ਼ਟ ਕੀਤਾ ਕਿ ਸਿੱਧੂ ਮੂਸੇਵਾਲਾ ਦਾ ਨਾਂ ਸਿਰਫ਼ ਵਿਵਾਦਾਂ ਲਈ ਨਹੀਂ ਬਣਿਆ। ਸਿੱਧੂ ਅੱਜ ਵੀ ਆਪਣੇ ਲੱਖਾਂ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਵੱਸਦਾ ਹੈ ਅਤੇ ਉਸ ਦੀ ਵਿਰਾਸਤ ਨੂੰ ਸਤਿਕਾਰ ਨਾਲ ਸੰਭਾਲਣਾ ਹਰ ਕਿਸੇ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਦੀ ਇਸ ਅਪੀਲ ਦਾ ਮੁੱਖ ਮਕਸਦ ਸਿੱਧੂ ਮੂਸੇਵਾਲਾ ਦੇ ਨਾਂ ਅਤੇ ਉਸ ਦੀ ਵਿਰਾਸਤ ਨੂੰ ਨਿੱਜੀ ਤਕਰਾਰਾਂ ਤੋਂ ਦੂਰ ਰੱਖਣਾ ਹੈ।
