National
ਗੌਤਮ ਗੰਭੀਰ ਨੂੰ ਧਮਕੀ ਦੇਣ ਵਾਲਾ ਗ੍ਰਿਫ਼ਤਾਰ

ਭਾਰਤੀ ਟੀਮ ਦੇ ਕੋਚ ਅਤੇ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਮਾਮਲੇ ਵਿੱਚ ਦਿੱਲੀ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ , ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ‘ਤੇ ਗੌਤਮ ਗੰਭੀਰ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲਾ ਈਮੇਲ ਭੇਜਣ ਦਾ ਦੋਸ਼ ਹੈ। ਪੁਲਿਸ ਦੀ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋਸ਼ੀ ਨੌਜਵਾਨ ਇੰਜੀਨੀਅਰਿੰਗ ਦਾ ਵਿਦਿਆਰਥੀ ਹੈ। ਪੁਲਿਸ ਨੇ ਦੋਸ਼ੀ ਦੀ ਪਛਾਣ ਜਿਗਨੇਸ਼ ਸਿੰਘ ਪਰਮਾਰ ਵਜੋਂ ਕੀਤੀ ਹੈ। ਦੋਸ਼ੀ ਵਿਅਕਤੀ ਗੁਜਰਾਤ ਦਾ ਰਹਿਣ ਵਾਲਾ ਹੈ।
ਪੁਲਿਸ ਅਧਿਕਾਰੀਆਂ ਅਨੁਸਾਰ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਮਾਨਸਿਕ ਤੌਰ ‘ਤੇ ਬਿਮਾਰ ਸੀ। ਪੁਲਿਸ ਦੋਸ਼ੀ ਦੇ ਮੈਡੀਕਲ ਇਤਿਹਾਸ ਦੀ ਵੀ ਜਾਂਚ ਕਰ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਗੰਭੀਰ ਨੂੰ ਭੇਜੀ ਗਈ ਧਮਕੀ ਭਰੀ ਮੇਲ ਸੁਰੱਖਿਆ ਏਜੰਸੀਆਂ ਲਈ ਚਿੰਤਾ ਦਾ ਵਿਸ਼ਾ ਬਣ ਗਈ ਸੀ। ਗੌਤਮ ਗੰਭੀਰ ਦੇ ਰਾਜਨੀਤਿਕ ਕੱਦ ਅਤੇ ਉਨ੍ਹਾਂ ਨੂੰ ਪਹਿਲਾਂ ਮਿਲੀਆਂ ਸੁਰੱਖਿਆ ਧਮਕੀਆਂ ਨੂੰ ਦੇਖਦੇ ਹੋਏ, ਪੁਲਿਸ ਨੇ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲਿਆ।
ਤੁਹਾਨੂੰ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਗੌਤਮ ਗੰਭੀਰ ਨੂੰ ‘ISIS ਕਸ਼ਮੀਰ’ ਨਾਮ ਦੇ ਇੱਕ ਮੇਲ ਆਈਡੀ ਤੋਂ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ। ਜਿਸ ਤੋਂ ਬਾਅਦ ਸਾਬਕਾ ਭਾਰਤੀ ਕ੍ਰਿਕਟਰ ਨੇ ਇਸ ਮਾਮਲੇ ਸਬੰਧੀ ਰਾਜਿੰਦਰ ਨਗਰ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਇਸ ਹੈਰਾਨ ਕਰਨ ਵਾਲੀ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ, ਇੱਕ ਪੁਲਿਸ ਟੀਮ ਨੇ ਜਾਂਚ ਸ਼ੁਰੂ ਕਰ ਦਿੱਤੀ।