Connect with us

Pakistan

ਪਾਕਿ ਦੀਆਂ ਮੁਸ਼ਕਲਾਂ ਖਤਮ ਨਹੀਂ ਹੋਈਆਂ; ਆਰਥਿਕ ਸੰਕਟ ਤੇ ਅੰਦਰੂਨੀ ਬਗਾਵਤ ਦਾ ਵੀ ਕਰਨਾ ਪੈ ਰਿਹਾ ਹੈ ਸਾਹਮਣਾ

Published

on

ਭਾਰਤ ਅਤੇ ਪਾਕਿ ਵਿਚਾਲੇ ਚਾਰ ਦਿਨ ਚੱਲੀ ਜੰਗ ਨੇ ਪਾਕਿਸਤਾਨ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਜੰਗਬੰਦੀ ਦੇ ਐਲਾਨ ਨਾਲ ਭਾਵੇਂ ਹਾਲ ਦੀ ਘੜੀ ਪਾਕਿਸਤਾਨ ਨੇ ਸੁਖ ਦਾ ਸਾਹ ਲਿਆ ਹੈ ਪਰ ਉਸਦੀਆਂ ਮੁਸੀਬਤਾਂ ਹਾਲੇ ਵੀ ਖਤਮ ਨਹੀਂ ਹੋਈਆਂ। ਵਿਆਜ਼ ‘ਤੇ ਕਰਜ਼ਾ ਚੁੱਕ ਕੇ ਹਥਿਆਰ ਖਰੀਦਣ ਨਾਲ ਪਾਕਿਸਤਾਨ ਗਹਿਰੇ ਆਰਥਿਕ ਸੰਕਟ ਵਿੱਚ ਫਸ ਗਿਆ ਹੈ। ਭਾਰਤ ਦੇ ਮੁਕਾਬਲੇ ਪਾਕਿਸਤਾਨ ਪਹਿਲਾਂ ਹੀ ਬਹੁਤ ਕਮਜ਼ੋਰ ਸਥਿਤੀ ਵਿੱਚ ਸੀ ਅਤੇ ਆਰਥਿਕ ਮੰਦਹਾਲੀ ਦਾ ਸ਼ਿਕਾਰ ਸੀ ਲੇਕਿਨ ਹੁਣ ਚਾਰ ਦਿਨ ਦੀ ਜੰਗ ਨੇ ਪਾਕਿਸਤਾਨ ਨੂੰ ਇੰਨਾ ਹੇਠਾਂ ਸੁੱਟ ਦਿੱਤਾ ਹੈ। ਹੁਣ ਉਹ ਕਈ ਸਾਲ ਤੱਕ ਉੱਠ ਨਹੀਂ ਸਕਦਾ। ਇਸ ਲੜਾਈ ਦੌਰਾਨ ਜਿੱਥੇ ਪਾਕਿਸਤਾਨ ਵਿਚਲੇ 9 ਅੱਤਵਾਦੀ ਠਿਕਾਣੇ ਤਬਾਹ ਹੋਏ ਹਨ ਉੱਥੇ 100 ਤੋਂ ਵੱਧ ਅੱਤਵਾਦੀਆਂ ਨੂੰ ਭਾਰਤੀ ਸੈਨਾਵਾਂ ਨੇ ਮਾਰ ਮੁਕਾਇਆ ਹੈ। ਇਸਦੇ ਨਾਲ ਹੀ ਪਾਕਿਸਤਾਨ ਫੌਜ ਦੇ 40ਤੋਂ ਵੱਧ ਜਵਾਨ ਮਾਰੇ ਗਏ ਹਨ ਅਤੇ ਭਾਰਤੀ ਹਵਾਈ ਸੈਨਾ ਨੇ ਉਸਦੇ 11 ਹਵਾਈ ਅੱਡਿਆਂ ਨੂੰ ਤਬਾਹ ਕਰ ਦਿੱਤਾ ਹੈ। ਇਸ ਤੋਂ ਇਲਾਵਾ ਪਾਕਿਸਤਾਨ ਦੀਆਂ ਕਈ ਹੋਰ ਸੰਪਤੀਆਂ ਦਾ ਵੀ ਨੁਕਸਾਨ ਹੋਇਆ ਹੈ।

ਪਹਿਲਾਂ ਹੀ ਗ਼ਰੀਬੀ ਰੇਖਾ ਤੋਂ ਹੇਠਾਂ ਚੱਲ ਰਹੇ ਪਾਕਿਸਤਾਨ ਨੂੰ ਇਸ ਜੰਗ ਨੇ ਕੰਗਾਲੀ ਦੀ ਕਗਾਰ ‘ਤੇ ਲਿਆ ਖੜਾ ਕੀਤਾ ਹੈ। ਇਕੱਲਾ ਅਰਥਿਕ ਸੰਕਟ ਹੀ ਪਾਕਿਸਤਾਨ ਲਈ ਮੁਸੀਬਤ ਨਹੀਂ ਬਣਿਆ ਸਗੋਂ ਉਸ ਨੂੰ ਅੰਦਰੂਨੀ ਬਗਾਵਤ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ 24 ਘੰਟਿਆਂ ਵਿੱਚ ਬਲੂਚ ਬਾਗੀਆਂ ਨੇ ਪਾਕਿਸਤਾਨੀ ਸੈਨਾ ਦੇ 60 ਠਿਕਾਣਿਆਂ ਉੱਪਰ ਹਮਲੇ ਕਰਕੇ ਵੱਡਾ ਜਾਨੀ ਤੇ ਮਾਲੀ ਨੁਕਸਾਨ ਕੀਤਾ ਹੈ। ਇਸਦੇ ਨਾਲ ਹੀ ਬਲੂਚ ਬਾਗੀਆਂ ਨੇ ਆਈ.ਐੱਸ.ਆਈ ਦੇ ਠਿਕਾਣਿਆਂ ਨੂੰ ਵੀ ਨਿਸ਼ਾਨਾਂ ਬਣਾਇਆ ਹੈ।

ਪਾਕਿਸਤਾਨ ਦੇ ਬਲੂਚਿਸਤਾਨ ਪ੍ਰਾਂਤ ਦੇ ਬਾਗ਼ੀ ਵੱਖਰੇ ਬਲੂਚਿਸਤਾਨ ਦੇਸ਼ ਦੀ ਮੰਗ ਕਰਦੇ ਹਨ। ਬਲੂਚ ਬਾਗੀਆਂ ਨੇ ਇਹ ਵੀ ਕਿਹਾ ਹੈ ਕਿ ਜੇਕਰ ਭਾਰਤ ਉਨ੍ਹਾਂ ਦਾ ਸਾਥ ਦੇਵੇ ਤਾਂ ਉਹ ਪਾਕਿਸਤਾਨ ਵਿਚਲੇ ਅੱਤਵਾਦ ਦੀ ਕਮਰ ਤੋੜ ਸਕਦੇ ਹਨ।

ਜ਼ਿਕਰਯੋਗ ਹੈ ਕਿ ਪਾਕਿਸਤਾਨ ਦੀ ਸਰਪ੍ਰਸਤੀ ਹੇਠ ਅਨੇਕਾਂ ਅੱਤਵਾਦੀ ਸੰਗਠਨ ਆਤੰਕ ਫੈਲਾਉਣ ਦਾ ਕੰਮ ਕਰਦੇ ਰਹੇ ਹਨ ਪਰ ਲਸ਼ਕਰ- ਏ -ਤਾਇਬਾ, ਜੈਸ਼- ਏ- ਮੁਹੰਮਦ ਅਤੇ ਹਿਜ਼ਬੁਲ ਮੁਜਾਹਦੀਨ ਤਿੰਨ ਵੱਡੇ ਅੱਤਵਾਦੀ ਸੰਗਠਨ ਹਨ ਜਿਨ੍ਹਾਂ ਦੇ ਅੱਡੇ ਪਾਕਿ ਵਿਚਲੇ ਪੰਜਾਬ ਵਿੱਚ ਹਨ ਤੇ ਇਹ ਭਾਰਤ ਵਿੱਚ ਦਾਖਲ ਹੋ ਕੇ ਨਿਰਦੋਸ਼ ਲੋਕਾਂ ਨੂੰ ਮਾਰਨ ਦੀਆਂ ਅੱਤਵਾਦੀ ਕਾਰਵਾਈਆਂ ਕਰਦੇ ਰਹੇ ਹਨ। ਇਨ੍ਹਾਂ ਅੱਤਵਾਦੀ ਸੰਗਠਨਾਂ ਦਾ ਭਾਰਤ ਨੇ ਲੱਕ ਤੋੜ ਕੇ ਰੱਖ ਦਿੱਤਾ ਹੈ। ਹੁਣ ਪਾਕਿਸਤਾਨ ਜਿਸ ਹਾਲਤ ਵਿੱਚ ਹੈ ਉਸਨੂੰ ਅੱਤਵਾਦੀਆਂ ਦਾ ਸਾਥ ਛੱਡ ਕੇ ਭਾਰਤ ਨਾਲ ਸੁਖਾਵੇਂ ਸਬੰਧ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਜੋ ਉਹ ਨਵੀਆਂ ਮੁਸੀਬਤਾਂ ਵਿੱਚ ਨਾ ਫਸ ਕੇ ਆਪਣੀਆਂ ਅੰਦਰੂਨੀ ਸਮੱਸਿਆਵਾਂ ਨੂੰ ਹੱਲ ਕਰਨ ਵੱਲ ਧਿਆਨ ਦੇ ਸਕੇ। ਆਸ ਕਰਦੇ ਹਾਂ ਕਿ ਪਾਕਿਸਤਾਨ ਨੇ ਚਾਰ ਦਿਨ ਦੀ ਲੜਾਈ ਤੋਂ ਸਬਕ ਸਿੱਖ ਲਿਆ ਹੋਵੇਗਾ ਤੇ ਹੁਣ ਉਹ ਭਾਰਤ ਨਾਲ ਉਲਝਣ ਦੀ ਜੁਅਰਤ ਨਹੀਂ ਕਰੇਗਾ।

ਕੁਲਵੰਤ ਸਿੰਘ ਗੱਗੜਪੁਰੀ