National
ਪਿਤਾ ਸਮੇਤ ਚਾਰ ਅਪਾਹਜ ਧੀਆਂ ਨੇ ਦਿੱਤੀ ਆਪਣੀ ਜਾਨ

ਦਿੱਲੀ ਦੇ ਵਸੰਤ ਕੁੰਜ ਦੇ ਪਿੰਡ ਰੰਗਪੁਰੀ ਵਿੱਚ ਇੱਕੋ ਪਰਿਵਾਰ ਦੇ ਪੰਜ ਲੋਕਾਂ ਨੇ ਖੁਦਕੁਸ਼ੀ ਕਰ ਲਈ ਹੈ । ਇਹ ਖਬਰ ਪੂਰੇ ਇਲਾਕੇ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਗਈ ਹੈ । ਦਿੱਲੀ ਪੁਲਿਸ ਨੇ ਦੱਸਿਆ ਕਿ ਇੱਕ ਵਿਅਕਤੀ ਅਤੇ ਉਸ ਦੀਆਂ ਚਾਰ ਧੀਆਂ ਨੇ ਜ਼ਹਿਰੀਲਾ ਪਦਾਰਥ ਖਾ ਕੇ ਆਪਣੀ ਜਾਨ ਦੇ ਦਿੱਤੀ ਹੈ । ਸ਼ੁੱਕਰਵਾਰ ਸਵੇਰੇ 10:18 ਵਜੇ ਗੁਆਂਢੀਆਂ ਤੋਂ ਸੂਚਨਾ ਮਿਲਣ ਤੋਂ ਬਾਅਦ ਪੁਲਸ ਘਰ ਪਹੁੰਚੀ ਅਤੇ ਫਲੈਟ ਦਾ ਤਾਲਾ ਤੋੜ ਕੇ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ ।
ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਖੁਦਕੁਸ਼ੀ ਕਰਨ ਵਾਲੀਆਂ ਚਾਰੋਂ ਬੇਟੀਆਂ ਅਪਾਹਜ ਸਨ। ਸ਼ੁੱਕਰਵਾਰ ਸਵੇਰੇ ਕਰੀਬ 10.15 ਵਜੇ ਪੁਲਸ ਨੇ ਕਿਰਾਏ ਦੇ ਮਕਾਨ ‘ਚੋਂ ਸਾਰਿਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ ।
ਪੁਲਿਸ ਨੇ ਦਿੱਤੀ ਜਾਣਕਾਰੀ..
ਦਿੱਲੀ ਪੁਲਿਸ ਮੁਤਾਬਕ ਪਿਤਾ ਤਰਖਾਣ ਦਾ ਕੰਮ ਕਰਦਾ ਸੀ। ਉਸ ਦੀ ਪਛਾਣ ਹੀਰਾਲਾਲ ਵਜੋਂ ਹੋਈ ਹੈ। ਉਸ ਦੀ ਪਤਨੀ ਦੀ ਇੱਕ ਸਾਲ ਪਹਿਲਾਂ ਮੌਤ ਹੋ ਗਈ ਸੀ। ਉਹ ਕੈਂਸਰ ਤੋਂ ਪੀੜਤ ਸਨ। ਉਸ ਦੀਆਂ ਚਾਰੋਂ ਧੀਆਂ ਅਪਾਹਜ ਸਨ ਅਤੇ ਚੱਲ ਵੀ ਨਹੀਂ ਸਕਦੀਆਂ ਸਨ। ਪਤਨੀ ਦੀ ਮੌਤ ਤੋਂ ਬਾਅਦ ਹੀਰਾਲਾਲ ਚਿੰਤਤ ਰਹਿੰਦਾ ਸੀ।
ਪੁਲਿਸ ਨੂੰ ਮੌਕੇ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। ਇੱਕ ਸੀਸੀਟੀਵੀ ਫੁਟੇਜ ਵਿੱਚ ਵਿਅਕਤੀ 24 ਸਤੰਬਰ ਨੂੰ ਘਰ ਵਿੱਚ ਦਾਖਲ ਹੁੰਦਾ ਦਿਖਾਈ ਦੇ ਰਿਹਾ ਹੈ, ਜਿਸ ਤੋਂ ਬਾਅਦ ਘਰ ਦਾ ਦਰਵਾਜ਼ਾ ਬੰਦ ਸੀ। ਪੁਲਿਸ ਨੂੰ ਮੌਕੇ ਤੋਂ ਜ਼ਹਿਰੀਲੇ ਪਦਾਰਥ ਦੀਆਂ ਬੋਤਲਾਂ ਬਰਾਮਦ ਹੋਈਆਂ ਹਨ। ਪੁਲਿਸ ਮੁਤਾਬਕ ਇਹ ਘਰ ਪਿਛਲੇ ਕਈ ਦਿਨਾਂ ਤੋਂ ਬੰਦ ਸੀ।
ਬਦਬੂ ਆਉਣ ‘ਤੇ ਗੁਆਂਢੀਆਂ ਨੇ ਪੁਲਸ ਨੂੰ ਸੂਚਨਾ ਦਿੱਤੀ
ਗੁਆਂਢੀਆਂ ਨੇ ਪਹਿਲਾਂ ਸਮਝਿਆ ਕਿ ਇਹ ਲੋਕ ਪਿੰਡ ਗਏ ਹੋਏ ਹਨ, ਪਰ ਜਦੋਂ ਘਰੋਂ ਬਦਬੂ ਆਈ ਤਾਂ ਉਨ੍ਹਾਂ ਨੂੰ ਸ਼ੱਕ ਹੋਇਆ। ਗੁਆਂਢੀਆਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਦਰਵਾਜ਼ਾ ਤੋੜ ਕੇ ਅੰਦਰ ਦਾਖ਼ਲ ਹੋ ਗਈ। ਇੱਥੇ ਚਾਰ ਧੀਆਂ ਅਤੇ ਪਿਤਾ ਦੀਆਂ ਲਾਸ਼ਾਂ ਮਿਲੀਆਂ ਹਨ। ਖੁਦਕੁਸ਼ੀ ਦੇ ਕਾਰਨਾਂ ਦਾ ਖੁਲਾਸਾ ਨਹੀਂ ਹੋਇਆ ਹੈ।