Uncategorized
ਹਰਪਾਲ ਚੀਮਾ ਤੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਿਚਕਾਰ ਤਿੱਖੀ ਨੋਕ-ਝੋਕ
ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਅੱਜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਿਚਕਾਰ ਤਿੱਖੀ ਨੋਕ-ਝੋਕ ਦੇਖਣ ਨੂੰ ਮਿਲੀ। ਔਰਤਾਂ ਬਾਰੇ ਕੀਤੀ ਗਈ ਕਥਿਤ ਟਿੱਪਣੀ ਨੂੰ ਲੈ ਕੇ ਸਦਨ ਵਿੱਚ ਹੰਗਾਮਾ ਹੋ ਗਿਆ, ਜਿਸ ਤੋਂ ਬਾਅਦ ਵਿੱਤ ਮੰਤਰੀ ਨੇ ਖਹਿਰਾ ‘ਤੇ ਨਿੱਜੀ ਹਮਲੇ ਕਰਦਿਆਂ ਉਨ੍ਹਾਂ ਦੇ ਵਤੀਰੇ ਦੀ ਸਖ਼ਤ ਨਿੰਦਾ ਕੀਤੀ।
ਬਹਿਸ ਦੌਰਾਨ ਹਰਪਾਲ ਚੀਮਾ ਨੇ ਸੁਖਪਾਲ ਖਹਿਰਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ “ਇਹ ਵਿਅਕਤੀ ਸਾਡੀਆਂ ਮਾਵਾਂ-ਭੈਣਾਂ ਪ੍ਰਤੀ ਅਜਿਹਾ ਵਤੀਰਾ ਰੱਖਦਾ ਹੈ ਕਿ ਉਨ੍ਹਾਂ ਦੀ ਕੁੱਖ ਤੱਕ ਜਾਣ ਦੀ ਗੱਲ ਕਰਦਾ ਹੈ। ਅਜਿਹੇ ਬੰਦਿਆਂ ਦੀ ਬਦਮਾਸ਼ੀ ਕਿਵੇਂ ਕੱਢਣੀ ਹੈ, ਸਾਨੂੰ ਚੰਗੀ ਤਰ੍ਹਾਂ ਆਉਂਦਾ ਹੈ।” ਚੀਮਾ ਨੇ ਅੱਗੇ ਕਿਹਾ ਕਿ ਇਹ ਉਹ ਲੋਕ ਹਨ ਜੋ ਚਾਂਦੀ ਦੇ ਚਮਚੇ ਲੈ ਕੇ ਪੈਦਾ ਹੋਏ ਹਨ ਅਤੇ ਲਗਜ਼ਰੀ ਗੱਡੀਆਂ ਵਿੱਚ ਬੈਠ ਕੇ ਆਮ ਲੋਕਾਂ ਅਤੇ ਔਰਤਾਂ ਦੀਆਂ ਭਾਵਨਾਵਾਂ ਨੂੰ ਨਹੀਂ ਸਮਝ ਸਕਦੇ।
ਜ਼ਿਕਰਯੋਗ ਹੈ ਕਿ ਪਿਛਲੇ ਦਿਨ ਤੋਂ ਸੁਖਪਾਲ ਖਹਿਰਾ ਵੱਲੋਂ ਸੋਸ਼ਲ ਮੀਡੀਆ ‘ਤੇ ਪਾਈ ਗਈ ਇੱਕ ਪੋਸਟ ਨੂੰ ਲੈ ਕੇ ‘ਆਮ ਆਦਮੀ ਪਾਰਟੀ’ ਅਤੇ ਮਹਿਲਾ ਕਮਿਸ਼ਨ ਕਾਫੀ ਹਮਲਾਵਰ ਹਨ। ਅੱਜ ਸਦਨ ਵਿੱਚ ਵੀ ਇਸੇ ਮੁੱਦੇ ‘ਤੇ ਸਰਕਾਰੀ ਪੱਖ ਨੇ ਖਹਿਰਾ ਨੂੰ ਘੇਰਨ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਮਾਹੌਲ ਕਾਫੀ ਤਣਾਅਪੂਰਨ ਰਿਹਾ।
