Connect with us

Punjab

ਪੰਜਾਬ ਦੇ 11 ਲੱਖ ਅਮੀਰ ਲੋਕ ਗ਼ਰੀਬ ਬਣਕੇ ਗਰੀਬਾਂ ਦੀ 5500 ਟਨ ਕਣਕ ਹਰ ਮਹੀਨੇ ਖਾਂਦੇ ਰਹੇ !

Published

on

ਪੰਜਾਬ ਦੇ 11 ਲੱਖ ਅਮੀਰ ਲੋਕ ਗ਼ਰੀਬ ਬਣਕੇ ਗਰੀਬਾਂ ਦੀ 5500 ਟਨ ਕਣਕ ਹਰ ਮਹੀਨੇ ਖਾਂਦੇ ਰਹੇ ਹਨ।ਇਹ ਗੱਲ ਉਦੋਂ ਸਾਹਮਣੇ ਆਈ ਜਦੋਂ ਕੇਂਦਰ ਸਰਕਾਰ ਨੇ ਕੌਮੀ ਖ਼ੁਰਾਕ ਸੁਰੱਖਿਆ ਐਕਟ ਅਧੀਨ ਪੰਜਾਬ ਦੇ ਗਿਆਰਾਂ ਲੱਖ ਅਜਿਹੇ ਲੋਕਾਂ ਨੂੰ ਸ਼ੱਕੀ ਪਾਇਆ ਹੈ ਜੋ ਅਸਲ ਵਿੱਚ ਗਰੀਬ ਨਹੀਂ ਹਨ ਪਰ ਗ਼ਰੀਬ ਬਣਕੇ ਆਟਾ ਦਾਲ ਸਕੀਮ ਵਰਗੀਆਂ ਉਨ੍ਹਾਂ ਸਕੀਮਾਂ ਦਾ ਲਾਭ ਲੈਂਦੇ ਰਹੇ ਜਿਹੜੀਆਂ ਗਰੀਬੀ ਰੇਖਾ ਤੋਂ ਹੇਠਾਂ ਜੀਵਨ ਬਤੀਤ ਕਰ ਰਹੇ ਲੋਕਾਂ ਨੂੰ ਮਿਲਦੀਆਂ ਹਨ। ਪੰਜਾਬ ਦੇ 11 ਲੱਖ ਅਜਿਹੇ ਲਾਭ ਪਾਤਰੀਆਂ ਨੂੰ ਸ਼ੱਕੀ ਦੱਸਿਆ ਹੈ ਜਿਹੜੇ ਗਰੀਬ ਨਹੀਂ ਸਗੋਂ ਸਰਦੇ ਪੁੱਜਦੇ ਹਨ, ਆਮਦਨ ਕਰ ਭਰਦੇ ਹਨ, ਜ਼ਮੀਨਾਂ ਜਾਇਦਾਦਾਂ ਦੇ ਮਾਲਕ ਹਨ ਚਾਰ ਪਹੀਆ ਵਾਹਨਾਂ ਦੇ ਮਾਲਕ ਹਨ ਅਤੇ ਕੰਪਨੀਆਂ ਦੇ ਡਾਇਰੈਕਟਰ ਹਨ। ਇੱਕ ਜੀਅ ਨੂੰ 5 ਕਿੱਲੋ ਕਣਕ ਹਰ ਮਹੀਨੇ ਮਿਲਦੀ ਹੈ ਅਤੇ ਜੇਕਰ 11 ਲੱਖ ਨੂੰ 5 ਕਿੱਲੋ ਨਾਲ ਗੁਣਾਂ ਕਰੀਏ ਤਾਂ 5500 ਟਨ ਕਣਕ ਹਰ ਮਹੀਨੇ ਬਣਦੀ ਹੈ।ਕੇਂਦਰੀ ਖ਼ੁਰਾਕ ਜਨਤਕ ਵੰਡ ਮੰਤਰਾਲੇ ਨੇ ਇਨ੍ਹਾਂ ਲੋਕਾਂ ਨੂੰ ਸ਼ੱਕੀ ਕਰਾਰ ਦਿੰਦਿਆਂ ਪੰਜਾਬ ਸਰਕਾਰ ਨੂੰ 30 ਸਤੰਬਰ ਤੱਕ ਇਨ੍ਹਾਂ ਸ਼ੱਕੀ ਲੋਕਾਂ ਦੀ ਪੁਸ਼ਟੀ ਕਰਕੇ ਇਨ੍ਹਾਂ ਦੇ ਨਾਮ ਲਾਭਪਾਤਰੀਆਂ ਦੀ ਸੂਚੀ ਵਿੱਚੋਂ ਕੱਟਣ ਲਈ ਕਿਹਾ ਹੈ। ਇਸ ਪਿੱਛੋਂ ਪੰਜਾਬ ਸਰਕਾਰ ਨੇ ਸ਼ੱਕੀ ਕਾਰਡ ਹੋਲਡਰਾਂ ਦੀ ਪੜਤਾਲ ਕਰਨ ਦਾ ਫੈਸਲਾ ਕੀਤਾ ਹੈ। ਪੰਜਾਬ ਸਰਕਾਰ ਨੇ ਇਸ ਕੰਮ ਲਈ ਛੇ ਮਹੀਨੇ ਦਾ ਸਮਾਂ ਮੰਗਿਆ ਹੈ ਕਿਉੰਕਿ ਅਕੁਤਬਰ ਵਿੱਚ ਝੋਨੇ ਦੀ ਖਰੀਦ ਸ਼ੁਰੂ ਹੋ ਜਾਵੇਗੀ ਅਤੇ ਸਟਾਫ ਉੱਧਰ ਵਿਅਸਤ ਹੋ ਜਾਵੇਗਾ। ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਇਹ ਵੀ ਪੱਤਰ ਲਿਖਿਆ ਹੈ ਕਿ ਰਾਸ਼ਨ ਕਾਰਡਾਂ ਦਾ ਪੰਜਾਬ ਨਾਲ ਸਬੰਧਤ ਪੂਰਾ ਡਾਟਾ ਸਾਂਝਾ ਕੀਤਾ ਜਾਵੇ।

ਇਸ ਤੋਂ ਪਹਿਲਾਂ ਵੀ ਪੰਜਾਬ ਸਰਕਾਰ 32,473 ਕਾਰਡ ਹੋਲਡਰਾਂ ਦੇ ਨਾਮ ਹਟਾ ਚੁੱਕੀ ਹੈ। ਗਰੀਬੀ ਰੇਖਾ ਤੋਂ ਹੇਠਾਂ ਜੀਵਨ ਬਤੀਤ ਕਰਦੇ ਲੋਕਾਂ ਲਈ ਮੁਫ਼ਤ ਰਾਸ਼ਨ ਦਿੱਤਾ ਜਾਣਾ ਤਾਂ ਗ਼ਲਤ ਨਹੀਂ ਕਿਹਾ ਜਾ ਸਕਦਾ ਪਰ ਪਿਛਲੇ ਸਮੇਂ ਦੌਰਾਨ ਵੇਖਣ ਵਿੱਚ ਆਇਆ ਹੈ ਕਿ ਕਣਕ ਦੇ ਡਿਪੂਆਂ ਉੱਪਰ ਮੁਫ਼ਤ ਦੀ ਕਣਕ ਲੈਣ ਲਈ ਲੋਕ ਲਗਜ਼ਰੀ ਗੱਡੀਆਂ ਲੈ ਕੇ ਆਉਂਦੇ ਰਹੇ ਹਨ। ਪਿੰਡਾਂ ਵਿੱਚ ਅਜਿਹੇ ਲੋਕਾਂ ਵੱਲੋਂ ਆਪਣੇ ਅਸਰ ਰਸੂਖ ਨਾਲ ਮੁਫਤ ਰਾਸ਼ਨ ਲੈਣ ਵਾਲੇ ਕਾਰਡ ਬਣਵਾ ਲਏ ਜਾਂਦੇ ਹਨ। ਜਿਹੜੀ ਪਾਰਟੀ ਦੀ ਸਰਕਾਰ ਹੁੰਦੀ ਹੈ ਉਹਦੇ ਵਿਧਾਇਕ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰ ਦਿੰਦੇ ਹਨ ਕਿ ਉਨ੍ਹਾਂ ਦੇ ਲੀਡਰਾਂ ਦੇ ਕਹਿਣ ‘ਤੇ ਜਿਸਦਾ ਚਾਹੁਣ ਕਾਰਡ ਬਣਾ ਦਿੱਤਾ ਜਾਵੇ। ਇੱਥੇ ਹੈਰਾਨੀਜਨਕ ਤੱਥ ਇਹ ਵੀ ਹੈ ਕਿ ਪਿੰਡਾਂ ਵਿੱਚ 45 -45 ਸਾਲ ਦੇ ਲੋਕਾਂ ਦੀ ਬੁਢਾਪਾ ਪੈਨਸ਼ਨ ਲਗਵਾਈ ਹੋਈ ਹੈ। ਇਹ ਸਭ ਵੋਟਾਂ ਪੱਕੀਆਂ ਕਰਨ ਲਈ ਕੀਤਾ ਜਾਂਦਾ ਹੈ ਪਰ ਦੂਜੇ ਪਾਸੇ ਜਿਹੜੇ ਬੰਦੇ ਦੀ ਵੋਟ ਵਿਰੋਧੀ ਨੂੰ ਪਈ ਹੁੰਦੀ ਹੈ ਉਨ੍ਹਾਂ ਦੀ ਪੈਨਸ਼ਨ ਸਹੀ ਉਮਰ ਹੋਣ ‘ਤੇ ਵੀ ਨਹੀਂ ਲਗਾਈ ਜਾਂਦੀ। ਜੇਕਰ ਇਮਾਨਦਾਰੀ ਨਾਲ ਪੜਤਾਲ ਕੀਤੀ ਜਾਵੇ ਤਾਂ ਇਨ੍ਹਾਂ ਅਮੀਰ ਲੋਕਾਂ ਦੀ ਗਿਣਤੀ ਗਿਆਰਾਂ ਲੱਖ ਤੋਂ ਕਿਤੇ ਵੱਧ ਹੋਵੇਗੀ ਜਿਹੜੇ ਗਰੀਬਾਂ ਦਾ ਆਟਾ ਖਾ ਰਹੇ ਹਨ।

ਪੰਜਾਬ ਅਣਖੀ ਅਤੇ ਦਾਨੀ ਲੋਕਾਂ ਦਾ ਸੂਬਾ ਸੀ ਪਰ ਸਿਆਸਤਦਾਨਾਂ ਦੀਆਂ ਲੋਕ ਲੁਭਾਊ ਸਬਸੀਡੀਆਂ ਨੇ ਇਨ੍ਹਾਂ ਦਾਨੀਆਂ ਨੂੰ ਭਿਖਾਰੀ ਬਣਾ ਕੇ ਰੱਖ ਦਿੱਤਾ ਹੈ। ਅਸੀਂ ਭੁੱਖਿਆਂ ਲਈ ਲੰਗਰ ਲਗਾਉਣ ਵਾਲੇ ਲੋਕ ਹਾਂ ਪਰ ਅਫਸੋਸ ਕਿ ਸਿਆਸਤਦਾਨਾਂ ਨੇ ਸਾਡੀ ਫ਼ਿਤਰਤ ਬਦਲ ਦਿੱਤੀ ਹੈ। ਆਓ ਪੰਜਾਬੀਓ ਆਪਣੀ ਦਾਨੀ ਫ਼ਿਤਰਤ ਨੂੰ ਮੁੜ ਜਗਾਈਏ ਅਤੇ ਸਿਆਸਤਦਾਨਾਂ ਦੀਆਂ ਚਾਲਾਂ ਵਿੱਚ ਆ ਕੇ ਭਿਖਾਰੀ ਨਾ ਬਣੀਏ। ਜੇਕਰ ਤੁਸੀਂ ਸਮਰੱਥ ਹੋ ਲੇਕਿਨ ਗਰੀਬਾਂ ਨੂੰ ਮਿਲਣ ਵਾਲੀ ਕਣਕ ਲੈ ਰਹੇ ਹੋ ਤਾਂ ਤੁਰੰਤ ਬੰਦ ਕਰ ਦਿਓ ਅਤੇ ਆਪਣੇ ਹੱਥ ਵੰਡਣ ਲਈ ਅੱਗੇ ਵਧਾਓ ਭੀਖ ਲੈਣ ਲਈ ਨਹੀਂ।

ਕੁਲਵੰਤ ਸਿੰਘ ਗੱਗੜਪੁਰੀ