National
ਵਿਆਹ ਸਮਾਗਮ ਦੌਰਾਨ ਇੱਕੋ ਪਰਿਵਾਰ ਦੇ 6 ਲੋਕਾਂ ਦੀ ਮੌਤ

BIHAR : ਦਰਭੰਗਾ ਜ਼ਿਲੇ ‘ਚ ਬੀਤੇ ਦਿਨ ਇਕ ਦਰਦਨਾਕ ਹਾਦਸਾ ਵਾਪਰ ਗਿਆ ਹੈ| ਜਿੱਥੇ ਇਕ ਵਿਆਹ ਸਮਾਰੋਹ ਦੌਰਾਨ ਚੱਲੀ ਆਤਿਸ਼ਬਾਜ਼ੀ ਕਾਰਨ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਇਕ ਹੀ ਪਰਿਵਾਰ ਦੇ 6 ਲੋਕਾਂ ਅਤੇ ਤਿੰਨ ਪਸ਼ੂਆਂ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ‘ਚ ਹੜਕੰਪ ਮੱਚ ਗਿਆ। ਇਸ ਨਾਲ ਵਿਆਹ ਦੀਆਂ ਖੁਸ਼ੀਆਂ ਮਾਤਮ ਵਿੱਚ ਬਦਲ ਗਈਆਂ।
ਜਾਣਕਰੀ ਮੁਤਾਬਿਕ ਇਹ ਘਟਨਾ ਜ਼ਿਲ੍ਹੇ ਦੇ ਅਲੀਨਗਰ ਬਲਾਕ ਦੇ ਬਹੇਰਾ ਥਾਣਾ ਅਧੀਨ ਪੈਂਦੇ ਪਿੰਡ ਅੰਤੋਰ ਦੀ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਦਰਭੰਗਾ ਜ਼ਿਲੇ ਦੇ ਅਲੀਨਗਰ ਬਲਾਕ ਦੇ ਬਹੇਰਾ ਥਾਣਾ ਖੇਤਰ ਦੇ ਅੰਟੋਰ ਪਿੰਡ ‘ਚ ਬੀਤੀ ਰਾਤ ਛਗਨ ਪਾਸਵਾਨ ਦੀ ਬੇਟੀ ਦਾ ਵਿਆਹ ਸੀ। ਰਾਮਚੰਦਰ ਪਾਸਵਾਨ ਦੇ ਰਿਹਾਇਸ਼ੀ ਕੰਪਲੈਕਸ ਵਿੱਚ ਵਿਆਹ ਦੇ ਮਹਿਮਾਨਾਂ ਦੇ ਠਹਿਰਣ ਅਤੇ ਖਾਣੇ ਦਾ ਪ੍ਰਬੰਧ ਕੀਤਾ ਗਿਆ ਸੀ। ਵਿਆਹ ਦੇ ਮਹਿਮਾਨਾਂ ਨੇ ਉੱਥੇ ਆਤਿਸ਼ਬਾਜ਼ੀ ਕੀਤੀ, ਜਿਸ ਕਾਰਨ ਟੈਂਟ ਨੂੰ ਅੱਗ ਲੱਗ ਗਈ। ਅੱਗ ਲੱਗਣ ਕਾਰਨ ਉੱਥੇ ਰੱਖਿਆ ਐਲਪੀਜੀ ਦਾ ਇੱਕ ਸਿਲੰਡਰ ਫਟ ਗਿਆ। ਅੱਗ ‘ਚ ਉਸ ਦੇ ਪਰਿਵਾਰ ਦੇ ਛੇ ਜੀਆਂ ਦੀ ਮੌਤ ਹੋ ਗਈ।
ਪੁਲਸ ਸੁਪਰਡੈਂਟ ਜਗੁਨਾਥ ਰੈੱਡੀ ਨੇ ਦੱਸਿਆ ਕਿ ਰਾਤ ਕਰੀਬ 11.15 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਸਟੇਸ਼ਨ ਇੰਚਾਰਜ ਅਤੇ ਫਾਇਰ ਅਫਸਰ ਨੂੰ ਭੇਜਿਆ ਗਿਆ। ਕਾਫੀ ਸਮੇਂ ਬਾਅਦ ਅੱਗ ‘ਤੇ ਕਾਬੂ ਪਾਇਆ। ਉਨ੍ਹਾਂ ਨੇ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਦਰਭੰਗਾ ਮੈਡੀਕਲ ਕਾਲਜ ਹਸਪਤਾਲ ਭੇਜ ਦਿੱਤਾ ਗਿਆ ਹੈ।