Connect with us

India

ਜੰਗਲਾਤ ਮੰਤਰੀ ਵੱਲੋਂ ਸੜਕੀ ਪ੍ਰਾਜੈਕਟਾਂ ਸਬੰਧੀ ਕਾਰਜਾਂ ‘ਚ ਤੇਜੀ ਲਿਆਉਣ ਦੇ ਆਦੇਸ਼

Published

on

ਚੰਡੀਗੜ, 11 ਜੂਨ : ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਸੂਬੇ ਅੰਦਰ ਚਲ ਰਹੇ ਸੜਕੀ ਪ੍ਰਾਜੈਕਟਾਂ ਸਬੰਧੀ ਕਾਰਜਾਂ ‘ਚ ਤੇਜੀ ਲਿਆਉਣ ਅਤੇ ਕਾਰਜ ਨਿਰਧਾਰਤ ਸਮੇਂ-ਸੀਮਾ ਅੰਦਰ ਮੁਕੰਮਲ ਕਰਨ ਦੇ ਆਦੇਸ਼ ਦਿੱਤੇ ਹਨ। ਉਹਨਾਂ ਇਹ ਪ੍ਰਗਟਾਵਾ ਅੱਜ ਇੱਥੇ ਸਕੱਤਰੇਤ ਵਿਖੇ ਜੰਗਲਾਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਕੌਮੀ ਸ਼ਾਹਰਾਹ ਅਥਾਰਟੀ ਅਤੇ ਲੋਕ ਨਿਰਮਾਣ ਵਿਭਾਗ ਦੇ ਪ੍ਰਾਜੈਕਟਾਂ ਸਬੰਧੀ ਕੀਤੀ ਰੀਵਿਊ ਮੀਟਿੰਗ ਦੌਰਾਨ ਕੀਤਾ।

ਧਰਮਸੋਤ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਰੁੱਖਾਂ ਨੂੰ ਛੇਤੀ ਕੱਟਣ ਦੀ ਜ਼ਰੂਰਤ ਵਾਲੇ ਪ੍ਰਾਜੈਕਟਾਂ ਦੇ ਮਾਮਲੇ ‘ਚ ਰੁੱਖਾਂ ਕਟਾਈ ਅਤੇ ਵੇਚਣ ਸਬੰਧੀ ਵੱਖਰੀ ਤਜਵੀਜ ਤਿਆਰ ਕਰਨ ਲਈ ਵੀ ਕਿਹਾ। ਉਹਨਾਂ ਨੇ ਅਧਿਕਾਰੀਆਂ ਨੂੰ ਵੱਖ-ਵੱਖ ਪ੍ਰਾਜੈਕਟਾਂ ਤਹਿਤ ਕੱਟੇ ਜਾਣ ਵਾਲੇ ਰੁੱਖਾਂ ਨੂੰ ਵੇਚਣ ਅਤੇ ਰੁੱਖਾਂ ਦੀ ਰਾਖਵੀਂ ਕੀਮਤ ਨਿਰਧਾਰਤ ਕਰਨ ਸਬੰਧੀ ਹਰਿਆਣਾ, ਹਿਮਾਚਲ, ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਜੰਮੂ ਕਸ਼ਮੀਰ ਦੀਆਂ ਕੀਮਤਾਂ ਦੇ ਅੰਕੜੇ ਇਕੱਤਰ ਕਰਨ ਦੇ ਆਦੇਸ਼ ਵੀ ਦਿੱਤੇ।

ਧਰਮਸੋਤ ਨੇ ਦੱਸਿਆ ਕਿ ਪੰਜਾਬ ‘ਚ ਕੌਮੀ ਸ਼ਾਹਰਾਹ ਅਥਾਰਟੀ ਦੇ ਪੰਜ ਸੜਕੀ ਪ੍ਰਾਜੈਕਟ ਪ੍ਰਗਤੀ ਅਧੀਨ ਹਨ, ਜਿਹਨਾਂ ਵਿੱਚ ਅੰਮ੍ਰਿਤਸਰ ਤੋਂ ਖੇਮਕਰਨ, ਰਾਮਸਰ ਤੋਂ ਡੇਰਾ ਬਾਬਾ ਨਾਨਕ, ਡੇਰਾ ਬਾਬਾ ਨਾਨਕ ਤੋਂ ਭਾਰਤ-ਪਾਕਿਸਤਾਨ ਸਰਹੱਦੀ ਕਾਰੀਡੋਰ, ਤਲਵੰਡੀ ਭਾਈ ਤੋਂ ਫਿਰੋਜਪੁਰ ਅਤੇ ਲੁਧਿਆਣਾ-ਤਲਵੰਡੀ ਮਾਰਗ ਆਦਿ ਸ਼ਾਮਲ ਹਨ। ਉਹਨਾਂ ਦੱਸਿਆ ਕਿ ਇਹਨਾਂ ਪ੍ਰਾਜੈਕਟਾਂ ਅਧੀਨ ਕੁੱਲ 23, 682 ਵਿੱਚੋਂ 20,038 ਰੁੱਖਾਂ ਦੀ ਕਟਾਈ ਹੋ ਚੁੱਕੀ ਹੈ ਜਦਕਿ ਬਾਕੀ 3,644 ਰੁੱਖਾਂ ਦੀ ਕਟਾਈ ਵੀ ਜਲਦ ਮੁਕੰਮਲ ਹੋ ਜਾਵੇਗੀ।

ਜੰਗਲਾਤ ਮੰਤਰੀ ਨੇ ਅੱਗੇ ਦੱਸਿਆ ਕਿ ਸੂਬੇ ‘ਚ ਲੋਕ ਨਿਰਮਾਣ ਵਿਭਾਗ ਦੇ ਅੱਠ ਸੜਕੀ ਪ੍ਰਾਜੈਕਟ ਪ੍ਰਗਤੀ ਅਧੀਨ ਹਨ, ਜਿਹਨਾਂ ਵਿੱਚ ਪੱਟੀ ਤੋਂ ਖੇਮਕਰਨ, ਪੱਟੀ ਤੋਂ ਤਰਨ ਤਾਰਨ, ਬਾਘਾ ਪੁਰਾਣਾ ਤੋਂ ਮੁਦਕੀ ਜਵਾਹਰ ਸਿੰਘ ਵਾਲਾ, ਮੋਗਾ ਤੋਂ ਮੱਖੂ ਮਾਰਗ, ਅਬੋਹਰ ਤੋਂ ਡੱਬਵਾਲੀ, ਹਰੀਕੇ ਤੋਂ ਖਹਿਰਾ, ਭਾਮਿਆਲ ਤੋਂ ਜਾਮਿਆਲ ਅਤੇ ਲੁਧਿਆਣਾ-ਫਿਰੋਜਪੁਰ ਮਾਰਗ ਆਦਿ ਪ੍ਰਗਤੀ ਅਧੀਨ ਹਨ। ਉਹਨਾਂ ਦੱਸਿਆ ਕਿ ਇਹਨਾਂ ਮਾਰਗਾਂ ਤਹਿਤ 21,244 ਵਿੱਚੋਂ 18,993 ਰੁੱਖਾਂ ਦੀ ਕਟਾਈ ਹੋ ਚੁੱਕੀ ਹੈ ਜਦਕਿ ਬਾਕੀ 4,675 ਰੁੱਖਾਂ ਦੀ ਕਟਾਈ ਵੀ ਛੇਤੀ ਹੀ ਹੋ ਜਾਵੇਗੀ।