Punjab
ਗੁਰੂ ਗਰੰਥ ਸਾਹਿਬ ਦੇ ਸਰੂਪ ਚੋਰੀ ਹੋਣ ਤੇ ਬੇਅਦਬੀ ਮਾਮਲੇ ‘ਚ 7 ਡੇਰਾ ਪ੍ਰੇਮੀ ਕੀਤੇ ਗਿਰਫ਼ਤਾਰ
- ਡੀਆਈਜੀ ਰਣਬੀਰ ਸਿੰਘ ਖਟੜਾ ਨੇ ਕੀਤੀ ਪੁਸ਼ਟੀ
- ਰਿਮਾਂਡ ਤੋਂ ਬਾਅਦ ਖੁਲਣਗੀਆਂ ਹੋਰ ਪਰਤਾਂ
ਫਰੀਦਕੋਟ, 04 ਜੁਲਾਈ: ਫਰੀਦਕੋਟ ਤੋਂ ਐਸਆਈਟੀ ਨੇ 7 ਡੇਰਾ ਪ੍ਰੇਮੀ ਗਿਰਫ਼ਤਾਰ ਕੀਤੇ ਗਏ ਹਨ। ਇਸਦੀ ਪੁਸ਼ਟੀ ਡੀਆਈਜੀ ਰਣਬੀਰ ਸਿੰਘ ਖਟੜਾ ਨੇ ਕੀਤੀ ਹੈ। ਐਸਆਈਟੀ ਵਲੋਂ 7 ਡੇਰਾ ਪ੍ਰੇਮੀ ਦੀ ਪਹਿਚਾਣ ਕੀਤੀ ਗਈ ਸੀ। ਉਮੀਦ ਹੈ ਕਿ ਰਿਮਾਂਡ ਤੋਂ ਬਾਅਦ ਹੋਰ ਪਰਤਾਂ ਖੁਲਣਗੀਆਂ। ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਤੇ ਡੀਆਈਜੀ ਰਣਬੀਰ ਸਿੰਘ ਖਟੜਾ ਬੇਅਦਬੀ ਨਾਲ ਸਬੰਧਤ ਘਟਨਾਵਾਂ ਦੀ ਜਾਂਚ ਕਰ ਰਹੇ ਹਨ।
ਦੱਸ ਦਈਏ ਇਹ ਮਾਮਲਾ ਫ਼ਰੀਦਕੋਟ ਦੇ ਪਿੰਡ ਜਵਾਹਰ ਸਿੰਘ ਵਾਲਾ ਤੋਂ ਪਹਿਲੀ ਜੂਨ, 2015 ਨੂੰ ਚੋਰੀ ਹੋਏ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨਾਲ ਸੰਬੰਧਤ ਹੈ। ਇਸ ਕੇਸ ਮਗਰੋਂ ਵੱਡੇ ਪੱਧਰ ’ਤੇ ਰੋਹ ਫ਼ੈਲ ਗਿਆ ਸੀ ਜਿਸ ਤੋਂ ਬਾਅਦ ਸ਼ੁਰੂ ਹੋਏ ਬੇਅਦਬੀਆਂ ਦੇ ਸਿਲਸਿਲੇ ਨੇ ਸਿੱਖ ਹਿਰਦਿਆਂ ਨੂੰ ਭਾਰੀ ਠੇਸ ਪਹੁੰਚਾਈ ਸੀ ਅਤੇ ਸੂਬੇ ਵਿਚ ਮਾਹੌਲ ਤਨਾਅ ਭਰਪੂਰ ਬਣ ਗਿਆ ਸੀ।
ਗ੍ਰਿਫ਼ਤਾਰੀਆਂ ਉਕਤ ਸਰੂਪ ਚੋਰੀ ਮਾਮਲੇ ਵਿਚ ਫ਼ਰੀਦਕੋਟ ਦੇ ਬਾਜਾਖ਼ਾਨਾ ਥਾਣੇ ਵਿਚ ਦਰਜ ਕੇਸ ਦੇ ਆਧਾਰ ’ਤੇ ਕੀਤੀਆਂ ਗਈਆਂ ਹਨ।
ਗ੍ਰਿਫ਼ਤਾਰ ਕੀਤੇ ਗਏ ਵਿਗਅਕਤੀਆਂ ਵਿਚ ਸੁਖਜਿੰਦਰ ਸਿੰਘ, ਬਲਜੀਤ ਸਿੰਘ, ਨਰਿੰਦਰ ਸ਼ਰਮਾ, ਨੀਲਾ, ਭੋਲਾ, ਰਣਜੀਤ ਅਤੇ ਨਿਸ਼ਾਨ ਸ਼ਾਮਿਲ ਹਨ। ਇਹ ਸਾਰੇ ਹੀ ਫ਼ਰੀਦਕੋਟ ਜ਼ਿਲ੍ਹੇ ਨਾਲ ਸੰਬੰਧਤ ਹਨ ਅਤੇ ਸਾਰੇ ਹੀ ਡੇਰਾ ਪ੍ਰੇਮੀ ਦੱਸੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਪਹਿਲਾਂ ਹੀ ਇਸ ਮਾਮਲੇ ਦੀ ਸੂਈ ਡੇਰੇ ਵੱਲ ਘੁੰਮਦੀ ਰਹੀ ਹੈ ਅਤੇ ਰਣਬੀਰ ਸਿੰਘ ਖਟੜਾ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਨੇ ਹੀ 2018 ਵਿਚ ਕਾਰਵਾਈ ਕਰਦਿਆਂ 20 ਡੇਰਾ ਪ੍ਰੇਮੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ।
ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ 7 ਡੇਰਾ ਪ੍ਰੋਮੀਆਂ ਨੂੰ ਅੱਜ ਫ਼ਰੀਦਕੋਟ ਦੀ ਅਦਾਲਤ ਵਿਚ ਪੇਸ਼ ਕਰਕੇ ਇਨ੍ਹਾਂ ਤੋਂ ਪੁੱਛਗਿੱਛ ਲਈ ਰਿਮਾਂਡ ਮੰਗਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਇਸ ਮਾਮਲੇ ’ਤੇ ਸਿਆਸਤ ਵੀ ਭਾਰੂ ਰਹੀ ਹੈ ਅਤੇ ਪਹਿਲਾਂ ਤਤਕਾਲੀ ਅਕਾਲੀ ਸਰਕਾਰ ਵੱਲੋਂ ਇਹ ਕੇਸ ਸੀ.ਬੀ.ਆਈ. ਨੂੰ ਸੌਂਪਿਆ ਗਿਆ ਸੀ ਜਿਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਇਹ ਮਾਮਲਾ ਸੀ.ਬੀ.ਆਈ. ਤੋਂ ਵਾਪਸ ਲੈ ਕੇ ਸ:ਖੱਟੜਾ ਦੀ ਅਗਵਾਈ ਵਾਲੀ ਐਸ.ਆਈ.ਟੀ. ਨੂੰ ਸੌਂਪ ਦਿੱਤਾ ਸੀ।