Corona Virus
ਨਵੀਆਂ ਸਹੂਲਤਾਂ ਸਥਾਪਿਤ ਹੋਣ ਨਾਲ ਸੈਲਾਨੀਆਂ ਦੀ ਆਮਦ ਹੋਰ ਵਧੇਗੀ : ਚੰਨੀ
ਚੰਡੀਗੜ੍ਹ, 15 ਜੁਲਾਈ: ਕੁਝ ਮਹੀਨਿਆਂ ਬਾਅਦ ਜਦੋਂ ਸਾਇਬੇਰੀਆ ਅਤੇ ਹੋਰਨਾਂ ਦੇਸ਼ਾਂ ਤੋਂ ਮਹਿਮਾਨ ਪੰਛੀ ਰੋਪੜ ਵੈੱਟਲੈਂਡ ਵਿਖੇ ਆਉਣਗੇ ਤਾਂ ਇਥੇ ਦੁਨੀਆਂ ਭਰ ਤੋਂ ਆਉਣ ਵਾਲੇ ਵਾਤਾਵਰਣ ਪ੍ਰੇਮੀਆਂ ਅਤੇ ਸੈਲਾਨੀਆਂ ਲਈ ਇੱਥੇ ਆਉਣ ਦਾ ਇੱਕ ਵੱਖਰਾ ਹੀ ਅਨੁਭਵ ਹੋਵੇਗਾ। ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੈਲਾਨੀਆਂ ਅਤੇ ਪੰਛੀਆਂ ਨੂੰ ਵੇਖਣ ਦੇ ਚਾਹਵਾਨਾਂ ਲਈ ਰੋਪੜ ਵੈੱਟਲੈਂਡ ਵਿਖੇ ਨਵੀਆਂ ਸਹੂਲਤਾਂ ਨੂੰ ਵਿਕਸਤ ਕੀਤਾ ਗਿਆ ਹੈ।
ਸੈਰ-ਸਪਾਟਾ ਮੰਤਰੀ ਨੇ ਕਿਹਾ ਕਿ ਸੈਰ-ਸਪਾਟਾ ਵਿਭਾਗ ਵੱਲੋਂ 9.76 ਕਰੋੜ ਰੁਪਏ ਦੀ ਲਾਗਤ ਨਾਲ ਰੋਪੜ ਵੈੱਟਲੈਂਡ ਵਿਖੇ ਬੁਨਿਆਦੀ ਢਾਂਚਾ ਵਿਕਾਸ ਕਾਰਜ ਮੁਕੰਮਲ ਕਰ ਲਏ ਗਏ ਹਨ, ਜਿਸ ਅਧੀਨ ਇੰਟਰਪ੍ਰੀਟੇਸ਼ਨ ਸੈਂਟਰ ਦੀ ਉਸਾਰੀ ਕੀਤੀ ਗਈ ਹੈ। ਇੱਥੇ ਆਉਣ ਵਾਲੇ ਸੈਲਾਨੀਆਂ ਅਤੇ ਖਾਸ ਤੌਰ ’ਤੇ ਵਿਦਿਆਰਥੀਆਂ ਨੂੰ ਪੰਛੀਆਂ ਬਾਰੇ ਜਾਣਕਰੀ ਅਤੇ ਸੂਬੇ ਵਿਚ ਈਕੋ-ਟੂਰਿਜ਼ਮ ਨੂੰ ਉਤਸ਼ਾਹਤ ਕਰਨ ਬਾਰੇ ਲਿਟਰੇਚਰ ਮੁਹੱਈਆ ਕਰਵਾਇਆ ਜਾਵੇਗਾ।
ਇਸ ਤੋਂ ਇਲਾਵਾ ਵੈੱਟਲੈਂਡ ਵਿਖੇ ਬਣਾਏ ਗਏ ਬਰਡ ਵਾਚ ਟਾਵਰ ਸੈਲਾਨੀਆਂ ਨੂੰ ਪੰਛੀ ਵੇਖਣ ਦਾ ਇੱਕ ਦਿਲਚਸਪ ਅਨੁਭਵ ਪ੍ਰਦਾਨ ਕਰਨਗੇ।ਇਸ ਦੇ ਨਾਲ ਹੀ ਇੱਥੇ ਸੈਲਾਨੀਆਂ ਦੇ ਤੁਰਨ ਫਿਰਨ ਲਈ ਇੱਕ ਪਗਡੰਡੀ (ਬੋਰਡਵਾਕ) ਵੀ ਬਣਾਈ ਗਈ ਹੈ, ਜਿਥੋਂ ਵਾਤਾਵਰਣ ਪ੍ਰੇਮੀ ਪੰਛੀਆਂ ਨੂੰ ਨੇੜਿਓਂ ਵੇਖ ਸਕਣਗੇ।ਰੋਪੜ ਫੌਰੈਸਟ ਡਵੀਜ਼ਨ ਦੇ ਸਦਾਬ੍ਰਤ ਸੁਰੱਖਿਅਤ ਜੰਗਲ ਜੋ ਵੈੱਟਲੈਂਡ ਦਾ ਹੀ ਹਿੱਸਾ ਹੈ, ਵਿਚ ਬਣਾਈ ਗਈ ਨੇਚਰ ਟ੍ਰੇਲ ਵਿਚ ਸੈਲਾਨੀ ਸਵੇਰ ਦੀ ਸੈਰ ਦਾ ਅਨੰਦ ਵੀ ਲੈ ਸਕਣਗੇ। ਰੋਪੜ ਵੈਟਲੈਂਡ ਨੂੰ ਸਾਲ 2002 ਵਿਚ ਕੌਮਾਂਤਰੀ ਮਹੱਤਵ ਦੀ ਰਾਮਸਰ ਸਾਈਟ ਵਜੋਂ ਦਰਜ਼ਾ ਦਿੱਤਾ ਗਿਆ ਸੀ। ਉਕਤ ਪ੍ਰਾਜੈਕਟ ਅਧੀਨ ਗੁਰੂਦੁਆਰਾ ਮਾਤਾ ਗੁਜਰੀ ਨੂੰ ਜਾਂਦੀ ਸੜਕ ਨੂੰ ਪਹਿਲਾਂ ਹੀ ਚੌੜਾ ਕਰ ਦਿੱਤਾ ਗਿਆ ਹੈ।
ਸੈਰ ਸਪਾਟਾ ਮੰਤਰੀ ਨੇ ਅੱਗੇ ਕਿਹਾ ਕਿ ਚੰਡੀਗੜ੍ਹ ਨਾਲ ਨੇੜਤਾ ਹੋਣ ਕਰਕੇ, ਜਿਥੇ ਸਾਡੇ ਕੋਲ ਇੱਕ ਕੌਮਾਂਤਰੀ ਹਵਾਈ ਅੱਡਾ ਹੈ ਅਤੇ ਸ੍ਰੀ ਅਨੰਦਪੁਰ ਸਾਹਿਬ, ਕੁੱਲੂ ਅਤੇ ਮਨਾਲੀ ਦੇ ਰਸਤੇ ਵਿੱਚ ਪੈਣ ਕਰਕੇ ਇਹ ਸਥਾਨ ਇੱਕ ਅੰਤਰਰਾਸ਼ਟਰੀ ਸੈਰ ਸਪਾਟਾ ਸਥਾਨ ਵਜੋਂ ਵਿਕਾਸ ਦੀ ਚੰਗੀ ਸੰਭਾਵਨਾ ਰੱਖਦਾ ਹੈ।