Sports
ਹਰਵਿੰਦਰ ਸਿੰਘ ਨੇ ਕਾਂਸੀ ਦਾ ਤਗਮਾ ਜਿੱਤਿਆ, ਪੈਰਾਲੰਪਿਕਸ ਵਿੱਚ ਭਾਰਤ ਦਾ ਪਹਿਲਾ ਤੀਰਅੰਦਾਜ਼ੀ ਤਗਮਾ
ਭਾਰਤ ਦੇ ਤੀਰਅੰਦਾਜ਼ ਹਰਵਿੰਦਰ ਸਿੰਘ ਨੇ ਇਤਿਹਾਸਕ ਪ੍ਰਦਰਸ਼ਨ ਕਰਦਿਆਂ ਟੋਕੀਓ ਪੈਰਾਲੰਪਿਕਸ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਤੀਰਅੰਦਾਜ਼ੀ ਵਿੱਚ ਭਾਰਤ ਦਾ ਇਹ ਪਹਿਲਾ ਪੈਰਾਲੰਪਿਕ ਮੈਡਲ ਹੈ। ਇਸ ਦੇ ਨਾਲ, ਭਾਰਤ ਨੇ ਟੋਕੀਓ ਪੈਰਾਲੰਪਿਕ ਖੇਡਾਂ ਵਿੱਚ ਕੁੱਲ 13 ਤਮਗੇ ਹਾਸਲ ਕੀਤੇ ਹਨ, ਜੋ ਕਿ ਇਸਦਾ ਹੁਣ ਤੱਕ ਦਾ ਸਰਬੋਤਮ ਪ੍ਰਦਰਸ਼ਨ ਹੈ। ਹਰਵਿੰਦਰ ਨੇ ਕੋਰੀਆ ਦੇ ਕਿਮ ਮਿਨ ਸੂ ਨੂੰ ਹਰਾ ਕੇ ਟੋਕੀਓ ਪੈਰਾਲੰਪਿਕਸ ਦੇ ਪੁਰਸ਼ਾਂ ਦੇ ਵਿਅਕਤੀਗਤ ਰਿਕਰਵ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਹਰਵਿੰਦਰ ਨੇ ਕੋਰੀਅਨ ਨਿਸ਼ਾਨੇਬਾਜ਼ ਨੂੰ ਸ਼ੂਟ-ਆਫ ਵਿੱਚ 6-5 ਨਾਲ ਹਰਾ ਕੇ ਮੈਡਲ ਜਿੱਤਿਆ।
ਉਨ੍ਹਾਂ ਜਰਮਨੀ ਦੇ ਮੈਕ ਸ਼ਾਰਸਜ਼ੇਵਸਕੀ ਨੂੰ 6-2 ਨਾਲ ਹਰਾ ਕੇ ਈਵੈਂਟ ਦੇ ਸੈਮੀਫਾਈਨਲ ਵਿੱਚ ਥਾਂ ਬਣਾਈ। ਇਸ ਤੋਂ ਬਾਅਦ, ਉਸਨੇ ਫਾਈਨਲ ਵਿੱਚ ਸ਼ੂਟਆਫ ਜਿੱਤਿਆ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਪੈਰਾ ਅਥਲੀਟ ਪ੍ਰਵੀਨ ਕੁਮਾਰ ਨੇ ਟੋਕੀਓ ਪੈਰਾਲੰਪਿਕਸ ਵਿੱਚ ਉੱਚੀ ਛਾਲ ਵਿੱਚ ਚਾਂਦੀ ਦਾ ਤਗਮਾ ਜਿੱਤਿਆ, ਜਦੋਂ ਕਿ ਨਿਸ਼ਾਨੇਬਾਜ਼ ਅਵਨੀ ਲੇਖਰਾ ਨੇ ਮਹਿਲਾਵਾਂ ਦੀ 50 ਮੀਟਰ ਰਾਈਫਲ ਥ੍ਰੀ ਪੋਜੀਸ਼ਨ ਐਸਐਚ 1 ਵਿੱਚ ਤੀਜਾ ਸਥਾਨ ਹਾਸਲ ਕਰਕੇ ਕਾਂਸੀ ਦਾ ਤਮਗਾ ਜਿੱਤਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਤੀਰਅੰਦਾਜ਼ ਹਰਵਿੰਦਰ ਸਿੰਘ ਨੂੰ ਟੋਕੀਓ ਪੈਰਾਲੰਪਿਕਸ ਵਿੱਚ ਕਾਂਸੀ ਤਮਗਾ ਜਿੱਤਣ ਲਈ ਵਧਾਈ ਦਿੱਤੀ ਹੈ। ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਹੁਨਰ ਅਤੇ ਦ੍ਰਿੜ ਇਰਾਦੇ ਦਾ ਪ੍ਰਦਰਸ਼ਨ ਕੀਤਾ, ਉਨ੍ਹਾਂ ‘ਤੇ ਮਾਣ ਹੈ। ਆਉਣ ਵਾਲੇ ਸਮੇਂ ਲਈ ਉਨ੍ਹਾਂ ਨੂੰ ਸ਼ੁਭਕਾਮਨਾਵਾਂ।