Connect with us

Punjab

ਸਵੈ ਰੋਜ਼ਗਾਰ ਸ਼ੁਰੂ ਕਰਨ ਦੇ ਚਾਹਵਾਨ ਮੱਛੀ ਪਾਲਣ ਦੇ ਕਿੱਤੇ ਨੂੰ ਅਪਣਾ ਕੇ ਬਣ ਸਕਦੇ ਨੇ ਆਤਮ ਨਿਰਭਰ : ਏ.ਡੀ.ਸੀ.

Published

on

ਪਟਿਆਲਾ: ਮੱਛੀ ਪਾਲਣ ਵਿਭਾਗ ਦੇ ਕੰਮ ਦੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਗੁਰਪ੍ਰੀਤ ਸਿੰਘ ਥਿੰਦ ਨੇ ਪ੍ਰਧਾਨ ਮੰਤਰੀ ਮਤੱਸਿਆ ਸੰਪਦਾ ਯੋਜਨਾ (ਪੀ.ਐਮ.ਐਮ.ਵਾਈ) ਸਕੀਮ ਸਬੰਧੀ ਜਾਣਕਾਰੀ ਦਿੰਦਿਆ, ਜ਼ਿਲ੍ਹੇ ਦੇ ਬੇਰੁਜ਼ਗਾਰ ਨੌਜਵਾਨ, ਕਿਸਾਨਾਂ ਤੇ ਔਰਤਾਂ ਨੂੰ ਸਕੀਮ ਦੇ ਫ਼ਾਇਦੇ ਰਾਹੀਂ ਆਪਣਾ ਜੀਵਨ ਪੱਧਰ ਉੱਚਾ ਚੁੱਕਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ, ਕੋਈ ਵੀ ਲਾਭਪਾਤਰੀ ਆਪਣੀ ਜ਼ਮੀਨ ਵਿੱਚ ਮੱਛੀ ਤਲਾਅ ਬਣਾ ਸਕਦਾ ਹੈ, ਜਿਸ ਉਪਰ 11 ਲੱਖ ਰੁਪਏ ਪ੍ਰਤੀ ਹੈਕਟੇਅਰ ਦੀ ਲਾਗਤ ਆਉਂਦੀ ਹੈ ਅਤੇ ਔਸਤਨ 6.5 ਟਨ ਮੱਛੀ ਸਾਲਾਨਾ ਦੀ ਉਪਜ ਨਾਲ, ਖਰਚ ਕੱਢ ਕੇ ਪ੍ਰਤੀ ਏਕੜ ਇਕ ਤੋਂ ਡੇਢ ਲੱਖ ਰੁਪਏ ਸ਼ੁੱਧ ਲਾਭ ਪ੍ਰਾਪਤ ਹੁੰਦਾ ਹੈ।

ਉਨ੍ਹਾਂ ਦੱਸਿਆ ਕਿ ਸਕੀਮ ਦੇ ਵੱਖ ਵੱਖ ਕੰਪੋਨੈਟਾਂ ਰਾਹੀਂ ਜਿਵੇਂ ਕਿ ਰੀ-ਸਰਕੁਲੇਟਰੀ ਐਕੂਆਕਲਚਰ ਸਿਸਟਮ, ਬਾਇਓਫਲਾਕ ਕਲਚਰ, ਮੋਟਰ ਸਾਈਕਲ ਵਿਦ ਆਈਸ ਬਾਕਸ, ਫਿਸ਼ ਫੀਡ ਮਿੱਲ, ਕੋਲਡ ਸਟੋਰੇਜ ਅਤੇ ਵੈਲਿਯੂ ਐਡਿਡ ਯੂਨਿਟਾਂ ਦੀ ਸਥਾਪਨਾ ਲਈ ਵੀ ਤਕਨੀਕੀ ਅਤੇ ਵਿੱਤੀ ਸਹੂਲਤਾਂ ਉਪਲਬਧ ਹਨ। ਇਨ੍ਹਾਂ ਸਾਰੇ ਕੰਪੋਨੈਟਾਂ ਉਪਰ ਪੰਜਾਬ ਸਰਕਾਰ ਵੱਲੋਂ ਜਨਰਲ ਵਰਗ ਦੇ ਲਾਭਪਾਤਰੀਆਂ ਨੂੰ 40 ਫ਼ੀਸਦੀ, ਅਨੁਸੂਚਿਤ ਜਾਤੀਆਂ ਅਤੇ ਔਰਤਾਂ ਨੂੰ 60 ਫ਼ੀਸਦੀ ਸਬਸਿਡੀ ਮੁਹੱਈਆ ਕਰਵਾਈ ਜਾਂਦੀ ਹੈ। ਉਨ੍ਹਾਂ ਜ਼ਿਲ੍ਹੇ ਦੇ ਵਸਨੀਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਮੱਛੀ ਪਾਲਣ ਵਿਭਾਗ ਪਟਿਆਲਾ ਦੇ ਦਫ਼ਤਰ ਨਾਲ ਰਾਬਤਾ ਕਾਇਮ ਕਰਕੇ, ਮਿਤੀ 15 ਜੁਲਾਈ ਤੱਕ ਆਪਣੇ ਬਿਨੈ ਪੱਤਰ ਦੇਣ। ਪ੍ਰਾਪਤ ਹੋਏ ਯੋਗ ਬੇਨਤੀ ਪੱਤਰਾਂ ਨੂੰ ਜ਼ਿਲ੍ਹਾ ਪੱਧਰੀ ਕਮੇਟੀ ਵਿਚ ਵਿਚਾਰਿਆ ਜਾਵੇਗਾ ਅਤੇ ਸਾਲ 2022 23 ਲਈ ਐਕਸ਼ਨ ਪਲਾਨ ਤਿਆਰ ਕੀਤਾ ਜਾਵੇਗਾ। ਵਧੀਕ ਡਿਪਟੀ ਕਮਿਸ਼ਨਰ (ਜਨਰਲ) ਨੇ ਮੱਛੀ ਪਾਲਣ ਵਿਭਾਗ ਦੇ ਅਫ਼ਸਰਾਂ ਨੂੰ ਸਕੀਮਾਂ ਦੇ ਪ੍ਰਸਾਰ ਲਈ ਸਬ ਡਵੀਜ਼ਨ ਪੱਧਰ ‘ਤੇ ਵੱਧ ਤੋਂ ਵੱਧ ਕੈਂਪ ਲਗਾਉਣ ਦੀ ਹਦਾਇਤ ਕੀਤੀ।  

ਇਸ ਮੌਕੇ ਜ਼ਿਲ੍ਹੇ ਦੇ ਸਹਾਇਕ ਡਾਇਰੈਕਟਰ ਮੱਛੀ ਪਾਲਣ ਕਰਮਜੀਤ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਜ਼ਿਲ੍ਹੇ ਵਿੱਚ ਲਗਭਗ 2500 ਏਕੜ ਰਕਬਾ ਮੱਛੀ ਪਾਲਣ ਅਧੀਨ ਹੈ। ਲੋੜਵੰਦ ਲਾਭਪਾਤਰੀਆਂ ਨੂੰ ਹਰ ਮਹੀਨੇ ਮੱਛੀ ਪਾਲਣ ਦੀ ਮੁੱਢਲੀ ਸਿਖਲਾਈ ਮੁਫ਼ਤ ਪ੍ਰਦਾਨ ਕੀਤੀ ਜਾਂਦੀ ਹੈ। ਅਗਲੀ ਮਹੀਨੇ ਦੀ ਟ੍ਰੇਨਿੰਗ 4 ਜੁਲਾਈ ਤੋ ਸ਼ੁਰੂ ਹੋ ਰਹੀ ਹੈ। ਵਿਭਾਗ ਮੱਛੀ ਪਾਲਕਾਂ ਨੂੰ ਮੱਛੀ ਦੀਆਂ ਵੱਖ ਵੱਖ ਕਿਸਮਾਂ ਦਾ ਪੂੰਗ ਸਸਤੀਆਂ ਦਰਾਂ ਉਪਰ ਉਪਲਬਧ ਕਰਵਾਉਂਦਾ ਹੈ।

ਉਨ੍ਹਾਂ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ  ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਦੀ ਨੋਟੀਫ਼ਿਕੇਸ਼ਨ 22 ਮਈ 1984 ਅਨੁਸਾਰ ਪਿੰਡ ਦੀ ਗ੍ਰਾਮ ਪੰਚਾਇਤ, ਪੰਚਾਇਤੀ ਜ਼ਮੀਨ/ਪੰਚਾਇਤੀ ਛੱਪੜ ਕਿਸੇ ਵੀ ਵਿਅਕਤੀ ਨੂੰ ਮੱਛੀ ਪਾਲਣ ਲਈ 10 ਸਾਲਾਂ ਦੇ ਸਮੇਂ ਲਈ ਲੀਜ਼ ਉਪਰ ਦੇਣ ਦਾ ਅਧਿਕਾਰ ਰੱਖਦੀ ਹੈ। ਮੱਛੀ ਪਾਲਣ ਦੇ ਲਾਭਪਾਤਰੀ ਨੂੰ ਪਾਣੀ ਦੀ ਪੂਰਤੀ ਲਈ ਟਿਊਬਵੈੱਲ ਦੇ ਕੁਨੈਕਸ਼ਨ ਲਈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮ: ਤੋ ਐਸ.ਪੀ. ਕੁਨੈਕਸ਼ਨ ਦੇਣ ਦੀ ਵੀ ਸੁਵਿਧਾ ਮਿਲਦੀ ਹੈ। ਮੱਛੀ ਦੇ ਮੰਡੀਕਰਨ ਉਪਰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈ। ਮੱਛੀ ਪਾਲਣ ਦੇਸ਼ ਦੀ ਭੋਜਨ ਸੁਰੱਖਿਆ ਅਤੇ ਆਰਥਿਕ ਵਿਕਾਸ ਵਿੱਚ ਲਗਾਤਾਰ ਯੋਗਦਾਨ ਪਾ ਰਿਹਾ ਹੈ। ਮੀਟਿੰਗ ‘ਚ ਸੀਨੀਅਰ ਮੱਛੀ ਪਾਲਣ ਅਫ਼ਸਰ ਦਵਿੰਦਰ ਸਿੰਘ ਬੇਦੀ ਅਤੇ ਮੱਛੀ ਪਾਲਣ ਅਫ਼ਸਰ ਨਾਭਾ ਨਰਿੰਦਰ ਕੌਰ ਹਾਜ਼ਰ ਸਨ।