Punjab
ਲੁਧਿਆਣਾ ‘ਚ ਔਰਤ ਨੇ ਧੀਆਂ ਸਣੇ ਨਹਿਰ ‘ਚ ਮਾਰੀ ਛਾਲ, 6 ਸਾਲਾ ਮਾਸੂਮ ਲਾਪਤਾ
ਪੰਜਾਬ ਦੇ ਲੁਧਿਆਣਾ ‘ਚ ਇਕ ਵਿਆਹੁਤਾ ਨੇ ਆਪਣੀਆਂ ਦੋ ਬੇਟੀਆਂ ਸਮੇਤ ਨਹਿਰ ‘ਚ ਛਾਲ ਮਾਰ ਦਿੱਤੀ। ਔਰਤ ਨੂੰ ਨਹਿਰ ਵਿੱਚ ਛਾਲ ਮਾਰਦੀ ਦੇਖ ਕੇ ਆਸਪਾਸ ਮੌਜੂਦ ਲੋਕਾਂ ਨੇ ਰੌਲਾ ਪਾਇਆ। ਗੋਤਾਖੋਰਾਂ ਦੀ ਮਦਦ ਨਾਲ ਔਰਤ ਅਤੇ ਉਸ ਦੀ ਦੋ ਮਹੀਨੇ ਦੀ ਬੱਚੀ ਨੂੰ ਬਾਹਰ ਕੱਢਿਆ ਗਿਆ। ਜਦਕਿ ਦੂਜੀ 6 ਸਾਲਾ ਬੱਚੀ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ। ਬੱਚੀ ਦੇ ਨਹਿਰ ਵਿੱਚ ਵਹਿ ਜਾਣ ਦਾ ਖ਼ਦਸ਼ਾ ਹੈ।
ਔਰਤ ਅਤੇ ਉਸ ਦੀ ਬੇਟੀ ਨੂੰ ਬੇਹੋਸ਼ੀ ਦੀ ਹਾਲਤ ਵਿਚ ਸਿਵਲ ਹਸਪਤਾਲ ਲਿਆਂਦਾ ਗਿਆ। ਦੇਰ ਸ਼ਾਮ ਤੱਕ ਔਰਤ ਨੇ ਹਸਪਤਾਲ ਦੇ ਡਾਕਟਰ ਨੂੰ ਘਟਨਾ ਦੇ ਕਾਰਨਾਂ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਸੀ। ਇਸ ਦੌਰਾਨ ਪੁਲੀਸ ਅਧਿਕਾਰੀਆਂ ਨਾਲ ਗੱਲ ਕਰਨ ’ਤੇ ਔਰਤ ਨੇ ਦੱਸਿਆ ਕਿ ਉਸ ਦਾ ਨਾਂ ਕੁਲਦੀਪ ਕੌਰ ਹੈ। ਉਹ ਸਾਹਨੇਵਾਲ ਦੇ ਇਲਾਕੇ ਵਿੱਚ ਰਹਿੰਦੀ ਹੈ।
ਸ਼ੁੱਕਰਵਾਰ ਨੂੰ ਉਸ ਦਾ ਪਤੀ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਜਿਸ ਤੋਂ ਬਾਅਦ ਉਸ ਨੇ ਬੇਟੀਆਂ ਸਮੇਤ ਨਹਿਰ ‘ਚ ਛਾਲ ਮਾਰ ਦਿੱਤੀ। ਹਸਪਤਾਲ ਵਿੱਚ ਦਾਖ਼ਲ ਲੜਕੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਲਾਪਤਾ ਲੜਕੀ ਦੀ ਭਾਲ ਜਾਰੀ ਹੈ
ਸਮਰਾਲਾ ਦੇ ਐਸਐਚਓ ਭਿੰਦਰ ਸਿੰਘ ਨੇ ਦੱਸਿਆ ਕਿ ਲਾਪਤਾ ਲੜਕੀ ਦੀ ਭਾਲ ਕੀਤੀ ਜਾ ਰਹੀ ਹੈ। ਮੁੱਢਲੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਔਰਤ ਨੇ ਆਪਣੇ ਪਤੀ ਨਾਲ ਝਗੜੇ ਤੋਂ ਬਾਅਦ ਇਹ ਕਦਮ ਚੁੱਕਿਆ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।