India
….ਤੇ ਚੰਡੀਗੜ੍ਹ ਪੁਲਿਸ ਦੀ ਮਹਿਲਾ ਮੁਲਾਜ਼ਮ ਲੱਗੀ ਗਾਲ੍ਹਾਂ ਕੱਢਣ ਅਤੇ ਕੁੱਟਣ
ਚੰਡੀਗੜ੍ਹ , 27 ਅਪ੍ਰੈਲ , ( ਬਲਜੀਤ ਮਰਵਾਹਾ ) ਭਾਵੇ ਚੰਡੀਗੜ੍ਹ ਪੁਲਿਸ ਲੱਖ ਦਾਅਵੇ ਕਰੇ ਕਿ ਉਹਨਾਂ ਦਾ ਸਲੋਗਨ ” ਵੀ ਕੇਅਰ ਫਾਰ ਯੂ ਦਾ ਹੈ ” , ਪਰ ਖੁਦ ਇੱਥੋਂ ਦੇ ਮੁਲਾਜ਼ਮ ਹੀ ਪੁਲਿਸ ਦੀ ਭੰਡੀ ਕਰਵਾਉਣ ਵਿੱਚ ਕੋਈ ਕਸਰ ਨਹੀਂ ਛੱਡਦੇ। ਫਿਰ ਜਦੋ ਮਹਿਲਾ ਮੁਲਾਜ਼ਮ ਅਜਿਹਾ ਕਰੇ ਤਾ ਹੈਰਾਨੀ ਹੋਣਾ ਸੁਭਾਵਿਕ ਹੀ ਹੈ। ਅਜਿਹਾ ਹੀ ਇੱਕ ਕਿੱਸਾ 26 ਅਪ੍ਰੈਲ ਨੂੰ ਬਾਪੂ ਧਾਮ ਪੁਲਿਸ ਚੋਂਕੀ ਵਿਖੇ ਹੋਇਆ । ਇੱਥੋਂ ਦਾ ਵਾਸੀ ਰੂਪ ਕੁਮਾਰ ਆਪਣੇ ਭਾਣਜੇ ਨਾਲ ਇੱਕ ਸ਼ਿਕਾਇਤ ਲੈ ਕੇ ਚੋਂਕੀ ਵਿਖੇ ਗਿਆ ਸੀ । ਜਿੱਥੇ ਬਿਨਾ ਵਰਦੀ ਮੌਜੂਦ ਇੱਕ ਮਹਿਲਾ ਨੇ ਸ਼ਿਕਾਇਤ ਕਰਤਾ ਨੂੰ ਗਾਲ੍ਹਾਂ ਕੱਢੀਆਂ ਤੇ ਕਿਹਾ ਕਿ ਉਹ ਲਾਕ ਡਾਊਨ ਕਾਰਣ ਉਹਨਾਂ ਦੀ ਦਰਖ਼ਾਸਤ ਲੈ ਕੇ ਕਾਰਵਾਈ ਨਹੀਂ ਕਰ ਸਕਦੇ । ਇਸ ਬਾਰੇ ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵੀ ਵਾਇਰਲ ਹੋਇਆ ਹੈ। ਵੀਡੀਓ ਮੁਤਾਬਿਕ ਜਦੋ ਮੁਦਈ ਦਾ ਭਾਣਜਾ ਬਾਰ ਬਾਰ ਕਾਰਵਾਈ ਦੀ ਗੱਲ ਕਰ ਰਿਹਾ ਹੈ ਤਾ ਮਹਿਲਾ ਮੁਲਾਜ਼ਮ ਉਸ ਨੂੰ ਚੁੱਪ ਰਹਿਣ ਲਈ ਕਹਿ ਰਹੀ ਹੈ । ਪਰ ਉਸਦੇ ਚੁੱਪ ਨਾ ਹੋਣ ਤੇ ਇਹ ਮੁਲਾਜ਼ਮ ਗੁੱਸੇ ਵਿੱਚ ਜਾਂਦੀ ਹੈ ਤੇ ਨੌਜਵਾਨ ਨੂੰ ਗਾਲ੍ਹਾਂ ਕੱਢਦੀ ਹੋਈ ਕੁੱਟਣ ਲੱਗ ਪੈਂਦੀ ਹੈ। ਫਿਰ ਇੱਕ ਪੁਰਸ਼ ਮੁਲਾਜ਼ਮ ਉਸ ਨੂੰ ਪਿੱਛੋਂ ਲੱਤਾਂ ਮਾਰਦਾ ਹੋਇਆ ਚੋਂਕੀ ਵਿੱਚੋ ਬਾਹਰ ਕੱਢ ਦਿੰਦਾ ਹੈ ।
ਇਹ ਹੈ ਮਾਮਲਾ – ਮੁਦਈ ਮੁਤਾਬਿਕ ਉਹਨਾਂ ਦੀ ਕਾਲੋਨੀ ਵਿੱਚ ਇੱਕ ਨੌਜਵਾਨ ਬਦਮਾਸ਼ੀ ਕਰਦਾ ਹੈ । ਇਸਦੀ ਦਰਖ਼ਾਸਤ ਲੈ ਕੇ ਉਹ ਪੁਲਿਸ ਕੋਲ ਗਏ ਸਨ । ਉਕਤ ਮਹਿਲਾ ਪੁਲਿਸ ਮੁਲਾਜ਼ਮ ਨੇ ਉਹਨਾਂ ਨੂੰ ਕਿਹਾ ਕਿ ਜਿਸ ਦੇ ਖਿਲਾਫ ਉਹ ਸ਼ਿਕਾਇਤ ਲੈ ਕੇ ਆਏ ਹਨ ਉਹ ਪਾਗਲ ਹੈ ਅਤੇ ਉਸ ਨੂੰ ਪਾਗਲ ਖਾਨੇ ਵਾਲੇ ਵੀ ਨਹੀਂ ਲੈ ਕੇ ਜਾਂਦੇ। ਇਸ ਲਈ ਉਸ ਤੇ ਪੁਲਿਸ ਕਾਰਵਾਈ ਨਹੀਂ ਕਰ ਸਕਦੀ। ਇਹੀ ਗੱਲ ਕਰਦੀ ਮਹਿਲਾ ਮੁਲਾਜ਼ਮ ਗੁੱਸੇ ਵਿੱਚ ਆ ਗਈ ਤੇ ਉਹਨਾਂ ਨੂੰ ਗਾਲ੍ਹਾਂ ਕੱਢਦੇ ਹੋਏ ਮਾਰਨ ਲੱਗੀ ।
ਉੱਧਰ ਇਸ ਬਾਰੇ ਸੰਪਰਕ ਕਰਨ ਤੇ ਪੁਲਿਸ ਚੋਂਕੀ ਦੇ ਇੰਚਾਰਜ ਗੁਰਮੀਤ ਸਿੰਘ ਨੇ ਕਿਹਾ ਕਿ ਜਿਸ ਵੇਲੇ ਇਹ ਘਟਨਾ ਹੋਈ , ਉਸ ਵੇਲੇ ਉਹ ਚੌਂਕੀ ਵਿੱਚ ਹਾਜ਼ਰ ਸਨ । ਮਹਿਲਾ ਮੁਲਾਜ਼ਮ ਦਾ ਕਹਿਣਾ ਹੈ ਕਿ ਨੌਜਵਾਨ ਨੇ ਉਸ ਨੂੰ ਗ਼ਲਤ ਇਸ਼ਾਰਾ ਕੀਤਾ ਸੀ।