National
ਮੂਸੇਵਾਲਾ ਦੇ ਅੰਦਾਜ਼ ‘ਚ ਕਨ੍ਹਈਆ ਕੁਮਾਰ ਨੇ ਕਿਉਂ ਮਾਰੀ ਪੱਟ ‘ਤੇ ਥਾਪੀ? ਹਮਲੇ ਤੋਂ ਬਾਅਦ ਦੀ ਵੀਡੀਓ ਵਾਇਰਲ
ਲੋਕ ਸਭਾ ਚੋਣਾਂ ਸਿਰ ‘ਤੇ ਹਨ ਤੇ ਦੂਜੇ ਪਾਸੇ ਆਏ ਦਿਨ ਸਿਆਸੀ ਲੀਡਰਾਂ ‘ਤੇ ਹਮਲੇ ਹੋ ਰਹੇ ਹਨ। ਹੁਣ ਅਜਿਹੀ ਘਟਨਾ ਉੱਤਰ-ਪੂਰਬੀ ਦਿੱਲੀ ਤੋਂ ਕਾਂਗਰਸੀ ਉਮੀਦਵਾਰ ਕਨ੍ਹਈਆ ਕੁਮਾਰ ਨਾਲ ਵਾਪਰੀ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ। ਘਟਨਾ ਦੌਰਾਨ ਹੱਥੋਪਾਈ ਦੇ ਨਾਲ-ਨਾਲ ਕਨ੍ਹਈਆ ਕੁਮਾਰ ਤੇ ਸਿਆਹੀ ਵੀ ਸੁੱਟੀ ਗਈ। ਦੋਸ਼ੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਵੀ ਕਰ ਲਿਆ ਹੈ। ਇਸ ਤੋਂ ਬਾਅਦ ਹੁਣ ਕਨ੍ਹਈਆ ਕੁਮਾਰ ਦੀ ਇਕ ਹੋਰ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਉਹ ਸਿੱਧੂ ਮੂਸੇਵਾਲਾ ਦੇ ਅੰਦਾਜ਼ ਵਿੱਚ ਥਾਪੀ ਮਾਰਦੇ ਨਜ਼ਰ ਆ ਰਹੇ ਹਨ।
ਪੂਰਾ ਮਾਮਲਾ ਕੀ ਹੈ–
ਇਹ ਹਮਲਾ ਕਨ੍ਹਈਆਂ ਕੁਮਾਰ ‘ਤੇ ਉੱਤਰ-ਪੂਰਬੀ ਦਿੱਲੀ ਵਿੱਚ ਸਥਿਤ ਆਮ ਆਦਮੀ ਪਾਰਟੀ ਦੇ ਦਫ਼ਤਰ ਬਾਹਰ ਹੋਇਆ। ਜਦੋਂ ‘ਆਪ’ ਕੌਂਸਲਰ ਛਾਇਆ ਸ਼ਰਮਾ ਨਾਲ ਮੀਟਿੰਗ ਕਰਨ ਉਪਰੰਤ ਕਨ੍ਹਈਆ ਕੁਮਾਰ ਬਾਹਰ ਆਏ, ਤਾਂ ਮਾਲਾ ਪਾਉਣ ਦੇ ਬਹਾਨੇ ਇਕ ਨੌਜਵਾਨ ਨੇ ਕਨ੍ਹਈਆ ਕੁਮਾਰ ਦੇ ਥੱਪੜ ਮਾਰ ਦਿੱਤਾ। ਹਾਲਾਂਕਿ ਮੌਕੇ ‘ਤੇ ਮੌਜੂਦ ਕਾਂਗਰਸ ਦੇ ਸਮਰੱਥਕਾਂ ਨੇ ਹਮਲਾਵਰ ਨੂੰ ਫੜ ਕੇ ਕੁਟਾਪਾ ਵੀ ਚਾੜਿਆ। ਇਸ ਘਟਨਾ ਦੌਰਾਨ ਕਨ੍ਹਈਆ ਕੁਮਾਰ ਸੁਰੱਖਿਅਤ ਹਨ ਪਰ ‘ਆਪ’ ਦੀ ਮਹਿਲਾ ਕੌਸ਼ਲਰ ਛਾਇਆ ਸ਼ਰਮਾ ਨਾਲ ਹੱਥੋਪਾਈ ਹੋਣ ਦੀ ਖ਼ਬਰ ਸਾਹਮਣੇ ਆਈ, ਜਿਸ ਦੀ ਛਾਇਆ ਵੱਲੋਂ ਸਬੰਧਿਤ ਥਾਣੇ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ।
ਹਮਲਾ ਕਰਨ ਵਾਲੇ ਵਿਅਕਤੀ ਦਾ ਬਿਆਨ-
ਕਨ੍ਹਈਆ ‘ਤੇ ਹਮਲਾ ਕਰਨ ਵਾਲੇ ਵਿਅਕਤੀ ਦਾ ਕਹਿਣਾ ਹੈ ਕਿ ਕਨ੍ਹਈਆਂ ਨੂੰ ਉਸ ਦੇ ਕੀਤੇ ਦੀ ਸਜ਼ਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਉਸ ਨੇ ਇਹ ਵੀ ਕਿਹਾ ਹੈ ਕਿ ਕਿਸੇ ਵੇਲੇ ਕਨ੍ਹਈਆ ਕੁਮਾਰ ਨੇ ਦੇਸ਼ ਖਿਲਾਫ ਨਾਅਰੇਬਾਜ਼ੀ ਕੀਤੀ ਸੀ, ਜਿਸ ਕਾਰਨ ਉਹ ਗੁੱਸੇ ਵਿੱਚ ਸਨ ਤੇ ਅੱਜ ਚਪੇੜ ਮਾਰ ਕੇ ਉਸ ਨੂੰ ਜਵਾਬ ਦਿੱਤਾ ਹੈ।
ਹਮਲੇ ਤੋਂ ਬਾਅਦ ਕਨ੍ਹਈਆ ਕੁਮਾਰ ਦੀ ਇਕ ਹੋਰ ਵੀਡੀਓ ਵਾਇਰਲ –
ਇਹ ਘਟਨਾ ਤੋਂ ਬਾਅਦ ਕਨ੍ਹਈਆਂ ਕੁਮਾਰ ਦੀ ਇਕ ਹੋਰ ਵੀਡੀਓ ਵਾਇਰਲ ਹੋਈ, ਜਿਸ ਵਿੱਚ ਉਹ ਪੱਟ ਤੇ ਥਾਪੀ ਮਾਰ ਕੇ ਆਪਣੀ ਚੜ੍ਹਦੀਕਲਾ ਵਿੱਚ ਹੋਣ ਦੀ ਗਵਾਹੀ ਭਰਦੇ ਨਜ਼ਰ ਆ ਰਹੇ ਹਨ। ਇਸ ਘਟਨਾ ਨੂੰ ਲੈ ਕੇ ਕਨ੍ਹਈਆਂ ਕੁਮਾਰ ਨੇ ਭਾਜਪਾ ਉਮੀਦਵਾਰ ਮਨੋਜ ਤਿਵਾੜੀ ਤੇ ਇਲਜ਼ਾਮ ਲਾਏ ਨੇ, ਉਨ੍ਹਾਂ ਕਿਹਾ ਹੈ ਕਿ ਮਨੋਜ ਤਿਵਾੜੀ ਨੂੰ ਚੋਣ ਹਾਰਨ ਦਾ ਡਰ ਸਤਾ ਰਿਹਾ ਹੈ।
(ਸਟੋਰੀ – ਇਕਬਾਲ ਕੌਰ, ਵਰਲਡ ਪੰਜਾਬੀ)