Connect with us

Punjab

ਸਿੱਧੂ ਮੂਸੇਵਾਲਾ ਤੇ ਪੰਜ ਪੰਜਾਬ ਪੁਲਿਸ ਮੁਲਾਜ਼ਮਾਂ ਖਿਲਾਫ਼ ਕੇਸ ਦਰਜ, ਸੰਗਰੂਰ ਦਾ ਡੀ.ਐੱਸ.ਪੀ ਸਸਪੈਂਡ

Published

on


ਚੰਡੀਗੜ੍ਹ , 4 ਮਈ : ਵਿਵਾਦਗ੍ਰਸਤ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਖਿਲਾਫ ਫੁਰਤੀ ਨਾਲ ਕਾਰਵਾਈ ਕਰਦਿਆਂ ਬਰਨਾਲਾ ਪੁਲਿਸ ਨੇ ਉਸਦੇ ਅਤੇ ਪੰਜ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਫੌਜਦਾਰੀ ਕੇਸ ਦਰਜ ਕੀਤਾ ਹੈ। ਇਹ ਕੇਸ ਗਾਇਮ ਵੱਲੋਂ ਫਾਇਰਿੰਗ ਰੇਂਜ ਵਿਚ ਸ਼ੂਟਿੰਗ ਕਰਨ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਦਰਜ ਕੀਤਾ ਗਿਆ ਹੈ।
ਇਹ ਕੇਸ ਪੰਜਾਬ ਦੇ ਡੀ ਜੀ ਪੀ ਦਿਨਕਰ ਗੁਪਤਾ ਦੀਆਂ ਹਦਾਇਤਾਂ ‘ਤੇ ਦਰਜ ਕੀਤੇ ਕੀਤੇ ਗਏ ਹਨ। ਡੀ ਜੀ ਪੀ ਨੇ ਸੰਗਰੂਰ ਦੇ ਡੀ ਐਸ ਪੀ ਹੈਡਕੁਆਰਟਰ ਦਲਜੀਤ ਸਿੰਘ ਵਿਰਕ ਨੂੰ  ਤੁਰੰਤ ਮੁਅੱਤਲ ਕਰਨ ਦੇ ਵੀ ਹੁਕਮ ਜਾਰੀ ਕੀਤੇ ਹਨ ਤੇ ਉਹਨਾਂ ਖਿਲਾਫ ਡਿਊਟੀ ਵਿਚ ਕੁਤਾਹੀ ਦੇ ਦੋਸ਼ਾਂ ਦੀ ਜਾਂਚ ਚਲਦੀ ਰਹੇਗੀ।
ਜਦੋਂ ਇਹ ਵੀਡੀਓ ਵਾਇਰਲ ਹੋਈ ਤਾਂ ਡੀ ਜੀ ਪੀ ਨੇ ਸੰਗਰੂਰ ਦੇ ਐਸ ਐਸ ਪੀ ਨੂੰ ਹਦਾਇਤ ਕੀਤੀ ਕਿ ਉਹ ਮਾਮਲੇ ਦੀ ਮੁਢਲੀ ਜਾਂਚ ਕਰਨ ਜਿਸ ਵਿਚ ਸਾਬਤ ਹੋ ਗਿਆ ਕਿ ਡੀ ਐਸ ਪੀ ਦੀ ਮਦਦ ਨਾਲ ਬਡਬਰ ਸਥਿਤ ਫਾਇਰਿੰਗ ਰੇਂਜ ਵਿਚ ਸ਼ੂਟਿੰਗ ਕੀਤੀ ਗਈ ਉਹ ਵੀ ਉਸ ਵੇਲੇ ਜਦੋਂ ਸਾਰੇ ਸੂਬੇ ਵਿਚ ਕਰਫਿਊ ਲੱਗਾ ਹੋਇਆ ਹੈ। ਰਿਪੋਰਟ ਮਿਲਣ ‘ਤੇ ਡੀ ਐਸ ਪੀ ਦੇ ਖਿਲਾਫ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਤੇ ਮੁਲਜ਼ਮਾਂ ਖਿਲਾਫ ਕੇਸ ਦਰਜ ਕੀਤੇ ਗਏ।
ਡੀ ਜੀ ਪੀ ਨੇ ਡੀ ਐਸ ਪੀ ਵੱਲੋਂ ਉਸਦੇ ਨਾਲ ਤਾਇਨਾਤ ਪੁਲਿਸ ਮੁਲਾਜ਼ਮਾਂ ਨੂੰ ਅਣ ਅਧਿਕਾਰਤ ਤਰੀਕੇ ਨਾਲ ਸ਼ੂਟਿੰਗ ਮੌਕੇ ਤਾਇਨਾਤ ਕਰਨ ਦਾ ਗੰਭੀਰ ਨੋਟਿਸ ਲਿਆ।
ਬਰਨਾਲਾ ਜ਼ਿਲ੍ਹੇ ਦੇ ਧਨੋਲਾ  ਪੁਲਿਸ ਥਾਣੇ ਵਿਚ ਸਿੱਧੂ ਮੂਸੇਵਾਲਾ ਵਾਸੀ ਮਾਨਸਾ, ਕਰਮ ਸਿੰਘ ਲਹਿਲ  ਵਾਸੀ ਸੰਗਰੂਰ, ਇੰਦਰ ਸਿੰਘ ਗਰੇਵਾਲ ਵਾਸੀ ਸੰਗਰੂਰ, ਜੰਗ ਸ਼ੇਰ ਸਿੰਘ ਵਾਸੀ ਪਟਿਆਲਾ ਅਤੇ 5 ਹੋਰ ਪੁਲਿਸ ਅਫਸਰਾਂ ਜਿਹਨਾਂ ਵਿਚ ਇਕ ਸਬ ਇੰਸਪੈਕਟਰ, ਦੋ ਹੈਡ ਕਾਂਸਟੇਬਲ ਤੇ ਦੋ ਕਾਂਸਟੇਬਲ ਸ਼ਾਮਲ ਹਨ, ਦੇ ਖਿਲਾਫ ਕੇਸ ਦਰਜ ਕੀਤਾ ਗਿਆ। ਸਾਰੇ ਪੁਲਿਸ ਮੁਲਾਜ਼ਮ ਸੰਗਰੂਰ ਵਿਚ ਤਾਇਨਾਤ ਹਨ ਤੇ ਮਾਮਲੇ ਦੀ ਅਗਲੇਰੀ ਜਾਂਚ ਚਲ ਰਹੀ ਹੈ।