Connect with us

Punjab

ਹੁਣ ਤੱਕੜੀ ਵੀ ਖੋਹ ਲੈਣਗੇ ਸੁਖਬੀਰ ਤੋਂ ਗਿਆਨੀ ਹਰਪ੍ਰੀਤ ਸਿੰਘ?

Published

on

 ਨਵੇਂ ਅਕਾਲੀ ਦਲ ਦੇ ਪ੍ਰਧਾਨ ਬਣ ਕੇ ਸੁਖਬੀਰ ਸਿੰਘ ਬਾਦਲ ਨੂੰ ਚੁਣੌਤੀ ਦੇਣ ਵਾਲੇ ਗਿਆਨੀ ਹਰਪ੍ਰੀਤ ਸਿੰਘ ਹੁਣ ਤੱਕੜੀ ਵੀ ਖੋਹ ਲੈਣਗੇ ਸੁਖਬੀਰ ਬਾਦਲ ਕੋਲੋਂ। ਇਹ ਦਾਅਵਾ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰਧਾਨ ਬਣਨ ਤੋਂ ਬਾਅਦ ਦਿੱਤੇ ਭਾਸ਼ਣ ਵਿੱਚ ਕੀਤਾ ਹੈ। ਜਿਵੇਂ ਤੁਸੀਂ ਜਾਣਦੇ ਹੀ ਹੋ ਕਿ ਕੱਲ੍ਹ ਯਾਨੀ 11 ਅਗਸਤ ਨੂੰ ਪੰਜਾਬ ਦੀ ਸਿਆਸਤ ਨੇ ਨਵਾਂ ਮੋੜ ਲਿਆ ਹੈ।ਸ਼੍ਰੋਮਣੀ ਅਕਾਲੀ ਦਲ ‘ਤੇ ਇੱਕ ਪਰਿਵਾਰ ਦੀ ਅਜ਼ਾਰੇਦਾਰੀ ਨੂੰ ਚੁਣੌਤੀ ਦਿੰਦਿਆਂ ਬਾਦਲ ਦਲ ਤੋਂ ਬਾਗੀ ਹੋਏ ਅਕਾਲੀ ਆਗੂਆਂ ਨੇ ਨਵੀਂ ਪਾਰਟੀ ਬਣਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਕਾਰਜਕਾਰਨੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਬਣਾਇਆ ਹੈ ਅਤੇ ਬੀਬੀ ਸਤਵੰਤ ਕੌਰ ਨੂੰ ਪੰਥਕ ਕੌਂਸਲ ਦੀ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ।

ਪ੍ਰਧਾਨ ਬਣਦਿਆਂ ਹੀ ਆਪਣੇ ਭਾਸ਼ਣ ਵਿਚ ਗਿਆਨੀ ਹਰਪ੍ਰੀਤ ਸਿੰਘ ਸੁਖਬੀਰ ਸਿੰਘ ਬਾਦਲ ਉੱਪਰ ਹਮਲਾਵਰ ਨਜ਼ਰ ਆਏ। ਜਿਹੜੀ ਉਨ੍ਹਾਂ ਨੇ ਜਿਹੜੀ ਸਭ ਤੋਂ ਅਹਿਮ ਗੱਲ ਆਖੀ ਹੈ ਉਹ ਇਹ ਹੈ ਕਿ ਉਹ ਹੁਣ ਅਕਾਲੀ ਦਲ ਦਾ ਚੋਣ ਨਿਸ਼ਾਨ ਅਤੇ ਦਿੱਲੀ ਵਾਲਾ ਅਕਾਲੀ ਦਲ ਦਫ਼ਤਰ ਵੀ ਖੋਹ ਲੈਣਗੇ। ਬਾਦਲ ਪਰਿਵਾਰ ਦਾ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਉੱਪਰ ਕਬਜ਼ਾ ਹੈ ਪਰ ਸ. ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਤੋਂ ਕੁੱਝ ਸਮਾਂ ਬਾਅਦ ਵੱਡੇ ਅਕਾਲੀ ਆਗੂਆਂ ਨੇ ਸੁਖਬੀਰ ਸਿੰਘ ਬਾਦਲ ਦਾ ਸਾਥ ਛੱਡ ਦਿੱਤਾ ਸੀ। ਸਾਥ ਛੱਡਣ ਦੇ ਵੱਡੇ ਕਾਰਨ ਸਨ ਚੋਣਾਂ ਵਿੱਚ ਅਕਾਲੀ ਦਲ ਦੀ ਲਗਾਤਾਰ ਹਾਰ। ਖਾਸ ਕਰਕੇ 2024 ਦੀਆਂ ਲੋਕ ਸਭਾ ਚੋਣਾਂ ਪਾਰਟੀ ਨੂੰ ਸਿਰਫ ਇੱਕ ਸੀਟ ਮਿਲੀ ਬਾਕੀ ਦਸ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ। ਸੁਖਬੀਰ ਬਾਦਲ ਨੇ ਆਪਣੀ ਪਾਰਟੀ ਦੇ ਬਾਕੀ ਉਮੀਦਵਾਰਾਂ ਨੂੰ ਅਣਦੇਖਾ ਕਰਕੇ ਪੂਰਾ ਜ਼ੋਰ ਆਪਣੀ ਪਤਨੀ ਨੂੰ ਜਿਤਾਉਣ ‘ਤੇ ਲਗਾਇਆ।

ਦੂਜਾ ਕਾਰਨ ਸੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਅਤੇ ਬਹਿਬਲ ਗੋਲੀ ਕਾਂਡ ਦੀ ਜਾਂਚ ਅਕਾਲੀ ਦਲ ਨੇ ਸ਼ਾਸਨ ਕਾਲ ਵਿੱਚ ਨਹੀਂ ਹੋਣ ਦਿੱਤੀ ਅਤੇ ਤੀਜਾ ਕਾਰਨ ਸੀ ਪਰਿਵਾਰਵਾਦ। ਪ੍ਰਮੁੱਖ ਅਕਾਲੀ ਆਗੂ ਇਹ ਸਮਝਦੇ ਸਨ ਕਿ ਸੁਖਬੀਰ ਬਾਦਲ ਦੀ ਅਗਵਾਈ ਵਿੱਚ ਪਾਰਟੀ ਦਾ ਗ੍ਰਾਫ ਹੇਠਾਂ ਜਾ ਰਿਹਾ ਹੈ ਇਸ ਲਈ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਛੱਡ ਦੇਣੀ ਚਾਹੀਦੀ ਹੈ। ਇਨ੍ਹਾਂ ਅਕਾਲੀ ਆਗੂਆਂ ਨੇ ਹੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਬੇਨਤੀ ਕਰਦਿਆਂ ਕਿਹਾ ਸੀ ਕਿ ਅਕਾਲੀ ਦਲ ਦੇ ਸ਼ਾਸਨ ਕਾਲ ਵਿੱਚ ਸਾਡੇ ਤੋਂ ਗਲਤੀਆਂ ਹੋਈਆਂ ਹਨ ਅਸੀਂ ਮੁਆਫੀ ਮੰਗਣੀ ਚਾਹੁੰਦੇ ਹਾਂ। ਇਸੇ ਕਾਰਨ ਅਕਾਲੀ ਆਗੂਆਂ ਨੂੰ 2 ਦਸੰਬਰ 2024 ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਤਲਬ ਕੀਤਾ ਗਿਆ ਸੀ। ਦੋ ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਕੀ ਵਾਪਰਿਆ ਇਹ ਤੁਸੀਂ ਵੇਖਿਆ ਸੁਣਿਆ ਹੀ ਹੈ। ਸਿੰਘ ਸਹਿਬਾਨ ਵੱਲੋਂ ਜਿੱਥੇ ਸੁਖਬੀਰ ਬਾਦਲ ਸਮੇਤ ਸਾਰੇ ਵੱਡੇ ਅਕਾਲੀ ਆਗੂਆਂ ਨੂੰ ਤਨਖਾਹ ਲਗਾਈ ਗਈ ਉੱਥੇ ਅਕਾਲੀ ਦਲ ਦੀ ਨਵੀਂ ਭਰਤੀ ਕਰਨ ਲਈ ਸੱਤ ਮੈਂਬਰੀ ਭਰਤੀ ਕਮੇਟੀ ਬਣਾਈ ਗਈ ਸੀ। ਭਰਤੀ ਕਮੇਟੀ ਦੇ ਦੋ ਬਾਦਲ ਪੱਖੀ ਮੈਂਬਰਾਂ ਨੇ ਸ਼ੁਰੂ ਵਿੱਚ ਹੀ ਅਸਤੀਫੇ ਦੇ ਦਿੱਤੇ ਸਨ ਪਰ ਪੰਜ ਮੈਂਬਰੀ ਕਮੇਟੀ ਕਾਇਮ ਰਹੀ ਅਤੇ ਇਸ ਕਮੇਟੀ ਨੇ ਭਰਤੀ ਮੁਕੰਮਲ ਕੀਤੀ।

ਇਸੇ ਦੌਰਾਨ ਹੀ ਸੁਖਬੀਰ ਸਿੰਘ ਬਾਦਲ ਨੇ ਵੱਖਰੇ ਤੌਰ ‘ਤੇ ਆਪਣੇ ਵੱਲੋਂ ਭਰਤੀ ਕਰਵਾਈ। ਇਸ ਸਭ ਦੇ ਦੌਰਾਨ ਹੀ ਦੋ ਦਸੰਬਰ ਨੂੰ ਸਭ ਤੋਂ ਵੱਧ ਸਰਗਰਮੀ ਦਿਖਾਉਣ ਵਾਲੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਅਪਮਾਨਤ ਕਰਕੇ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਨੂੰ ਜਬਰੀ ਸੇਵਾ ਮੁਕਤ ਕਰ ਦਿੱਤਾ ਗਿਆ। ਉਨ੍ਹਾਂ ਦੇ ਚਰਿੱਤਰ ਨੂੰ ਦਾਗੀ ਕਰਨ ਲਈ ਉਨ੍ਹਾਂ ਉੱਪਰ ਚਰਿੱਤਰਹੀਣਤਾ ਦੇ ਦੋਸ਼ ਲਗਾਏ ਅਤੇ ਫਿਰ ਜਾਂਚ ਬਿਠਾਈ ਗਈ ਅਤੇ ਜਾਂਚ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੂੰ ਦੋਸ਼ੀ ਕਰਾਰ ਦੇ ਕੇ ਜ਼ਬਰੀ ਸੇਵਾ ਮੁਕਤ ਕਰ ਦਿੱਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਿਠਾਈ ਜਾਂਚ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਗਲਤ ਦੱਸਿਆ। ਉਨ੍ਹਾਂ ਨੇ ਕਿਹਾ ਕਿ ਕਿਸੇ ਜਥੇਦਾਰ ਉੱਪਰ ਲੱਗੇ ਦੋਸ਼ਾਂ ਦੀ ਜਾਂਚ ਕੇਵਲ ਪੰਜ ਸਿੰਘ ਸਾਹਿਬਾਨ ਹੀ ਕਰ ਸਕਦੇ ਹਨ, ਸ਼੍ਰੋਮਣੀ ਕਮੇਟੀ ਨੂੰ ਜਾਂਚ ਕਰਨ ਦਾ ਕੋਈ ਅਧਿਕਾਰ ਨਹੀਂ। ਇਸ ਮਗਰੋਂ ਗਿਆਨੀ ਰਘਬੀਰ ਸਿੰਘ ਨੂੰ ਵੀ ਜਥੇਦਾਰੀ ਤੋਂ ਲਾਹ ਕੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਬਣਾਇਆ ਗਿਆ। ਗਿਆਨੀ ਹਰਪ੍ਰੀਤ ਸਿੰਘ ਨੂੰ ਜਲੀਲ ਕਰਨ ਮਗਰਂ ਸਿੱਖ ਸੰਗਤ ਵਿੱਚ ਸੁਖਬੀਰ ਬਾਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖਿਲਾਫ ਗ਼ੁੱਸਾ ਵੇਖਣ ਨੂੰ ਮਿਲਿਆ। ਬਾਗ਼ੀ ਅਕਾਲੀਆਂ ਅਤੇ ਪੰਜ ਮੈਂਬਰੀ ਕਮੇਟੀ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਹੱਥਾਂ ‘ਤੇ ਚੁੱਕ ਲਿਆ ਅਤੇ ਭਰਤੀ ਮੁਹਿੰਮ ਪੂਰੀ ਹੋਣ ਪਿੱਛੋਂ ਬਾਗੀ ਧੜੇ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ 11 ਅਗਸਤ ਨੂੰ ਨਵੇਂ ਅਕਾਲੀ ਦਲ ਦਾ ਪ੍ਰਧਾਨ ਨਿਯੁਕਤ ਕਰ ਦਿੱਤਾ ਹੈ ਅਤੇ ਇਨ੍ਹਾਂ ਦੇ ਨਾਲ ਹੀ ਬੀਬੀ ਸਤਵੰਤ ਕੌਰ ਨੂੰ ਪੰਥਕ ਕੌਂਸਲ ਦੇ ਚੇਅਰਪਰਸਨ ਥਾਪਿਆ ਗਿਆ ਹੈ।

ਗਿਆਨੀ ਹਰਪ੍ਰੀਤ ਸਿੰਘ ਦੀ ਸੰਖੇਪ ਜੀਵਨੀ:-

ਗਿਆਨੀ ਹਰਪ੍ਰੀਤ ਸਿੰਘ ਦਾ ਜਨਮ 3 ਮਈ 1972 ਨੂੰ ਸਿੱਖ ਮੁਹੱਲੇ ਗਿੱਦੜਬਾਹਾ ਵਿਖੇ ਇੱਕ ਕੀਰਤੀ ਪਰਿਵਾਰ ਵਿੱਚ ਹੋਇਆ। ਇਨ੍ਹਾਂ ਦੇ ਪਿਤਾ ਇੱਕ ਗ੍ਰੰਥੀ ਸਨ। ਗਿਆਨੀ ਜੀ ਨੇ ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਮੁਕਤਸਰ ਵਿਖੇ 17 ਸਾਲ ਕਥਾਵਾਚਕ ਵਜੋਂ ਸੇਵਾਵਾਂ ਨਿਭਾਈਆਂ। ਆਪ ਸਕੂਲੀ ਪੜ੍ਹਾਈ ਤੋਂ ਬਾਅਦ ਗੁਰੂ ਕਾਸ਼ੀ ਗੁਰਮਤਿ ਇੰਸਟੀਚਿਊਟ ਤਲਵੰਡੀ ਸਾਬੋ ਤੋਂ ਤਿੰਨ ਸਾਲਾਂ ਦਾ ਪ੍ਰਚਾਰਕ ਦਾ ਕੋਰਸ ਕੀਤਾ। ਉਸ ਪਿੱਛੋਂ ਪੰਜਾਬੀ ਯੂਨੀਵਰਸਿਟੀ ਤੋਂ ਇੱਕ ਸਾਲ ਦਾ ਧਾਰਮਿਕ ਅਧਿਐਨ ਦਾ ਡਿਪਲੋਮਾ ਕੀਤਾ। ਪੰਜਾਬੀ ਯੂਨੀਵਰਸਿਟੀ ਤੋਂ ਹੀ ਆਪ ਨੇ ਐਮ ਏ ਧਰਮ ਅਧਿਐਨ ਪਹਿਲੇ ਦਰਜੇ ਵਿੱਚ ਪਾਸ ਕੀਤੀ। ਇਸ ਸਮੇਂ ਗਿਆਨੀ ਹਰਪ੍ਰੀਤ ਸਿੰਘ ਪੀ ਐੱਚ ਡੀ ਕਰ ਰਹੇ ਹਨ। ਇਨ੍ਹਾਂ ਨੇ ਪਵਿੱਤਰ ਕੁਰਾਨ ਸ਼ਰੀਫ਼ ਦਾ ਪੰਜਾਬੀ ਵਿੱਚ ਅਨੁਵਾਦ ਕੀਤਾ। ਗਿਆਨੀ ਜੀ 1999 ਤੋਂ 2017 ਤੱਕ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਵਿਖੇ ਹੈੱਡ ਗ੍ਰੰਥੀ ਅਤੇ ਕਥਾਵਾਚਕ ਰਹੇ। 2017 ਤੋਂ 2024 ਤੱਕ ਆਪ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਰਹੇ। ਇਸਦੇ ਨਾਲ ਹੀ 2018 ਤੋਂ 2024 ਤੱਕ ਗਿਆਨੀ ਹਰਪ੍ਰੀਤ ਸਿੰਘ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਰਹੇ। ਨਵੇਂ ਅਕਾਲੀ ਦਲ ਦੀ ਇੱਕ ਨਿਵੇਕਲੀ ਪਹਿਲ ਇਹ ਰਹੀ ਹੈ ਕਿ ਬਾਗ਼ੀ ਅਕਾਲੀ ਆਗੂਆਂ ਨੇ ਉਨ੍ਹਾਂ ਦੋ ਧਾਰਮਿਕ ਹਸਤੀਆਂ ਨੂੰ ਅਕਾਲੀ ਦਲ ਦੀ ਅਗਵਾਈ ਕਰਨ ਦਾ ਮੌਕਾ ਦਿੱਤਾ ਹੈ ਜਿਨ੍ਹਾਂ ਦਾ ਪਹਿਲਾਂ ਸਿਆਸਤ ਨਾਲ ਕੋਈ ਵਾਹ ਵਾਸਤਾ ਨਹੀਂ ਰਿਹਾ। ਗਿਆਨੀ ਹਰਪ੍ਰੀਤ ਸਿੰਘ ਨੂੰ ਅਕਾਲੀ ਦਲ ਦੇ ਪ੍ਰਧਾਨ ਬਣਾਇਆ ਗਿਆ ਹੈ ਅਤੇ ਬੀਬੀ ਸਤਵੰਤ ਕੌਰ ਨੂੰ ਪੰਥਕ ਕੌਂਸਲ ਦੇ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ।

ਬੀਬੀ ਸਤਵੰਤ ਕੌਰ ਦੀ ਸੰਖੇਪ ਜੀਵਨੀ:-

ਬੀਬੀ ਸਤਵੰਤ ਕੌਰ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਅਤੇ ਸ਼ਹੀਦ ਭਾਈ ਅਮਰੀਕ ਸਿੰਘ ਦੀ ਸਪੁੱਤਰੀ ਹੈ। ਇਨ੍ਹਾਂ ਦਾ ਜਨਮ ਪਿੰਡ ਭੂਰਾ ਕੋਹਨਾ ਤਹਿਸੀਲ ਪੱਟੀ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ। ਭਾਈ ਅਮਰੀਕ ਸਿੰਘ ਦੀ ਸ਼ਹੀਦੀ ਮਗਰੋਂ ਉਨ੍ਹਾਂ ਦੀ ਪਤਨੀ ਬੀਬੀ ਹਰਮੀਤ ਕੌਰ ਨੇ ਆਪਣੀਆਂ ਸਪੁੱਤਰੀਆਂ ਸਤਵੰਤ ਕੌਰ, ਬੀਬੀ ਪਰਮਜੀਤ ਕੌਰ ਅਤੇ ਸਪੁੱਤਰ ਤਰਲੋਚਨ ਸਿੰਘ ਨੂੰ ਚੰਗੀ ਵਿੱਦਿਆ ਹਾਸਲ ਕਾਰਵਾਈ। ਬੀਬੀ ਸਤਵੰਤ ਕੌਰ ਨੇ ਦਸਵੀਂ ਦੀ ਪੜ੍ਹਾਈ ਸੇਂਟ ਸੋਲਜਰ ਸਕੂਲ ਸ਼੍ਰੀ ਮੁਕਤਸਰ ਸਾਹਿਬ ਤੋਂ ਕੀਤੀ ਅਤੇ ਉਚ ਸਿੱਖਿਆ ਫਿਰੋਜ਼ਪੁਰ ਤੋਂ ਪ੍ਰਾਪਤ ਕੀਤੀ। ਮੁਕਤਸਰ ਵਿਖੇ ਹੀ ਬੀਬੀ ਸਤਵੰਤ ਕੌਰ ਦਾ ਅਨੰਦ ਕਾਰਜ ਹੋਇਆ ਸੀ। ਬੀਬੀ ਸਤਵੰਤ ਕੌਰ ਦੇ ਦਾਦਾ ਸੰਤ ਕਰਤਾਰ ਸਿੰਘ ਭਿੰਡਰਾਂਵਾਲੇ ਮੁਕਤਸਰ ਸਾਹਿਬ ਵਿਖੇ ਪਟਵਾਰੀ ਵਜੋਂ ਨੌਕਰੀ ਕਰਦੇ ਰਹੇ ਪਰ ਥੋੜ੍ਹੇ ਸਮੇਂ ਬਾਅਦ ਸੰਤ ਗੁਰਬਚਨ ਸਿੰਘ ਭਿੰਡਰਾਂਵਾਲਿਆਂ ਕੋਲ ਚਲੇ ਗਏ ਅਤੇ ਧਾਰਮਿਕ ਵਿੱਦਿਆ ਹਾਸਲ ਕਰਨ ਉਪਰੰਤ ਸਿੱਖੀ ਦੇ ਪ੍ਰਚਾਰ ਵਿੱਚ ਜੁਟ ਗਏ। ਬੀਬੀ ਸਤਵੰਤ ਕੌਰ ਦੇ ਭਰਾ ਤਰਲੋਚਨ ਸਿੰਘ ਕੁੱਝ ਸਮਾਂ ਪਿੰਡ ਭੱਟੀਵਾਲਾਵਿਖੇ ਕੰਪਿਊਟਰ ਅਧਿਆਪਕ ਰਹੇ ਲੇਕਿਨ ਹੁਣ ਉਹ ਆਪਣੀ ਮਾਤਾ ਹਰਮੀਤ ਕੌਰ ਨਾਲ ਅਮਰੀਕਾ ਵਿੱਚ ਰਹਿੰਦੇ ਹਨ। ਪਰਿਵਾਰ ਦਾ ਧਾਰਮਿਕ ਪਿਛੋਕੜ ਹੋਣ ਕਰਕੇ ਬੀਬੀ ਸਤਵੰਤ ਕੌਰ ਧਾਰਮਿਕ ਬਿਰਤੀ ਵਾਲੇ ਤਾਂ ਹਨ ਹੀ ਇਸਦੇ ਨਾਲ ਹੀ ਸਿੱਖ ਇਤਿਹਾਸ ਤੋਂ ਚੰਗੀ ਤਰ੍ਹਾਂ ਜਾਣੂ ਹਨ। ਆਪ ਇਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਡਾਇਰੈਕਟਰ ਐਜੂਕੇਸਨ (ਸਕੁਲਜ਼) ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਆਪ ਉਸ ਪੰਜ ਮੈਂਬਰੀ ਕਮੇਟੀ ਦੇ ਵੀ ਮੈਂਬਰ ਸਨ ਜਿਸਨੂੰ ਸ਼੍ਰੀ ਅਕਾਲ ਤਖਤ ਸਾਹਿਬ ਨੇ ਅਕਾਲੀ ਦਲ ਦੀ ਭਰਤੀ ਲਈ ਆਦੇਸ਼ ਦਿੱਤਾ ਸੀ। ਬੀਤੇ ਦਿਨ ਆਪਨੂੰ ਨਵੇਂ ਅਕਾਲੀ ਦਲ ਦੀ ਪੰਥਕ ਕੌਂਸਲ ਦੇ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ। ਪੰਜਾਬ ਦੇ ਲੋਕਾਂ ਨੂੰ ਨਵੇਂ ਅਕਾਲੀ ਦਲ ਤੋਂ ਵੱਡੀਆਂ ਆਸਾਂ ਹਨ ਅਸੀਂ ਆਸ ਕਰਦੇ ਹਾਂ ਕਿ ਗਿਆਨੀ ਹਰਪ੍ਰੀਤ ਸਿੰਘ ਅਤੇ ਬੀਬੀ ਸਤਵੰਤ ਕੌਰ ਦੀ ਅਗਵਾਈ ਵਿੱਚ ਨਵਾਂ ਅਕਾਲੀ ਦਲ ਨਵੇਂ ਮਾਅਰਕੇ ਮਾਰੇਗਾ ਅਤੇ ਪੰਜਾਬ ਦੇ ਲੋਕਾਂ ਦੀਆਂ ਆਸਾਂ ਤੇ ਪੂਰਾ ਉਤਰੇਗਾ।

-ਕੁਲਵੰਤ ਸਿੰਘ ਗੱਗੜਪੁਰੀ