Connect with us

Punjab

ਹਿੰਦੂਆਂ ਨੇ ਸ਼ਹੀਦੀ ਦਿਹਾੜਾ ਸਮਾਗਮ ਸ਼ਰਧਾ ਨਾਲ ਮਨਾਏ ਤੇ ਸਿੱਖ ਆਗੂ ਸਿਆਸੀ ਕਠਪੁਤਲੀ ਬਣੇ ਰਹੇ !

Published

on

ਸਾਹਿਬ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦਾ 350 ਵਾਂ ਸ਼ਹੀਦੀ ਦਿਹਾੜਾ ਪੂਰੀ ਦੁਨੀਆ ਵਿਚ ਵੱਸਦੇ ਹਿੰਦੂ ਅਤੇ ਸਿੱਖਾਂ ਵੱਲੋਂ ਮਨਾਇਆ ਜਾ ਰਿਹਾ ਹੈ ਪਰ ਅਫਸੋਸ ਦੀ ਗੱਲ ਇਹ ਹੈ ਕਿ ਸਿੱਖ ਆਗੂ ਆਪਸ ਵਿੱਚ ਮੇਹਨੋ ਮੇਹਨੀ ਹੋ ਸ਼ਹੀਦੀ ਦਿਹਾੜੇ ਮੌਕੇ ਕੁੱਕੜ ਖੇਹ ਉਡਾ ਰਹੇ ਨੇ ਅਤੇ ਜਥੇਦਾਰ ਸਿਆਸੀ ਕਠਪੁਤਲੀ ਬਣੇ ਹੋਏ ਹਨ। ਵਿਵਾਦਾਂ ਨਾਲ ਬਣੇ ਸ਼੍ਰੀ ਅਕਾਲ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸ਼ਰਾਬੀ ਮੁੱਖ ਮੰਤਰੀ ਕਿਹਾ ਜਾ ਰਿਹਾ ਹੈ ਅਤੇ ਮਾਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਹੜਾ ਵਿਅਕਤੀ ਮਰਯਾਦਾ ਨੂੰ ਛਿੱਕੇ ਟੰਗ ਕੇ ਜਥੇਦਾਰ ਬਣਿਆ ਉਹ ਸਾਨੂੰ ਮਰਯਾਦਾ ਕੀ ਸਿਖਾਏਗਾ। ਪਹਿਲਾਂ ਤਾਂ ਜਦੋਂ ਪੰਜਾਬ ਸਰਕਾਰ ਨੇ ਗੁਰੂ ਤੇਗ ਬਹਾਦਰ ਸਾਹਿਬ ਦਾ 350 ਵਾਂ ਸ਼ਹੀਦੀ ਦਿਹਾੜਾ ਮਨਾਉਣ ਦਾ ਐਲਾਨ ਕੀਤਾ ਸੀ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸਦਾ ਵਿਰੋਧ ਕੀਤਾ ਸੀ। ਸਾਡਾ ਗੁਆਂਢੀ ਸੂਬਾ ਹਰਿਆਣਾ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਿਹਾੜੇ ਨੂੰ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾ ਰਿਹਾ ਹੈ।ਹਰਿਆਣਾ ਸਰਕਾਰ ਵੱਲੋਂ ਪੂਰੀ ਮਰਯਾਦਾ ਨਾਲ ਸਮਾਗਮ ਕਰਵਾਏ ਜਾ ਰਹੇ ਹਨ ਪਰ ਇੱਧਰ ਪੰਜਾਬ ਵਿੱਚ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਪ੍ਰਚਾਰਣ ਦੀ ਥਾਂ ਸਿੱਖ ਲੀਡਰ ਇੱਕ ਦੂਜੇ ਨੂੰ ਨੀਵਾਂ ਵਿਖਾਉਣ ਲਈ ਬਿਆਨਬਾਜ਼ੀ ਕਰ ਰਹੇ ਹਨ। ਇੱਥੇ ਵਜ੍ਹਾ ਕੀ ਹੈ ਕਿ ਖੁਦ ਵਿਵਾਦਾਂ ਵਿੱਚ ਘਿਰਿਆ ਜਥੇਦਾਰ ਨੌਵੇਂ ਪਾਤਸ਼ਾਹ ਦੇ ਸ਼ਹੀਦੀ ਦਿਹਾੜੇ ਮੌਕੇ ਸੰਗਤਾਂ ਨੂੰ ਗੁਰੂ ਸਾਹਿਬ ਦੀ ਸ਼ਹਾਦਤ ਅਤੇ ਸਿੱਖਿਆਵਾਂ ਬਾਰੇ ਜਾਣਕਾਰੀ ਦੇਣ ਦੀ ਬਜਾਏ ਲੋਕਾਂ ਨੂੰ ਚਰਿੱਤਰ ਦੇ ਸਰਟੀਫਿਕੇਟ ਵੰਡਣ ‘ਤੇ ਕਿਉੰ ਲੱਗਾ ਹੋਇਆ ਹੈ ?

ਕਾਰਨ ਸਾਫ਼ ਹੈ ਕਿ ਇਸ ਸਮੇਂ ਆਪਣਾ ਆਧਾਰ ਗਵਾ ਬੈਠਾ ਅਕਾਲੀ ਦਲ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਿਹਾੜੇ ਨੂੰ ਆਪਣਾ ਸਿਆਸੀ ਅਧਾਰ ਮੁੜ ਬਣਾਉਣ ਲਈ ਵਰਤ ਰਿਹਾ ਹੈ। ਅਸੀਂ ਸਭ ਜਾਣਦੇ ਹਾਂ ਕਿ ਅਕਾਲੀ ਦਲ ਬਾਦਲ ਨੇ ਆਪਣੇ ਸ਼ਾਸਨ ਕਾਲ ਦੌਰਾਨ ਜੋ ਗੁਨਾਹ ਕੀਤੇ ਉਸ ਕਾਰਨ ਪੰਜਾਬ ਦੇ ਲੋਕਾਂ ਨੇ ਬਾਦਲ ਦਲ ਨਕਾਰ ਦਿੱਤਾ ਸੀ। ਵੱਡੇ ਵੱਡੇ ਅਕਾਲੀ ਲੀਡਰ ਸੁਖਬੀਰ ਬਾਦਲ ਨੂੰ ਛੱਡ ਕੇ ਚਲੇ ਗਏ ਅਤੇ ਬਾਗੀ ਲੀਡਰਾਂ ਨੇ ਆਪਣਾ ਵੱਖਰਾ ਅਕਾਲੀ ਦਲ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਬਣਾ ਲਿਆ ਹੈ। ਇਸ ਸਭ ਦੇ ਦਰਮਿਆਨ ਕੀ ਕੁੱਝ ਹੋਇਆ ਇਹ ਵੀ ਪੰਜਾਬ ਦੇ ਲੋਕ ਵੇਖ ਸੁਣ ਚੁੱਕੇ ਹਨ। ਦੋ ਦਸੰਬਰ 2024 ਨੂੰ ਸੁਖਬੀਰ ਸਿੰਘ ਬਾਦਲ ਨੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚ ਕੇ ਆਪਣੀ ਸਰਕਾਰ ਦੌਰਾਨ ਕੀਤੇ ਸਾਰੇ ਗੁਨਾਹਾਂ ਨੂੰ ਕਬੂਲਿਆ ਵੀ ਸੀ। ਪਿਛਲੇ ਸਮੇਂ ਦੌਰਾਨ ਹੋਈਆਂ ਸਾਰੀਆਂ ਚੋਣਾਂ ਵਿੱਚ ਬਾਦਲ ਦਲ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੁੰਦੀਆਂ ਰਹੀਆਂ ਨੇ। ਹਾਂ ਪਿਛਲੇ ਦਿਨੀਂ ਹੋਈ ਤਰਨਤਾਰਨ ਜ਼ਿਮਨੀ ਚੋਣ ਵਿੱਚ ਸੁਖਬੀਰ ਸਿੰਘ ਬਾਦਲ ਨੇ ਬਾਹੂਬਲੀ ਪੱਤਾ ਖੇਡਿਆ ਜਿਸ ਕਰਕੇ ਉਸਦੀ ਉਮੀਦਵਾਰ ਦੀ ਜ਼ਮਾਨਤ ਬਚ ਗਈ। ਹੁਣ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਸ਼ਤਾਬਦੀ ਨੂੰ ਇੱਕ ਮੌਕਾ ਸਮਝਿਆ ਜਾ ਰਿਹਾ ਸੀ ਕਿ ਪੰਜਾਬ ਦੇ ਲੋਕਾਂ ਦੇ ਮਨਾਂ ਵਿੱਚ ਬਾਦਲ ਦਲ ਲਈ ਥੋੜੀ ਜਗ੍ਹਾ ਬਣਾਈ ਜਾਂਦੀ ਪਰ ਪੰਜਾਬ ਸਰਕਾਰ ਨੇ ਬਰਾਬਰ ਤੇ ਸਮਾਗਮ ਰੱਖ ਕੇ ਉਨ੍ਹਾਂ ਆਸਾਂ ਤੇ ਪਾਣੀ ਫੇਰ ਦਿੱਤਾ ਹੈ।

ਇਸ ਲਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਤੋਂ ਅਜਿਹੇ ਸਿਆਸੀ ਬਿਆਨ ਦਿਵਾਏ ਜਾ ਰਹੇ ਹਨ ਕਿ ਮੁੱਖ ਮੰਤਰੀ ਸ਼ਰਾਬੀ ਹੈ। ਜਥੇਦਾਰ ਸਾਹਿਬ ਹੁਣ ਤੱਕ ਜਿੰਨੇ ਵੀ ਮੁੱਖ ਮੰਤਰੀ ਰਹੇ ਉਨ੍ਹਾਂ ਵਿੱਚੋਂ ਕਿੰਨੇ ਸਨ ਜੋ ਸ਼ਰਾਬ ਨਹੀਂ ਸਨ ਪੀਂਦੇ? ਕੀ ਭਗਵੰਤ ਮਾਨ ਪਹਿਲਾ ਮੁੱਖ ਮੰਤਰੀ ਹੈ ਜੋ ਸ਼ਰਾਬ ਪੀਂਦਾ ਹੈ। ਪਿਛਲੇ ਸਮੇਂ ਦੌਰਾਨ ਤਾਂ ਇਹ ਵੇਖਣ ਵਿੱਚ ਆਇਆ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਬਰਾਂ ਦੇ ਪਰਿਵਾਰਾਂ ਨੇ ਸ਼ਰਾਬ ਦੇ ਠੇਕੇ ਵੀ ਲਏ ਸਨ। ਇੱਥੇ ਇਹ ਸਵਾਲ ਪੁੱਛ ਕੇ ਮੈਂ ਸ਼ਰਾਬ ਪੀਣ ਦੇ ਹੱਕ਼ ਵਿੱਚ ਆਵਾਜ਼ ਨਹੀਂ ਉਠਾ ਰਿਹਾ ਮੈਂ ਸਿਰਫ ਇੰਨਾਂ ਹੀ ਕਹਿਣਾ ਚਾਹ ਰਿਹਾ ਹਾਂ ਕਿ ਐਸਾ ਕੋਈ ਕਾਨੂੰਨ ਨਹੀਂ ਹੈ ਜਿਸ ਮੁਤਾਬਕ ਸ਼ਰਾਬ ਪੀਣ ਵਾਲਾ ਵਿਅਕਤੀ ਮੁੱਖ ਮੰਤਰੀ ਨਹੀਂ ਬਣ ਸਕਦਾ। ਜਥੇਦਾਰ ਸਾਹਿਬ ਤੁਹਾਡਾ ਫਰਜ਼ ਕੀ ਬਣਦਾ ਹੈ ਉਸ ਵੱਲ ਧਿਆਨ ਦਿਓ। ਅੱਜ ਸਿੱਖ ਧਰਮ ਕਿਸ ਥਾਂ ਤੇ ਖੜ੍ਹਾ ਉਹ ਵੇਖੋ। ਅਸੀਂ ਪੰਜਾਬ ਅੰਦਰ ਵੀ ਘੱਟ ਗਿਣਤੀਆਂ ਵਿੱਚ ਆਉਣ ਵਾਲੇ ਹਾਂ। ਪੰਜਾਬ ਵਿੱਚ ਗ਼ਰੀਬ ਲੋਕ ਇਸਾਈ ਬਣਦੇ ਜਾ ਰਹੇ ਨੇ। ਸਿੱਖ ਧਰਮ ਦਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ ਪਰ ਅੱਜ ਸਾਡੀ ਗਿਣਤੀ ਕਿੰਨੀ ਇਹ ਵੇਖੋ। ਇਸਾਈ ਧਰਮ ਦੁਨੀਆ ਵਿੱਚ ਫੈਲਿਆ ਹੋਇਆ ਹੈ, ਮੁਸਲਮਾਨ ਮਜ਼੍ਹਬ ਕਈ ਦੇਸ਼ਾਂ ਵਿੱਚ ਪਸਰ ਚੁੱਕਾ। ਬੁੱਧ ਧਰਮ ਕਿੰਨਾ ਫੈਲ ਚੁੱਕਾ ਹੈ ਪਰ ਵਿਗਿਆਨਕ ਸੋਚ ਵਾਲਾ ਅਤੇ ਮਨੁੱਖੀ ਅਧਿਕਾਰਾਂ ਲਈ ਕੁਰਬਾਨੀਆਂ ਦੇਣ ਵਾਲਾ ਧਰਮ ਦਿਨੋਂ ਦਿਨ ਸੁੰਗੜਦਾ ਜਾ ਰਿਹਾ ਹੈ। ਇਸਦੀ ਵਜ੍ਹਾ ਹੀ ਇਹ ਹੈ ਕਿ ਸਾਡੇ ਧਾਰਮਿਕ ਆਗੂ ਸਿਆਸੀ ਕਠਪੁਤਲੀਆਂ ਬਣ ਕੇ ਸਿਆਸਤ ਲਈ ਕੰਮ ਕਰ ਰਹੇ ਹਨ ਆਪਣੇ ਫਰਜ਼ਾਂ ਨੂੰ ਸਹੀ ਢੰਗ ਨਾਲ ਨਹੀਂ ਨਿਭਾਅ ਰਹੇ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਰਬਾਂ ਰੁਪਏ ਦਾ ਬਜ਼ਟ ਹੈ ਪਰ ਅਸੀਂ ਅਜਿਹੇ ਵਧੀਆ ਸਕੂਲ ਕਾਲਜ ਨਹੀਂ ਖੋਲ੍ਹ ਸਕੇ ਜਿੱਥੇ ਗਰੀਬ ਸਿੱਖਾਂ ਨੂੰ ਮੁਫਤ ਸਿੱਖਿਆ ਦਿੱਤੀ ਜਾ ਸਕੇ। ਅਸੀਂ ਵਧੀਆ ਹਸਪਤਾਲ ਨਹੀਂ ਬਣਾ ਸਕੇ ਜਿੱਥੇ ਗਰੀਬ ਸਿੱਖਾਂ ਨੂੰ ਮੁਫ਼ਤ ਸਿਹਤ ਸੇਵਾਵਾਂ ਮਿਲ ਸਕਣ। ਇਸਦੇ ਉਲਟ ਇਸਾਈ ਭਾਈਚਾਰੇ ਵੱਲੋਂ ਇਸਾਈ ਭਾਈਚਾਰੇ ਦੇ ਬੱਚਿਆਂ ਲਈ ਮੁਫ਼ਤ ਸਿਹਤ ਸੇਵਾਵਾਂ ਅਤੇ ਮੁਫ਼ਤ ਸਿੱਖਿਆ ਦਿੱਤੀ ਜਾ ਰਹੀ ਹੈ ਜਿਸ ਕਾਰਨ ਪੰਜਾਬ ਦੇ ਗਰੀਬ ਲੋਕ ਇਸਾਈ ਬਣ ਰਹੇ ਹਨ। ਦੂਜਾ ਵੱਡਾ ਕਾਰਨ ਹੈ ਜਾਤ ਪਾਤ ਦਾ ਜਿਸ ਕਰਕੇ ਪੰਜਾਬ ਪਛੜੇ ਹੋਏ ਲੋਕ ਦੂਜੇ ਧਰਮਾਂ ਵਿੱਚ ਸ਼ਾਮਲ ਹੋ ਰਹੇ ਹਨ। ਜਥੇਦਾਰ ਸਾਹਬ ਆਪਣੇ ਫਰਜ਼ਾਂ ਨੂੰ ਪਛਾਣੋ, ਧਰਮ ਦਾ ਸਹੀ ਢੰਗ ਨਾਲ ਪ੍ਰਚਾਰ ਕਰੋ। ਗੁਰੂ ਸਾਹਿਬਾਨ ਦੀਆਂ ਸਿਖਿਆਵਾਂ ਅਤੇ ਕੁਰਬਾਨੀਆਂ ਬਾਰੇ ਲੋਕਾਂ ਨੂੰ ਜਾਣੂ ਕਰਵਾਓ। ਆਖਿਰ ਵਿੱਚ ਇਹ ਹੀ ਕਹਾਂਗਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਸ਼ਤਾਬਦੀ ਮੌਕੇ ਲੋਕਾਂ ਦੱਸੋ ਕਿ ਉਨ੍ਹਾਂ ਕੁਰਬਾਨੀ ਕਿਉੰ ਦਿੱਤੀ। ਗੁਰੂ ਗੋਬਿੰਦ ਸਿੰਘ ਸਾਹਿਬ ਵੱਲੋਂ ਸਾਜੇ ਖਾਲਸੇ ਦਾ ਸਹੀ ਇਤਿਹਾਸ ਲੋਕਾਂ ਨੂੰ ਦੱਸ ਕੇ ਜਾਤ ਪਾਤ ਦੇ ਕੋਹੜ ਚੋਂ ਸਿੱਖ ਕੌਮ ਕੱਢਣ ਦੀ ਕੋਸ਼ਿਸ਼ ਕਰੋ। ਸਾਰੇ ਗੁਰੂ ਸਾਹਿਬਾਨ ਵੱਲੋਂ ਮਾਨਵਤਾ ਲਈ ਅਤੇ ਮਾਨਵ ਅਧਿਕਾਰਾਂ ਲਈ ਲਈ ਲੜੀ ਲੜਾਈ ਬਾਰੇ ਲੋਕਾਂ ਨੂੰ ਦੱਸੋ ਅਤੇ ਸਿੱਖ ਕੌਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕੰਮ ਕਰੋ ਨਾ ਕਿ ਇੱਕ ਪਰਿਵਾਰ ਨੂੰ ਸਿਆਸੀ ਲਾਹਾ ਦੇਣ ਲਈ।

 

ਕੁਲਵੰਤ ਸਿੰਘ ਗੱਗੜਪੁਰੀ