India
ਵਫ਼ਾਦਾਰੀਆਂ ਦੀ ਅਣਹੋਂਦ: ਵਧਦੇ Extra-Marital Affairs ਤੇ ਟੁੱਟਦੇ ਰਿਸ਼ਤੇ – ਸਮਾਜ ਨੂੰ ਹਿਲਾ ਦੇਣ ਵਾਲੀ ਹਕੀਕਤ
ਇੱਕ ਵਾਰ ਫਿਰ, ਦਿੱਲੀ ਤੋਂ ਆਈ Kamla Pasand pan masala ਦੇ ਅਰਬਪਤੀ kamal kishor Chaurasia ਦੇ ਪੁੱਤਰ Harpreet chaurasiya ਦੀ ਪਤਨੀ Deepti ਦੀ ਆਤਮਹੱਤਿਆ ਦੀ ਖ਼ਬਰ ਨੇ ਸਮਾਜ ਦੇ ਸਭ ਤੋਂ ਦਰਦਨਾਕ ਅਤੇ ਖਤਰਨਾਕ ਸੱਚ ਨੂੰ ਨੰਗਾ ਕਰ ਦਿੱਤਾ ਹੈ—ਰਿਸ਼ਤੇ ਹੁਣ ਪਿਆਰ ਨਾਲ ਨਹੀਂ, ਬਲਕਿ ਬੇਵਫ਼ਾਈ, ਤਣਾਅ ਅਤੇ ਮਨੋਵਿਗਿਆਨਕ ਹਿੰਸਾ ਨਾਲ ਚੱਲ ਰਹੇ ਹਨ। ਜਦੋਂ ਡਾਇਰੀ ਵਿੱਚ ਇੱਕ ਔਰਤ ਇਹ ਲਿਖ ਦੇਵੇ ਕਿ “ਜੇ ਰਿਸ਼ਤੇ ਵਿੱਚ ਪਿਆਰ ਤੇ ਭਰੋਸਾ ਹੀ ਨਾ ਹੋਵੇ ਤਾਂ ਜੀਵਨ ਕੀ?” ਤਾਂ ਇਹ ਸਿਰਫ਼ ਇੱਕ ਘਰ ਦੀ ਕਹਾਣੀ ਨਹੀਂ ਰਹਿੰਦੀ, ਇਹ ਪੂਰੇ ਸਮਾਜ ਲਈ ਸਾਇਰਨ ਹੈ।
DEEPTI ਦੇ ਭਰਾ ਨੇ ਦੋਸ਼ ਲਗਾਏ ਹਨ ਕਿ ਉਸਦੇ ਜੀਜੇ ਦੇ ਕਿਸੇ ਔਰਤ ਨਾਲ ਨਜ਼ਾਇਜ਼ ਸੰਬੰਧ ਸਨ।
ਅੱਜ extra-marital affairs ਇੱਕ ਨਵਾਂ ਰੋਗ ਬਣ ਚੁੱਕਿਆ ਹੈ। ਮੋਬਾਈਲ, ਸੋਸ਼ਲ ਮੀਡੀਆ, ਚੈਟਿੰਗ ਐਪ—ਇਹ ਸਾਰੀਆਂ ਚੀਜ਼ਾਂ ਨਾਜ਼ਾਇਜ਼ ਰਿਸ਼ਤਿਆਂ ਵਿੱਚ ਉਹ ਨਜ਼ਦੀਕੀਆਂ ਬਣਾ ਰਹੀਆਂ ਹਨ, ਜਿਨ੍ਹਾਂ ਦੀ ਕਦੇ ਇਜਾਜ਼ਤ ਨਹੀਂ ਸੀ। ਘਰਾਂ ਵਿੱਚ ਬੈਠੇ ਲੋਕ ਬਾਹਰਲਿਆਂ ਨਾਲ ਜ਼ਿਆਦਾ ਜੁੜੇ ਹੋਏ ਹਨ ਤੇ ਆਪਣੇ ਸਾਥੀ ਨਾਲ ਘੱਟ। ਇੱਕ ਵਾਰ ਮਨ ਦੀ ਗੱਲ ਘਰ ਦੀ ਬਜਾਏ ਬਾਹਰ ਸਾਂਝੀ ਹੋਣ ਲੱਗ ਪਏ ਤਾਂ ਪਤੀ ਪਤਨੀ ਦਾ ਰਿਸ਼ਤਾ ਅੰਦਰੋਂ ਮੁਰਝਾਉਣਾ ਸ਼ੁਰੂ ਹੋ ਜਾਂਦਾ ਹੈ। ਇਹ ਬੇਵਫ਼ਾਈ ਸਿਰਫ਼ ਸਰੀਰਕ ਨਹੀਂ, ਸਭ ਤੋਂ ਪਹਿਲਾਂ ਮਨ ਤੋਂ ਸ਼ੁਰੂ ਹੁੰਦੀ ਹੈ, ਤੇ ਮਨ ਦੀ ਇਹ ਦਗ਼ਾਬਾਜ਼ੀ ਘਰਾਂ ਨੂੰ ਸਾੜ ਦਿੰਦੀ ਹੈ।
ਰਿਸ਼ਤਿਆਂ ਦੀ ਸਭ ਤੋਂ ਵੱਡੀ ਤਬਾਹੀ ਹੈ ਚੁੱਪੀ—ਚੁੱਪ ਤਣਾਅ, ਚੁੱਪ ਬੇਇੱਜ਼ਤੀ, ਚੁੱਪ ਰੋਜ਼ਾਨਾ ਦੀ ਹਿੰਸਾ। ਬਹੁਤ ਵਾਰ ਔਰਤਾਂ ਇਹ ਚੁੱਪੀ ਇਸ ਕਰਕੇ ਰੱਖਦੀਆਂ ਹਨ ਕਿ ਸਮਾਜ ਕੀ ਕਹੇਗਾ, ਬੱਚੇ ਕਿੱਥੇ ਜਾਣਗੇ, ਘਰ ਟੁੱਟੇਗਾ ਅਤੇ ਇਹੀ ਚੁੱਪੀ ਉਹਨਾਂ ਦੇ ਮਨ ਦੇ ਅੰਦਰ ਇੱਕ ਨਸੂਰ ਬਣਾ ਦਿੰਦੀ ਹੈ, ਜਿਸਦਾ ਅੰਤ ਕਈ ਵਾਰੀ ਮੌਤ ਹੁੰਦਾ ਹੈ । Kamla Pasand ਪਰਿਵਾਰ ਦੀ ਬਹੁ ਨੇ ਵੀ ਡਾਇਰੀ ਵਿੱਚ ਰਿਸ਼ਤੇ ਦੀ ਇਹੀ ਦੂਰੀ ਅਤੇ ਰਿਸ਼ਤਾ ਟੁੱਟਣ ਦਾ ਵਿਰਲਾਪ ਕੀਤਾ ਹੈ। ਇੱਕ ਘਰੇਲੂ ਤਣਾਅ ਕਿਹੋ ਜਿਹਾ ਬੋਝ ਬਣ ਗਿਆ ਕਿ ਇੱਕ ਇਨਸਾਨ ਨੇ ਹਾਰ ਮੰਨ ਲਈ।
ਸਭ ਤੋਂ ਵੱਡੀ ਗਲਤੀ ਸਮਾਜ ਦੀ ਹੈ। ਜਦੋਂ ਇੱਕ ਔਰਤ ਆਪਣੇ ਦੁੱਖ ਬਿਆਨ ਕਰਦੀ ਹੈ, ਸਭ ਕਹਿੰਦੇ ਹਨ “ਇਹ ਤਾਂ ਘਰ ਦੀਆਂ ਗੱਲਾਂ ਹਨ”, “ਇਹ ਗੱਲਾਂ ਆਮ ਨੇ ”, “ਚੱਲੋ, ਘਰ ਵਿੱਚ ਮਸਲਾ ਹੱਲ ਕਰ ਲਓ।” ਇਸ ਤਰ੍ਹਾਂ ਦੇ ਡਾਇਲਾਗ ਉਹਨਾਂ ਦੀ ਹਿੰਮਤ ਨਹੀਂ ਵਧਾਉਂਦੇ—ਉਹਨਾਂ ਦੀ ਬੇਬਸੀ ਵਧਾ ਦਿੰਦੇ ਹਨ। ਇੱਕ ਜ਼ਹਿਰੀਲੇ ਰਿਸ਼ਤੇ ਨੂੰ ਖਿੱਚ ਕੇ ਚਲਾਉਣਾ ਕੋਈ ਹੱਲ ਨਹੀਂ ਸਗੋਂ ਇਹ ਤਬਾਹੀ ਵੱਲ ਲੈ ਜਾਂਦਾ ਹੈ। ਰਿਸ਼ਤਾ ਜਦੋਂ ਦਿਨ ਪ੍ਰਤੀ ਦਿਨ ਇੱਕ ਤਣਾਅ ਬਣ ਜਾਵੇ, ਜਿੱਥੇ ਭਰੋਸਾ ਮਰ ਚੁੱਕਿਆ ਹੋਵੇ, ਜਿੱਥੇ ਦਿਲਾਂ ਵਿੱਚ ਸ਼ੱਕ ਦੀ ਦਲਦਲ ਹੋਵੇ—ਉਹ ਰਿਸ਼ਤਾ ਬਚਾਉਣਾ ਨਹੀਂ ਸਗੋਂ ਛੱਡ ਦੇਣਾ ਚਾਹੀਦਾ ਹੈ। ਕਿਸੇ ਦੀ ਗਲਤੀ ਲਈ ਖੁਦਕੁਸ਼ੀ ਦਾ ਫ਼ੈਸਲਾ ਨਹੀਂ ਲੈਣਾ ਚਾਹੀਦਾ, ਦੂਰੀ ਬਣਾ ਲੈਣੀ ਚਾਹੀਦੀ ਹੈ।
ਜ਼ਿਆਦਾਤਰ Extra-marital affair ਦੀ ਚਿੰਗਾਰੀ ਕਿਸੇ ਨੂੰ ਪਤਾ ਨਹੀਂ ਲੱਗਦੀ ਪਰ ਉਸ ਦੀ ਲਪਟ ਪੂਰੇ ਘਰ ਨੂੰ ਜਲਾ ਦਿੰਦੀ ਹੈ। ਇਹ ਸਿਰਫ਼ ਦੋ ਲੋਕਾਂ ਦੀ ਗੱਲ ਨਹੀਂ ਹੁੰਦੀ—ਇਹ ਬੱਚਿਆਂ ਦੀ ਜ਼ਿੰਦਗੀ, ਪਰਿਵਾਰਾਂ ਦੀ ਸ਼ਾਂਤੀ ਅਤੇ ਸਮਾਜ ਦੀ ਸੋਚ ਨੂੰ ਪ੍ਰਭਾਵਿਤ ਕਰਦੀ ਹੈ। ਇੱਕ ਬੇਵਫ਼ਾਈ ਦਾ ਫ਼ੈਸਲਾ ਕਦੇ ਵੀ ਸਿਰਫ਼ ਨਿੱਜੀ ਨਹੀਂ ਹੁੰਦਾ, ਇਹ ਕਈ ਜਿੰਦਗੀਆਂ ਦੀ ਕਿਸਮਤ ਬਦਲ ਦੇਂਦਾ ਹੈ।
ਅੱਜ ਦੀ ਸੱਚਾਈ ਇਹ ਹੈ ਕਿ ਰਿਸ਼ਤੇ ਪਿਆਰ ਨਾਲ ਨਹੀਂ, ਉਸ ਪਿਆਰ ਦੀ ਰੱਖਿਆ ਨਾਲ ਚੱਲਦੇ ਹਨ। ਜਿੱਥੇ ਦੋਵੇਂ ਪਾਸੇ ਸੱਚੇ ਹੋਣ, ਖੁੱਲ੍ਹ ਕੇ ਗੱਲ ਕਰਨ, ਭਰੋਸੇ ਨੂੰ ਨੀਵਾਂ ਨਾ ਪੈਣ ਦੇਣ—ਉਥੇ ਰਿਸ਼ਤੇ ਬਚਦੇ ਹਨ,ਜਿੱਥੇ ਦਿਲ ਦੇ ਦਰਵਾਜ਼ੇ ਬੰਦ ਹੋ ਜਾਣ, ਉਥੇ ਘਰ ਦੇ ਦਰਵਾਜ਼ੇ ਕਿਵੇਂ ਖੁੱਲ੍ਹੇ ਰਹਿ ਸਕਦੇ ਹਨ?
ਇਸ ਘਟਨਾ ਨੇ ਇੱਕ ਵਾਰ ਫਿਰ ਯਾਦ ਕਰਵਾ ਦਿੱਤਾ ਹੈ ਕਿ extra-marital affair ਕਿਸੇ ਦਾ ਰੋਮਾਂਸ ਨਹੀਂ, ਕਿਸੇ ਦਾ ਐਡਵੈਂਚਰ ਨਹੀਂ—ਇਹ ਇੱਕ ਪਰਿਵਾਰ ਦੀ ਬਰਬਾਦੀ ਹੈ, ਇੱਕ ਔਰਤ ਜਾਂ ਮਰਦ ਦੀ ਮਨੋਵਿਗਿਆਨਕ ਹੱਤਿਆ ਹੈ, ਇੱਕ ਰਿਸ਼ਤੇ ਦੀ ਮੌਤ ਹੈ। ਸਮਾਜ ਨੂੰ ਹੁਣ ਇਹ ਬੇਰਹਿਮ ਸੱਚ ਕਬੂਲਣਾ ਪਵੇਗਾ—ਵਫ਼ਾਦਾਰੀ ਕੋਈ ਫ਼ਿਲਮੀ ਸ਼ਬਦ ਨਹੀਂ, ਇਹ ਘਰ ਦੀ ਬੁਨਿਆਦ ਹੈ। ਜਦੋਂ ਇਹ ਬੁਨਿਆਦ ਹਿੱਲਦੀ ਹੈ, ਤਾਂ ਮਹਲ ਨਹੀਂ, ਜਿੰਦਗੀਆਂ ਡਿੱਗਦੀਆਂ ਹਨ।
ਜੇ ਰਿਸ਼ਤੇ ਬਚਾਉਣੇ ਹਨ, ਤਾਂ ਸਾਫ਼ਦਿਲੀ ਅਤੇ ਸਾਫ਼ ਗੱਲਬਾਤ ਨਾਲ ਹੀ ਬਚ ਸਕਦੇ ਹਨ। ਨਹੀਂ ਤਾਂ ਇਹ ਮਾਮਲਾ ਸਿਰਫ਼ ਇੱਕ ਘਟਨਾ ਨਹੀਂ—ਇੱਕ ਲਗਾਤਾਰ ਵਧਦੀ ਹੋਈ ਤ੍ਰਾਸਦੀ ਹੈ, ਜੋ ਅੱਜ ਕਿਸੇ ਹੋਰ ਦੇ ਘਰ ਵਿੱਚ ਹੈ, ਕੱਲ੍ਹ ਕਿਸੇ ਵੀ ਘਰ ਦੀ ਕਹਾਣੀ ਬਣ ਸਕਦੀ ਹੈ।

