National
ਸੰਸਦ ਦਾ ਸਰਦ ਰੁੱਤ ਸੈਸ਼ਨ ਅੱਜ ਤੋਂ ਹੋਵੇਗਾ ਸ਼ੁਰੂ
ਅੱਜ ਭਾਵ 1 ਦਸੰਬਰ ਤੋਂ ਸੰਸਦ ਦਾ ਸਰਦ ਰੁੱਤ ਸੈਸ਼ਨ ਸ਼ੁਰੂ ਹੋ ਰਿਹਾ ਹੈ, ਜੋ ਕਿ 19 ਦਸੰਬਰ ਤੱਕ ਚੱਲੇਗਾ। ਇਸ ਦੌਰਾਨ, ਕਾਂਗਰਸ ਸਮੇਤ ਵਿਰੋਧੀ ਧਿਰ ਨੇ ਸਰਕਾਰ ਨੂੰ ਘੇਰਨ ਦੀ ਰਣਨੀਤੀ ਤਿਆਰ ਕੀਤੀ ਹੈ। ਸੈਸ਼ਨ ਤੋਂ ਪਹਿਲਾਂ ਐਤਵਾਰ ਨੂੰ ਸੱਦੀ ਗਈ ਸਰਬ ਪਾਰਟੀ ਮੀਟਿੰਗ ਵਿੱਚ ਸਰਕਾਰ ਅਤੇ ਵਿਰੋਧੀ ਧਿਰ ਵਿਚਾਲੇ ਤਲਖੀ ਸਾਫ਼ ਦਿਖਾਈ ਦਿੱਤੀ। ਐਤਵਾਰ ਨੂੰ ਹੰਗਾਮੇ ਵਾਲੇ ਹਾਲਾਤ ਤੇ ਡੈੱਡਲਾਕ ਦੀ ਸੰਭਾਵਨਾ ਉਦੋਂ ਪ੍ਰਗਟ ਹੋਈ ਜਦੋਂ ਜ਼ਿਆਦਾਤਰ ਵਿਰੋਧੀ ਪਾਰਟੀਆਂ ਨੇ ਸਰਬਸੰਮਤੀ ਨਾਲ ਮੰਗ ਕੀਤੀ ਕਿ SIR (ਸਪੈਸ਼ਲ ਇੰਟੈਂਸਿਵ ਰੀਵਿਊ) ‘ਤੇ ਚਰਚਾ ਕੀਤੀ ਜਾਵੇ, ਹਾਲਾਂਕਿ ਸਰਕਾਰ ਨੇ ਕਿਹਾ ਕਿ ਸੰਸਦੀ ਕਾਰਵਾਈ ਸੁਚਾਰੂ ਢੰਗ ਨਾਲ ਚੱਲਣੀ ਚਾਹੀਦੀ ਹੈ ਤੇ ਰੁਕਾਵਟ ਤੋਂ ਬਚਣ ਲਈ ਵਿਰੋਧੀ ਪਾਰਟੀਆਂ ਨਾਲ ਗੱਲਬਾਤ ਜਾਰੀ ਰੱਖੇਗੀ। ਦੂਜੇ ਪਾਸੇ ਕਾਂਗਰਸ ਆਗੂ ਪ੍ਰਮੋਦ ਤਿਵਾਰੀ ਨੇ ਸਾਫ਼ ਕਰ ਦਿੱਤਾ ਕਿ ਜਦੋਂ ਲੋਕਤੰਤਰ ਦੀ ਹੱਤਿਆ ਹੋ ਰਹੀ ਹੋਵੇ, ਤਾਂ ਵਿਰੋਧੀ ਧਿਰ ਚੁੱਪ ਨਹੀਂ ਬੈਠੇਗੀ ਅਤੇ ‘ਵੋਟ ਡਕੈਤੀ’ ਦੇ ਮੁੱਦੇ ਨੂੰ ਜ਼ੋਰ-ਸ਼ੋਰ ਨਾਲ ਚੁੱਕੇਗੀ। ਮੀਟਿੰਗ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ, ਜੇਪੀ ਨੱਡਾ ਅਤੇ ਵਿਰੋਧੀ ਧਿਰ ਦੇ ਕਈ ਵੱਡੇ ਆਗੂ ਸ਼ਾਮਲ ਹੋਏ।
ਦੱਸ ਦੇਈਏ ਕਿ 19 ਦਿਨਾਂ ਤੱਕ ਚੱਲਣ ਵਾਲੇ ਇਸ ਸੈਸ਼ਨ ਵਿੱਚ ਕੁੱਲ 15 ਬੈਠਕਾਂ ਹੋਣਗੀਆਂ। ਇਸ ਦੌਰਾਨ ਸਰਕਾਰ ਨੇ Atomic Energy Bill ਸਮੇਤ 10 ਨਵੇਂ ਬਿੱਲ ਪੇਸ਼ ਕਰਨ ਦੀ ਤਿਆਰੀ ਵੀ ਕੀਤੀ ਹੈ, ਜਿਨ੍ਹਾਂ ਵਿੱਚ ਬੀਮਾ ਖੇਤਰ ਵਿੱਚ ਵਿਦੇਸ਼ੀ ਨਿਵੇਸ਼ ਅਤੇ ਉੱਚ ਸਿੱਖਿਆ ਵਿੱਚ ਸੁਧਾਰ ਵਰਗੇ ਅਹਿਮ ਮੁੱਦੇ ਸ਼ਾਮਲ ਹਨ। ਉੱਥੇ ਹੀ, ਵਿਰੋਧੀ ਧਿਰ ਨੇ ਵੀ ਸਰਕਾਰ ਨੂੰ ਘੇਰਨ ਦੀ ਪੂਰੀ ਰਣਨੀਤੀ ਬਣਾ ਲਈ ਹੈ। 7 ਰਾਜਾਂ ਵਿੱਚ ਚੱਲ ਰਹੇ ਵੋਟਰ ਸੂਚੀ ਦੇ ਵਿਸ਼ੇਸ਼ ਤੀਬਰ ਸੋਧ (SIR) ਅਤੇ ਦਿੱਲੀ ਬਲਾਸਟ ਵਰਗੇ ਮੁੱਦਿਆਂ ‘ਤੇ ਪਹਿਲੇ ਹੀ ਦਿਨ ਦੋਵਾਂ ਸਦਨਾਂ ਵਿੱਚ ਭਾਰੀ ਹੰਗਾਮੇ ਦੇ ਆਸਾਰ ਹਨ।
