Connect with us

Punjab

ਕੀ ਸੁਖਬੀਰ ਬਾਦਲ ਦੇ ਸਿਪਾਹੀਆਂ ਵੱਲੋਂ ਨਿਯੁਕਤ ਜਥੇਦਾਰ ਨਿਰਪੱਖ ਹੋ ਸਕਦੇ ਨੇ?

Published

on

ਕੀ ਸੁਖਬੀਰ ਸਿੰਘ ਬਾਦਲ ਦੇ ਸਿਪਾਹੀਆਂ ਵੱਲੋਂ ਨਿਯੁਕਤ ਕੀਤੇ ਜਥੇਦਾਰ ਨਿਰਪੱਖ ਹੋ ਕੇ ਫੈਸਲੇ ਲੈ ਸਕਦੇ ਹਨ?—ਇਹ ਸਵਾਲ ਅੱਜ ਸਿੱਖ ਸੰਗਤਾਂ ਵਿੱਚ ਗੰਭੀਰ ਚਰਚਾ ਦਾ ਵਿਸ਼ਾ ਬਣ ਚੁੱਕਾ ਹੈ। ਇਹ ਚਰਚਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਉਸ ਬਿਆਨ ਤੋਂ ਬਾਅਦ ਹੋਰ ਤੇਜ਼ ਹੋਈ, ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਉਹਨੂੰ ਮਾਣ ਹੈ ਕਿ ਉਹ ਸੁਖਬੀਰ ਸਿੰਘ ਬਾਦਲ ਦਾ ਸੱਚਾ ਸਿਪਾਹੀ ਹੈ। ਇਹ ਬਿਆਨ ਮੁੱਖ ਮੰਤਰੀ ਭਗਵੰਤ ਮਾਨ ਦੇ ਉਸ ਕਹੇ ਦੇ ਜਵਾਬ ਵਜੋਂ ਆਇਆ, ਜਿਸ ਵਿੱਚ ਉਨ੍ਹਾਂ ਨੇ ਧਾਮੀ ਨੂੰ ਸੁਖਬੀਰ ਬਾਦਲ ਦਾ ਸਿਪਾਹੀ ਕਿਹਾ ਸੀ। ਇਸ ਗੱਲ ਨੂੰ ਹੋਰ ਅੱਗੇ ਵਧਾਉਂਦਿਆਂ ਅਮਰਜੀਤ ਸਿੰਘ ਚਾਵਲਾ ਵੱਲੋਂ ਵੀ ਇਹ ਕਹਿਣਾ ਕਿ ਮੌਜੂਦਾ ਸ਼੍ਰੋਮਣੀ ਕਮੇਟੀ ਵਿੱਚ ਅਕਾਲੀ ਦਲ ਬਾਦਲ ਦਾ ਬਹੁਮੱਤ ਹੈ ਅਤੇ ਪ੍ਰਧਾਨ ਵੀ ਉਸੇ ਪਾਰਟੀ ਦਾ ਹੈ, ਇਸ ਲਈ ਅਸੀਂ ਸੁਖਬੀਰ ਬਾਦਲ ਦੇ ਸਿਪਾਹੀ ਹੋਣ ‘ਤੇ ਮਾਣ ਮਹਿਸੂਸ ਕਰਦੇ ਹਾਂ—ਸੰਗਤਾਂ ਦੇ ਸੰਦੇਹ ਨੂੰ ਹੋਰ ਮਜ਼ਬੂਤ ਕਰਦਾ ਹੈ।

ਇਨ੍ਹਾਂ ਬਿਆਨਾਂ ਤੋਂ ਬਾਅਦ ਆਮ ਲੋਕਾਂ ਵਿੱਚ ਇਹ ਗੱਲ ਖੁੱਲ੍ਹ ਕੇ ਚਰਚਾ ਵਿੱਚ ਹੈ ਕਿ ਜੇ ਸ਼੍ਰੋਮਣੀ ਕਮੇਟੀ ਦੇ ਆਗੂ ਖੁਦ ਨੂੰ ਕਿਸੇ ਰਾਜਨੀਤਿਕ ਆਗੂ ਦੇ ਸਿਪਾਹੀ ਮੰਨਦੇ ਹਨ ਤਾਂ ਫਿਰ ਜਥੇਦਾਰਾਂ ਦੀ ਨਿਯੁਕਤੀ ਅਤੇ ਹਟਾਉਣ ਦੀ ਪ੍ਰਕਿਰਿਆ ਕਿੰਨੀ ਨਿਰਪੱਖ ਹੋ ਸਕਦੀ ਹੈ। ਅਸਲ ਵਿੱਚ ਇਹ ਧਾਰਨਾ ਬਣ ਰਹੀ ਹੈ ਕਿ ਜਥੇਦਾਰਾਂ ਦੀ ਨਿਯੁਕਤੀ ‘ਸਿਪਾਹੀਆਂ’ ਵੱਲੋਂ ਆਪਣੇ ‘ਕਮਾਂਡਰ’ ਦੀ ਰਜ਼ਾਮੰਦੀ ਨਾਲ ਹੁੰਦੀ ਹੈ ਅਤੇ ਹਟਾਉਣ ਦੇ ਫੈਸਲੇ ਵੀ ਉਸੇ ਰਾਜਨੀਤਿਕ ਘਰੋਂ ਆਉਂਦੇ ਹਨ। ਜੇ ਅਜਿਹਾ ਹੈ ਤਾਂ ਅਸਿੱਧੇ ਤੌਰ ‘ਤੇ ਜਥੇਦਾਰਾਂ ਦੀ ਨਿਯੁਕਤੀ ਅਤੇ ਬਰਖਾਸਤਗੀ ਦਾ ਕੇਂਦਰ ਰਾਜਨੀਤੀ ਬਣ ਜਾਂਦਾ ਹੈ, ਜੋ ਅਕਾਲ ਤਖਤ ਸਾਹਿਬ ਦੀ ਮਰਿਆਦਾ ਅਤੇ ਆਜ਼ਾਦ ਹੈਸੀਅਤ ‘ਤੇ ਗੰਭੀਰ ਸਵਾਲ ਖੜੇ ਕਰਦਾ ਹੈ।

ਸਿੱਖ ਸੰਗਤਾਂ ਲਈ ਇਹ ਸਿਰਫ਼ ਅਨੁਮਾਨ ਨਹੀਂ ਰਹੇ, ਸਗੋਂ ਪਿਛਲੇ ਤਜਰਬਿਆਂ ਨੇ ਇਸ ਸੰਦੇਹ ਨੂੰ ਹੋਰ ਡੂੰਘਾ ਕੀਤਾ ਹੈ। ਸਿਰਸੇ ਵਾਲੇ ਸਾਧ ਨੂੰ ਮੁਆਫ਼ੀ ਦੇਣ ਦੇ ਮਾਮਲੇ ਵਿੱਚ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਖ਼ਿਲਾਫ਼ ਭਾਰੀ ਰੋਸ ਉੱਠਿਆ, ਤਾਂ ਉਸ ਫੈਸਲੇ ਦੇ ਸਿਆਸੀ ਨਤੀਜੇ ਸਾਹਮਣੇ ਆਉਣ ‘ਤੇ ਤਤਕਾਲੀ ਜਥੇਦਾਰ ਨੂੰ ਪਹਿਲਾਂ ਤਨਖਾਹੀਆ ਕਰਾਰ ਦਿੱਤਾ ਗਿਆ ਅਤੇ ਫਿਰ ਤਨਖਾਹ ਵੀ ਲਗਾਈ ਗਈ। ਇਸੇ ਤਰ੍ਹਾਂ, ਜਿਨ੍ਹਾਂ ਜਥੇਦਾਰਾਂ ਨੇ ਬਾਦਲ ਪਰਿਵਾਰ ਖ਼ਿਲਾਫ਼ ਸਖ਼ਤ ਜਾਂ ਅਸੁਖਾਵੇਂ ਫੈਸਲੇ ਦਿੱਤੇ, ਉਨ੍ਹਾਂ ਨਾਲ ਕੀ ਵਰਤਾਵ ਹੋਇਆ—ਇਹ ਸਭ ਕੁੱਝ ਸੰਗਤਾਂ ਨੇ ਆਪਣੀਆਂ ਅੱਖਾਂ ਨਾਲ ਵੇਖਿਆ ਹੈ।

ਹੁਣ ਜਦੋਂ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਲਬ ਕੀਤਾ ਗਿਆ, ਤਾਂ ਸੰਗਤਾਂ ਵੱਲੋਂ ਇਹ ਸੋਚਣਾ ਕੁਦਰਤੀ ਸੀ ਕਿ ਕਿਤੇ ਇਹ ਕਦਮ ਵੀ ਕਿਸੇ ਰਾਜਨੀਤਿਕ ਹੁਕਮ ਦਾ ਨਤੀਜਾ ਤਾਂ ਨਹੀਂ। ਅਜਿਹੇ ਕਦਮ ਅਤੇ ਬਿਆਨ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ, ਨਿਰਪੱਖਤਾ ਅਤੇ ਆਤਮਕ ਅਧਿਕਾਰ ਨੂੰ ਸ਼ੱਕ ਦੇ ਘੇਰੇ ਵਿੱਚ ਲਿਆਉਂਦੇ ਹਨ, ਜੋ ਸਿੱਖ ਕੌਮ ਲਈ ਸਭ ਤੋਂ ਵੱਡੀ ਚਿੰਤਾ ਦੀ ਗੱਲ ਹੈ।

ਅਕਾਲ ਤਖਤ ਸਾਹਿਬ ਕਿਸੇ ਪਾਰਟੀ, ਪਰਿਵਾਰ ਜਾਂ ਸਿਆਸੀ ਧੜੇ ਦੀ ਜਾਇਦਾਦ ਨਹੀਂ, ਸਗੋਂ ਸਾਰੀ ਸਿੱਖ ਕੌਮ ਦੀ ਆਤਮਕ ਸਰਵਉੱਚ ਅਦਾਲਤ ਹੈ। ਇਸ ਦੀ ਮਰਿਆਦਾ ਤਦੋਂ ਹੀ ਬਰਕਰਾਰ ਰਹਿ ਸਕਦੀ ਹੈ ਜਦੋਂ ਜਥੇਦਾਰ ਅਤੇ ਪ੍ਰਬੰਧਕ ਨਿਰਪੱਖ, ਨਿਡਰ ਅਤੇ ਰਾਜਨੀਤਿਕ ਵਫ਼ਾਦਾਰੀਆਂ ਤੋਂ ਉੱਪਰ ਉੱਠ ਕੇ ਫੈਸਲੇ ਕਰਨ। ਇਸ ਲਈ ਸ਼੍ਰੋਮਣੀ ਕਮੇਟੀ ਦੇ ਆਗੂਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬਿਆਨਾਂ ਨਾਲ ਸਿਆਸੀ ਮਾਣ ਦਿਖਾਉਣ ਦੀ ਬਜਾਏ ਅਕਾਲ ਤਖਤ ਦੀ ਆਜ਼ਾਦ ਹੈਸੀਅਤ ਨੂੰ ਮਜ਼ਬੂਤ ਕਰਨ, ਕਿਉਂਕਿ ਇੱਕ ਗਲਤ ਬਿਆਨ ਜਾਂ ਕਦਮ ਸਿਰਫ਼ ਕਿਸੇ ਵਿਅਕਤੀ ਦੀ ਛਵੀ ਨਹੀਂ, ਸਗੋਂ ਪੂਰੀ ਸੰਸਥਾ ਦੀ ਭਰੋਸੇਯੋਗਤਾ ਨੂੰ ਨੁਕਸਾਨ ਪਹੁੰਚਉਦਾ ਹੈ। ਅਕਾਲ ਤਖਤ ਦੀ ਇੱਜ਼ਤ ਸਿਆਸਤ ਤੋਂ ਉੱਚੀ ਹੈ—ਇਹ ਗੱਲ ਸਮਝਣੀ ਅਤੇ ਮਨਵਾਣੀ ਹੀ ਅੱਜ ਦੀ ਸਭ ਤੋਂ ਵੱਡੀ ਲੋੜ ਹੈ।

ਕੁਲਵੰਤ ਸਿੰਘ ਗੱਗੜਪੁਰੀ