Punjab
11ਵੀਂ ਤੋਂ ਬਾਅਦ 12ਵੀਂ ‘ਚ ਸਟ੍ਰੀਮ ਨਹੀਂ ਬਦਲ ਸਕਣਗੇ ਵਿਦਿਆਰਥੀ
ਪੰਜਾਬ ਦੇ ਸਕੂਲੀ ਵਿਦਿਆਰਥੀਆਂ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਯਾਨੀ PSEB ਨੇ 11ਵੀਂ ਤੋਂ ਬਾਅਦ 12ਵੀਂ ਜਮਾਤ ਵਿੱਚ ਸਟ੍ਰੀਮ ਬਦਲਣ ’ਤੇ ਰੋਕ ਲਗਾ ਦਿੱਤੀ ਹੈ। ਹੁਣ ਵਿਦਿਆਰਥੀਆਂ ਨੂੰ 11ਵੀਂ ਵਿੱਚ ਹੀ ਇਹ ਤੈਅ ਕਰਨਾ ਹੋਵੇਗਾ ਕਿ ਉਹ 12ਵੀਂ ਵਿੱਚ ਕਿਹੜੀ ਸਟ੍ਰੀਮ ਨਾਲ ਪੜ੍ਹਾਈ ਜਾਰੀ ਰੱਖਣਗੇ।
ਨਵੇਂ ਫੈਸਲੇ ਮੁਤਾਬਕ 12ਵੀਂ ਜਮਾਤ ਵਿੱਚ Science ਤੋਂ Arts ਜਾਂ Commerce, ਜਾਂ ਕਿਸੇ ਹੋਰ ਸਟ੍ਰੀਮ ਵਿੱਚ ਬਦਲਾਅ ਨਹੀਂ ਕੀਤਾ ਜਾ ਸਕੇਗਾ।
PSEB ਦਾ ਮਕਸਦ 11ਵੀਂ ਅਤੇ 12ਵੀਂ ਦੇ ਸਿਲੇਬਸ ਵਿੱਚ ਲਗਾਤਾਰਤਾ ਬਣਾਈ ਰੱਖਣਾ ਅਤੇ ਵਿਦਿਆਰਥੀਆਂ ਦੀ Concept Base ਮਜ਼ਬੂਤ ਕਰਨਾ ਹੈ। ਹਾਲਾਂਕਿ ਜੇਕਰ ਕਿਸੇ ਵਿਦਿਆਰਥੀ ਨੂੰ ਆਪਣੀ ਸਟ੍ਰੀਮ ਜਾਂ ਵਿਸ਼ੇ ਵਿੱਚ ਬਦਲਾਅ ਕਰਨਾ ਹੈ ਤਾਂ ਇਸ ਲਈ 30 ਸਤੰਬਰ ਤੱਕ ਦਾ ਮੌਕਾ ਦਿੱਤਾ ਗਿਆ ਹੈ। ਇਸ ਤਾਰੀਖ ਤੋਂ ਬਾਅਦ ਵਿਸ਼ਾ ਜਾਂ ਸਟ੍ਰੀਮ ਬਦਲਣ ਦੀ ਇਜਾਜ਼ਤ ਨਹੀਂ ਹੋਵੇਗੀ।
ਇਹ ਨਵਾਂ ਨਿਯਮ ਸਰਕਾਰੀ ਅਤੇ ਪ੍ਰਾਈਵੇਟ ਦੋਵੇਂ ਤਰ੍ਹਾਂ ਦੇ ਸਕੂਲਾਂ ’ਤੇ ਲਾਗੂ ਹੋਵੇਗਾ। ਇਸ ਦੇ ਨਾਲ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਦੇ ਨਾਲ ਵਾਧੂ ਵਿਸ਼ਾ ਚੁਣਨ ਦੀ ਸਹੂਲਤ ਵੀ ਮਿਲੇਗੀ।
PSEB ਵੱਲੋਂ ਵਿਦਿਆਰਥੀਆਂ ਦੀ ਸਹੂਲਤ ਲਈ ਕੁਝ ਹੋਰ ਅਹਿਮ ਫੈਸਲੇ ਵੀ ਕੀਤੇ ਗਏ ਹਨ। 10ਵੀਂ ਅਤੇ 12ਵੀਂ ਦੇ ਸਰਟੀਫਿਕੇਟ ਲਈ ₹900 ਦੀ ਫੀਸ ਮੁਆਫ਼ ਕਰਨ ਦੀ ਗੱਲ ਕਹੀ ਗਈ ਹੈ।
ਇਸ ਤੋਂ ਇਲਾਵਾ ਡੁਪਲੀਕੇਟ ਸਰਟੀਫਿਕੇਟ ਜਾਰੀ ਕਰਵਾਉਣ ਲਈ DDR ਜਾਂ FIR ਦੀ ਸ਼ਰਤ ਵੀ ਖ਼ਤਮ ਕੀਤੀ ਗਈ ਹੈ।
ਵਿਦਿਆਰਥੀਆਂ ਦੀ ਮਾਨਸਿਕ ਸਿਹਤ ਅਤੇ ਭਲਾਈ ਨੂੰ ਧਿਆਨ ਵਿੱਚ ਰੱਖਦਿਆਂ PSEB ਵਿੱਚ ‘ਹੈਪੀਨੈੱਸ ਸੈਂਟਰ’ ਬਣਾਉਣ ਦਾ ਵੀ ਫੈਸਲਾ ਕੀਤਾ ਗਿਆ ਹੈ। ਇੱਥੇ ਵਿਦਿਆਰਥੀਆਂ ਨੂੰ ਮਨੋਵਿਗਿਆਨਕ ਸਹਾਇਤਾ ਅਤੇ ਕਾਊਂਸਲਿੰਗ ਵਰਗੀ ਮਦਦ ਮਿਲ ਸਕੇਗੀ।
ਯਾਨੀ PSEB ਦਾ ਇਹ ਫੈਸਲਾ ਵਿਦਿਆਰਥੀਆਂ ਲਈ ਕਾਫ਼ੀ ਅਹਿਮ ਹੈ। 11ਵੀਂ ਵਿੱਚ ਸਟ੍ਰੀਮ ਅਤੇ ਵਿਸ਼ਿਆਂ ਦੀ ਚੋਣ ਹੁਣ ਹੋਰ ਵੀ ਸੋਚ-ਸਮਝ ਕੇ ਕਰਨੀ ਪਵੇਗੀ, ਕਿਉਂਕਿ 30 ਸਤੰਬਰ ਤੋਂ ਬਾਅਦ ਬਦਲਾਅ ਦਾ ਮੌਕਾ ਨਹੀਂ ਮਿਲੇਗਾ। ਨਾਲ ਹੀ ਬੋਰਡ ਵੱਲੋਂ ਵਿਦਿਆਰਥੀਆਂ ਦੀ ਪੜ੍ਹਾਈ ਦੇ ਨਾਲ-ਨਾਲ ਉਨ੍ਹਾਂ ਦੀ ਮਾਨਸਿਕ ਭਲਾਈ ’ਤੇ ਵੀ ਧਿਆਨ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
