Punjab
ਭਾਜਪਾ ਨੇ ਤਿੰਨ ਅਕਾਲੀ ਦਲਾਂ ‘ਚੋਂ ਇੱਕ ਨੂੰ ਚੁਣ ਲਿਆ? ਬੰਦੀ ਸਿੰਘਾਂ ਤੇ ਕਿਸਾਨਾਂ ਲਈ ਵੀ ਵੱਡਾ ਪਲਾਨ!
ਪੰਜਾਬ ਵਿਧਾਨ ਸਭਾ ਚੋਣਾਂ 2027 ਨੂੰ ਧਿਆਨ ਵਿੱਚ ਰੱਖਦਿਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਭਾਰਤੀ ਜਨਤਾ ਪਾਰਟੀ ਵੀ ਪੰਜਾਬ ਵਿੱਚ ਆਪਣਾ ਜਨ ਅਧਾਰ ਮਜ਼ਬੂਤ ਕਰਨ ਲਈ ਵੱਖ-ਵੱਖ ਰਣਨੀਤੀਆਂ ‘ਤੇ ਕੰਮ ਕਰ ਰਹੀ ਹੈ। ਕੁਝ ਸਮਾਂ ਪਹਿਲਾਂ ਤੱਕ ਭਾਜਪਾ ਦੇ ਸੀਨੀਅਰ ਆਗੂ ਲਗਾਤਾਰ ਇਹ ਕਹਿੰਦੇ ਰਹੇ ਕਿ ਪਾਰਟੀ ਪੰਜਾਬ ਵਿੱਚ ਕਿਸੇ ਨਾਲ ਗੱਠਜੋੜ ਨਹੀਂ ਕਰੇਗੀ। ਅਮਿਤ ਸ਼ਾਹ ਨੇ ਵੀ ਪੰਜਾਬ ਦੌਰੇ ਦੌਰਾਨ ਇੱਕ ਰੈਲੀ ਵਿੱਚ ਇਹੋ ਗੱਲ ਦੁਹਰਾਈ ਸੀ।
ਪਰ ਪਿਛਲੇ ਕੁਝ ਦਿਨਾਂ ਤੋਂ ਸਿਆਸੀ ਹਲਕਿਆਂ ਵਿੱਚ ਇਹ ਚਰਚਾ ਚੱਲ ਰਹੀ ਹੈ ਕਿ ਭਾਜਪਾ ਦੀ ਨਜ਼ਰ ਪੰਜਾਬ ਦੇ ਤਿੰਨ ਅਕਾਲੀ ਧੜਿਆਂ—ਅਕਾਲੀ ਦਲ ਬਾਦਲ, ਅਕਾਲੀ ਦਲ ਪੁਨਰ ਸੁਰਜੀਤ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ—ਵਿੱਚੋਂ ਕਿਸੇ ਇੱਕ ਨਾਲ ਸਾਂਝ ਬਣਾਉਣ ‘ਤੇ ਹੈ। ਸਿਆਸੀ ਸੂਤਰਾਂ ਅਨੁਸਾਰ ਹੁਣ ਭਾਜਪਾ ਦਾ ਝੁਕਾਅ ਅਕਾਲੀ ਦਲ ਪੁਨਰ ਸੁਰਜੀਤ ਵੱਲ ਦਿਖਾਈ ਦੇ ਰਿਹਾ ਹੈ।
ਇਸ ਸਬੰਧੀ ਚਰਚਾ ਨੂੰ ਉਸ ਵੇਲੇ ਹੋਰ ਬਲ ਮਿਲਿਆ ਜਦੋਂ 28 ਜੁਲਾਈ ਨੂੰ ਅਕਾਲੀ ਦਲ ਪੁਨਰ ਸੁਰਜੀਤ ਦੇ ਕੁਝ ਸੀਨੀਅਰ ਆਗੂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਮਿਲੇ। ਦੱਸਿਆ ਜਾ ਰਿਹਾ ਹੈ ਕਿ ਇਸ ਮੁਲਾਕਾਤ ਦਾ ਮੁੱਖ ਉਦੇਸ਼ ਭਾਈ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਦਿਵਾਉਣ ਦੀ ਮੰਗ ਕਰਨਾ ਸੀ ਤਾਂ ਜੋ ਉਹ ਆਪਣੀ ਬਿਮਾਰ ਮਾਤਾ ਦਾ ਹਾਲ-ਚਾਲ ਜਾਣ ਸਕਣ।
ਸਿਆਸੀ ਹਲਕਿਆਂ ਵਿੱਚ ਇਹ ਵੀ ਚਰਚਾ ਹੈ ਕਿ ਕੁਝ ਦਿਨ ਪਹਿਲਾਂ ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂਆਂ ਅਤੇ ਅਮਿਤ ਸ਼ਾਹ ਵਿਚਾਲੇ ਇੱਕ ਮੀਟਿੰਗ ਹੋਈ, ਜਿਸ ਵਿੱਚ ਸੰਭਾਵੀ ਗੱਠਜੋੜ ਦੇ ਨਾਲ-ਨਾਲ ਪੰਜਾਬ ਦੇ ਕਈ ਅਹਿਮ ਮਸਲਿਆਂ ‘ਤੇ ਵੀ ਗੱਲਬਾਤ ਹੋਈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ, ਕਿਸਾਨਾਂ ਦੇ ਮਸਲਿਆਂ ਦਾ ਹੱਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ, ਚੰਡੀਗੜ੍ਹ ਅਤੇ BBMB ਨਾਲ ਸਬੰਧਤ ਮੁੱਦੇ ਵੀ ਉਠਾਏ ਗਏ।
ਅੰਦਰੂਨੀ ਸੂਤਰਾਂ ਦਾ ਦਾਅਵਾ ਹੈ ਕਿ ਜੇਕਰ ਭਾਜਪਾ ਅਤੇ ਅਕਾਲੀ ਦਲ ਪੁਨਰ ਸੁਰਜੀਤ ਵਿਚਾਲੇ ਗੱਲਬਾਤ ਅੱਗੇ ਵਧਦੀ ਹੈ ਤਾਂ ਚੋਣਾਂ ਤੋਂ ਪਹਿਲਾਂ ਕੇਂਦਰ ਸਰਕਾਰ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਅਤੇ ਕਿਸਾਨਾਂ ਨਾਲ ਜੁੜੇ ਕੁਝ ਮਸਲਿਆਂ ‘ਤੇ ਪਹਿਲਕਦਮੀ ਕੀਤੀ ਜਾ ਸਕਦੀ ਹੈ। ਹਾਲਾਂਕਿ ਇਸ ਸਬੰਧੀ ਕੋਈ ਅਧਿਕਾਰਕ ਐਲਾਨ ਨਹੀਂ ਹੋਇਆ ਹੈ।
ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਭਾਜਪਾ ਲਈ ਅਕਾਲੀ ਦਲ ਪੁਨਰ ਸੁਰਜੀਤ ਨਾਲ ਸਮਝੌਤਾ ਕਰਨਾ ਰਣਨੀਤਿਕ ਤੌਰ ‘ਤੇ ਫਾਇਦੇਮੰਦ ਹੋ ਸਕਦਾ ਹੈ। ਇੱਕ ਪਾਸੇ ਪਾਰਟੀ ਨੂੰ ਸੀਟਾਂ ਦੀ ਘੱਟ ਵੰਡ ਕਰਨੀ ਪਵੇਗੀ, ਦੂਜੇ ਪਾਸੇ ਪੁਨਰ ਸੁਰਜੀਤ ਧੜੇ ਦੇ ਕੁਝ ਪ੍ਰਭਾਵਸ਼ਾਲੀ ਆਗੂ ਆਪਣੇ-ਆਪਣੇ ਖੇਤਰਾਂ ਵਿੱਚ ਮਜ਼ਬੂਤ ਮੰਨੇ ਜਾਂਦੇ ਹਨ। ਇਸਦੇ ਉਲਟ, ਅਕਾਲੀ ਦਲ ਬਾਦਲ ਨਾਲ ਗੱਠਜੋੜ ਦੀ ਸਥਿਤੀ ਵਿੱਚ ਸੀਟਾਂ ਅਤੇ ਹੋਰ ਸ਼ਰਤਾਂ ਨੂੰ ਲੈ ਕੇ ਗੱਲਬਾਤ ਵਧੇਰੇ ਪੇਚੀਦਾ ਹੋ ਸਕਦੀ ਹੈ।
ਫਿਲਹਾਲ ਇਹ ਸਾਰਾ ਘਟਨਾਕ੍ਰਮ ਸਿਆਸੀ ਚਰਚਾਵਾਂ ਅਤੇ ਸੂਤਰਾਂ ਦੇ ਦਾਅਵਿਆਂ ਤੱਕ ਹੀ ਸੀਮਿਤ ਹੈ। ਭਾਜਪਾ ਜਾਂ ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਸੰਭਾਵੀ ਗੱਠਜੋੜ ਬਾਰੇ ਕੋਈ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ। ਇਸ ਲਈ ਅੰਤਿਮ ਨਤੀਜੇ ‘ਤੇ ਪਹੁੰਚਣਾ ਹਾਲੇ ਜਲਦਬਾਜ਼ੀ ਹੋਵੇਗੀ। ਚੋਣਾਂ ਵਿੱਚ ਹਾਲੇ ਸਮਾਂ ਬਾਕੀ ਹੈ ਅਤੇ ਪੰਜਾਬ ਦੀ ਸਿਆਸਤ ਵਿੱਚ ਆਉਣ ਵਾਲੇ ਮਹੀਨਿਆਂ ਦੌਰਾਨ ਕਈ ਨਵੇਂ ਸਮੀਕਰਨ ਬਣ ਸਕਦੇ ਹਨ।

ਕੁਲਵੰਤ ਸਿੰਘ ਗੱਗੜਪੁਰੀ
