Uncategorized
ਨਿਕੰਮੇ ਸਿਸਟਮ ਅਤੇ ਅਖ਼ੌਤੀ ਗਊ ਭਗਤੀ ਨੇ ਕੀਤਾ ਜਵੰਦਾ ਦਾ ਕਤਲ “ਮਿੱਟੀ ਨਾ ਫਰੋਲ ਜੋਗੀਆ, ਨਹੀਓਂ ਲੱਭਣੇ ਗਵਾਚੇ ਹੋਏ ਲਾਲ…”
ਪੰਜਾਬੀ ਮਾਂ ਬੋਲੀ ਦਾ ਲਾਲ ਹਰਮਨ ਪਿਆਰਾ ਗਾਇਕ ਰਾਜਵੀਰ ਜਵੰਦਾ ਸਾਨੂੰ ਸਦਾ ਲਈ ਵਿਛੋੜਾ ਦੇ ਗਿਆ ਹੈ। ਜਵੰਦਾ ਦੇ ਚਰਚਿਤ ਗੀਤ ਦੀਆਂ ਲਾਈਨਾਂ ਵਾਰ-ਵਾਰ ਕੰਨਾਂ ਵਿੱਚ ਗੂੰਜ ਰਹੀਆਂ ਹਨ,“ਮਿੱਟੀ ਨਾ ਫਰੋਲ ਜੋਗੀਆ, ਨਹੀਓਂ ਲੱਭਣੇ ਗਵਾਚੇ ਹੋਏ ਲਾਲ… ਕੱਲ੍ਹ ਨੂੰ ਆਪਾਂ ਵੀ ਨਹੀਂ ਰਹਿਣਾ ,ਜੱਗ ਨੂੰ ਕੋਈ ਫਰਕ ਨਹੀਂ ਪੈਣਾ ,ਰਹਿਣਾ ਚੱਲਦਾ ਸਮੇਂ ਨੇ ਓਸੇ ਚਾਲ, ਮਿੱਟੀ ਨਾ ਫ਼ਰੋਲ ਜੋਗੀਆ ਨਹੀਓਂ ਲੱਭਣੇ ਗਵਾਚੇ ਹੋਏ ਲਾਲ।”
ਬਿਲਕੁੱਲ ਸੱਚ ਹੈ — ਜਵੰਦਾ ਵਰਗਾ ਕੀਮਤੀ ਲਾਲ ਮੁੜਕੇ ਨਹੀਂ ਲੱਭਣਾ। ਇਹ ਉਹ ਹੀਰਾ ਸੀ ਜੋ ਪੰਜਾਬੀ ਮਿੱਟੀ ਨੇ ਜਨਮਿਆ ਸੀ, ਪਰ ਜੋ ਸਾਡੇ ਹੀ ਨਿਕੰਮੇ ਆਵਾਜਾਈ ਸਿਸਟਮ, ਨੈਸ਼ਨਲ ਹਾਈਵੇ ਅਥਾਰਟੀ ਅਤੇ ਅਖੌਤੀ ਗਊ ਭਗਤੀ ਦੀ ਭੇਂਟ ਚੜ੍ਹ ਗਿਆ। ਸੱਚ ਪੁੱਛੋ ਤਾਂ ਇਨ੍ਹਾਂ ਸੰਸਥਾਵਾਂ ਨੇ ਗਾਇਕ ਰਾਜਵੀਰ ਜਵੰਦਾ ਦਾ ਕਤਲ ਕੀਤਾ ਹੈ।
ਜਵੰਦਾ ਸਿਰਫ਼ ਇੱਕ ਗਾਇਕ ਨਹੀਂ ਸੀ, ਉਹ ਪੰਜਾਬ ਦੀ ਧੜਕਣ ਸੀ। ਉਸਦੀ ਆਵਾਜ਼ ਵਿੱਚ ਮਿੱਟੀ ਦੀ ਖੁਸ਼ਬੂ ਸੀ, ਉਸਦੇ ਗੀਤਾਂ ਵਿੱਚ ਜ਼ਿੰਦਗੀ ਦੀ ਸਾਦਗੀ ਤੇ ਜਵਾਨੀ ਦਾ ਜੋਸ਼ ਸੀ। “ਧੀਆਂ” ਵਰਗੇ ਗੀਤਾਂ ਵਿੱਚ ਉਹਨੇ ਮਾਂ-ਧੀ ਦੇ ਜਜ਼ਬਾਤ ਦਰਸਾਏ, “ਸਰਦਾਰੀ” ਵਿੱਚ ਸ਼ਾਨ ਤੇ ਮਾਣ ਦੀ ਗੱਲ ਕੀਤੀ, “ਸਕੂਨ” ਵਿੱਚ ਦਿਲ ਦੀ ਗਹਿਰਾਈ ਨੂੰ ਛੂਹਿਆ, “ਕੰਗਣੀ”, “ਜੋਗੀਆ”, “ਨਖਰਾ” ਅਤੇ “ਦਿਲ ਮੰਗਿਆ” ਵਰਗੇ ਗੀਤਾਂ ਨੇ ਉਸਨੂੰ ਲੋਕਾਂ ਦੇ ਦਿਲਾਂ ਵਿੱਚ ਵਸਾ ਦਿੱਤਾ। ਉਹ ਸਿਰਫ਼ ਗਾਇਕ ਨਹੀਂ ਸੀ, ਇੱਕ ਸੁਰੀਲਾ ਦਰਸ਼ਨ ਸੀ — ਜੋ ਗੀਤਾਂ ਰਾਹੀਂ ਜੀਵਨ ਦੀ ਸੱਚਾਈ ਬਿਆਨ ਕਰਦਾ ਸੀ।
ਪਰ ਹੁਣ ਉਹ ਆਵਾਜ਼ ਸਦੀਵੀ ਖਾਮੋਸ਼ ਹੋ ਗਈ। ਹਾਦਸੇ ਦੇ ਵੇਰਵਿਆਂ ਅਨੁਸਾਰ, ਜਵੰਦਾ ਆਪਣੀ BMW ਮੋਟਰਸਾਈਕਲ ਉੱਤੇ ਜਾ ਰਿਹਾ ਸੀ ਤਾਂ ਅੱਗੇ ਦੋ ਸਾਂਡ ਲੜ ਰਹੇ ਸਨ ਜਿਸ ਕਰਕੇ ਜਵੰਦਾ ਦੇ ਅੱਗੇ ਚੱਲ ਰਹੀ ਬਲੈਰੋ ਗੱਡੀ ਨੇ ਇੱਕਦਮ ਬ੍ਰੇਕ ਮਾਰੀ ਜਿਸ ਕਾਰਨ ਜਵੰਦਾ ਦਾ ਮੋਟਸਾਈਕਲ ਬਲੈਰੋ ਗੱਡੀ ਵਿੱਚ ਜਾ ਵੱਜਾ। ਇਨ੍ਹਾਂ ਸਾਂਡਾਂ ਨੂੰ ਕਥਿਤ ਗਊ ਭਗਤਾਂ ਨੇ “ਧਾਰਮਿਕ ਭਗਤੀ” ਦੇ ਨਾਮ ’ਤੇ ਸੜਕਾਂ ‘ਤੇ ਭਟਕਣ ਲਈ ਛੱਡ ਦਿੱਤਾ। ਸਾਡੇ ਸਿਸਟਮ ਦੀ ਨਾਕਾਮੀ ਅਤੇ ਅਖ਼ੌਤੀ ਗਊ ਭਗਤੀ ਦੇ ਕਾਰਨ ਇੱਕ ਜਵਾਨ, ਇੱਕ ਹਰਮਨ ਪਿਆਰਾ ਕਲਾਕਾਰ ਮੌਤ ਦੇ ਮੂੰਹ ਜਾ ਪਿਆ।
ਸਵਾਲ ਇਹ ਹੈ ਕਿ ਕੀ ਜਵੰਦਾ ਦੀ ਮੌਤ ਸਿਰਫ਼ ਇੱਕ ਹਾਦਸਾ ਹੈ? ਜਾਂ ਇਹ ਉਸ ਪ੍ਰਣਾਲੀ ਦੀ ਸਿੱਧੀ ਜ਼ਿੰਮੇਵਾਰੀ ਹੈ ਜਿਸਨੇ ਆਪਣੇ ਫਰਜ਼ ਨੂੰ ਮਾਰ ਦਿੱਤਾ? ਹਿਮਾਚਲ ਦੀਆਂ ਸੜਕਾਂ ਉੱਤੇ ਬੇਰੋਸ਼ਨੀ, ਬੇਕਾਬੂ ਪਸ਼ੂਆਂ ਅਤੇ ਅਧੂਰੀ ਸੁਰੱਖਿਆ ਪ੍ਰਬੰਧਾਂ ਦਾ ਮਿਲਾਪ ਮੌਤ ਦਾ ਜਾਲ ਬਣ ਚੁੱਕਾ ਹੈ। ਨੈਸ਼ਨਲ ਹਾਈਵੇ ਅਥਾਰਟੀ ਹਰ ਸਾਲ ਸੁਰੱਖਿਆ ਦਾ ਦਾਅਵਾ ਕਰਦੀ ਹੈ, ਪਰ ਹਕੀਕਤ ਇਹ ਹੈ ਕਿ ਉਸਦੇ ਹੇਠਾਂ ਆਉਣ ਵਾਲੀਆਂ ਸੜਕਾਂ ਉੱਤੇ ਹਰ ਮਹੀਨੇ ਕਈ ਜਾਨਾਂ ਜਾ ਰਹੀਆਂ ਹਨ ਅਤੇ ਦੂਜੇ ਪਾਸੇ ਉਹ ਲੋਕ, ਜੋ ਆਪਣੇ ਆਪ ਨੂੰ ਗਊ ਭਗਤ ਕਹਾਉਂਦੇ ਹਨ, ਉਹਨਾਂ ਦਾ ਕੰਮ ਗਊ ਦੀ ਸੇਵਾ ਨਹੀਂ, ਸਿਰਫ਼ ਚੰਦੇ ਦਾ ਧੰਦਾ ਹੈ। ਗਊਆਂ ਨੂੰ ਸੜਕਾਂ ਉੱਤੇ ਛੱਡ ਕੇ, ਉਹਨਾਂ ਨੇ ਪਸ਼ੂਆਂ ਅਤੇ ਮਨੁੱਖ ਦੋਵਾਂ ਨੂੰ ਖਤਰੇ ਵਿੱਚ ਪਾ ਦਿੱਤਾ ਹੈ। ਇਹ ਧਾਰਮਿਕਤਾ ਨਹੀਂ — ਇਹ ਬੇਇਮਾਨੀ ਹੈ। ਜਵੰਦਾ ਦੀ ਮੌਤ ਨੇ ਇਸ ਝੂਠੇ ਧਾਰਮਿਕ ਦਿਖਾਵੇ ਨੂੰ ਨੰਗਾ ਕਰ ਦਿੱਤਾ ਹੈ।
ਰਾਜਵੀਰ ਜਵੰਦਾ ਵਰਗੇ ਕਲਾਕਾਰ ਵਿਰਲੇ ਹੀ ਜੰਮਦੇ ਹਨ। ਉਹ ਆਪਣੇ ਗੀਤਾਂ ਰਾਹੀਂ ਪੰਜਾਬੀ ਜਵਾਨੀ ਨੂੰ ਦਿਸ਼ਾ ਦੇ ਰਿਹਾ ਸੀ। ਉਸਦੀ ਸ਼ਖਸੀਅਤ ਵਿੱਚ ਮਾਣ ਸੀ, ਪਰ ਅਹੰਕਾਰ ਨਹੀਂ। ਉਹ ਨਵੀਂ ਪੀੜ੍ਹੀ ਨੂੰ ਆਪਣੇ ਮੂਲ ਨਾਲ ਜੋੜਦਾ ਸੀ। ਪਰ ਹੁਣ ਉਹ ਨਹੀਂ ਰਿਹਾ — ਕਿਉਂਕਿ ਆਵਾਜਾਈ ਨਾਲ ਜੁੜੇ ਲੋਕਾਂ ਅਤੇ ਗਊਆਂ ਦੀ ਸਾਂਭ ਸੰਭਾਲ ਕਰਨ ਵਾਲੇ ਲੋਕਾਂ ਕਿਸੇ ਨੇ ਵੀ ਆਪਣਾ ਫਰਜ਼ ਨਹੀਂ ਨਿਭਾਇਆ। ਨੈਸ਼ਨਲ ਹਾਈਵੇ ਅਥਾਰਟੀ ਨੇ ਸੜਕਾਂ ਦੀ ਸੁਰੱਖਿਆ ਦਾ ਖ਼ਿਆਲ ਨਹੀਂ ਰੱਖਿਆ, ਸਰਕਾਰ ਨੇ ਗਊਆਂ ਦੇ ਪ੍ਰਬੰਧ ਲਈ ਕੋਈ ਕਾਰਵਾਈ ਨਹੀਂ ਕੀਤੀ, ਤੇ ਗਊ ਭਗਤਾਂ ਵੱਲੋਂ ਧਰਮ ਦੇ ਨਾਮ ’ਤੇ ਗਊ ਸੇਵਾ ਲਈ ਧਨ ਇਕੱਠਾ ਕੀਤਾ ਜਾਂਦਾ ਹੈ ਪਰ ਗਊਆਂ ਜਾਂ ਗਊ ਵੰਸ ਦੀ ਸੰਭਾਲ ਨਹੀਂ ਕੀਤੀ ਜਾਂਦੀ ਇਨ੍ਹਾਂ ਲੋਕਾਂ ਕੀਮਤੀ ਜਾਨਾਂ ਨੂੰ ਖ਼ਤਰੇ ਵਿੱਚ ਪਾ ਦਿੱਤਾ।
ਇਹ ਹਾਦਸਾ ਨਹੀਂ, ਇੱਕ ਕਤਲ ਹੈ — ਅਤੇ ਇਸ ਕਤਲ ਦੇ ਤਿੰਨ ਕਾਤਲ ਹਨ। ਪਹਿਲਾ, ਨਿਕੰਮਾ ਆਵਾਜਾਈ ਸਿਸਟਮ ਜੋ ਕਾਗਜ਼ਾਂ ’ਤੇ ਹੀ ਚੱਲ ਰਿਹਾ ਹੈ; ਦੂਜਾ, ਨੈਸ਼ਨਲ ਹਾਈਵੇ ਅਥਾਰਟੀ ਜੋ ਜ਼ਮੀਨੀ ਹਕੀਕਤ ਤੋਂ ਅੰਨੀ ਬਣੀ ਬੈਠੀ ਹੈ; ਤੇ ਤੀਜਾ, ਅਖੌਤੀ ਗਊ ਭਗਤੀ, ਜਿਸ ਨੇ ਅਖ਼ੌਤੀ ਗਊ ਭਗਤੀ ਦੇ ਨਾਮ ‘ਤੇ ਮਨੁੱਖੀ ਜਾਨਾਂ ਨੂੰ ਖਤਰੇ ਵਿੱਚ ਪਾਇਆ ਹੋਇਆ ਹੈ।
ਜਵੰਦਾ ਦੀ ਮੌਤ ਪੰਜਾਬ ਦੇ ਲੋਕਾਂ ਲਈ ਇੱਕ ਵੱਡਾ ਸਦਮਾਂ ਹੈ। ਸੰਗੀਤ ਦੀ ਦੁਨੀਆ ਨੇ ਆਪਣਾ ਇੱਕ ਹੀਰਾ ਗੁਆ ਲਿਆ, ਪਰ ਇਹ ਮਾਮਲਾ ਸਿਰਫ਼ ਸੰਗੀਤ ਤੱਕ ਸੀਮਿਤ ਨਹੀਂ ਰਹਿਣਾ ਚਾਹੀਦਾ। ਇਹ ਪ੍ਰਣਾਲੀ ਦੀ ਨਾਕਾਮੀ ਹੈ, ਜੋ ਹਰੇਕ ਦਿਨ ਕਿਸੇ ਨਾ ਕਿਸੇ ਰਾਜਵੀਰ ਜਵੰਦਾ ਨੂੰ ਨਿਗਲ ਰਹੀ ਹੈ।
“ਮਿੱਟੀ ਨਾ ਫਰੋਲ ਜੋਗੀਆ…” — ਇਹ ਪੰਗਤੀ ਹੁਣ ਸਿਰਫ਼ ਇੱਕ ਗੀਤ ਨਹੀਂ ਰਹੀ, ਇਹ ਹਕੀਕਤ ਦਾ ਦਰਦ ਹੈ। ਅਸੀਂ ਜਿੰਨਾ ਵੀ ਮਿੱਟੀ ਫਰੋਲ ਲਈਏ, ਜਵੰਦਾ ਵਰਗਾ ਲਾਲ ਮੁੜ ਨਹੀਂ ਲੱਭੇਗਾ। ਹੁਣ ਸਵਾਲ ਸਾਡੇ ਸਾਹਮਣੇ ਹੈ — ਕੀ ਅਸੀਂ ਇਸ ਕਤਲ ਦਾ ਹਿਸਾਬ ਮੰਗਾਂਗੇ, ਜਾਂ ਫਿਰ ਅਗਲੇ ਕਿਸੇ ਲਾਲ ਦੇ ਗੁਆਚਣ ਦੀ ਉਡੀਕ ਕਰਾਂਗੇ ਤੇ ਸਿਰਫ਼ ਸੋਸ਼ਲ ਮੀਡੀਆ ’ਤੇ ਦੁੱਖ ਮਨਾਂਵਾਗੇ?
ਕੁਲਵੰਤ ਸਿੰਘ ਗੱਗੜਪੁਰੀ

