Connect with us

Uncategorized

PP ਭਾਰਤ ਦੇ ਸਭ ਤੋਂ ਵੱਡੇ ਦੁਸ਼ਮਣ ! ਜਾਣੋ ਕੌਣ ਹਨ PP ?

Published

on

ਭਾਰਤ ਅੱਜ ਦੁਨੀਆ ਦੀ ਸਭ ਤੋਂ ਵੱਡੀ ਲੋਕਤੰਤਰਕ ਤਾਕਤ ਮੰਨੀ ਜਾਂਦੀ ਹੈ। ਅਸੀਂ ਆਰਥਿਕਤਾ ਵਿੱਚ ਵੀ ਤਾਕਤਵਰ ਬਣ ਰਹੇ ਹਾਂ, ਵਿਦੇਸ਼ਾਂ ਵਿੱਚ ਭਾਰਤੀ ਦਿਮਾਗ਼ ਆਪਣਾ ਲੋਹਾ ਮਨਵਾ ਰਹੇ ਹਨ, ਪਰ ਇਸ ਤਰੱਕੀ ਦੇ ਬਾਵਜੂਦ ਭਾਰਤ ਨੂੰ ਅੰਦਰੋਂ ਖੋਖਲਾ ਕਰ ਰਹੇ ਨੇ ਕੇਵਲ ਦੋ ਮਹਾਂ-ਦੁਸ਼ਮਣ – PP ,ਬਹੁਤੇ ਲੋਕਾਂ ਦੇ ਮਨ ਵਿੱਚ ਸਵਾਲ ਉੱਠਦਾ ਹੋਵੇਗਾ ਕਿ ਇਹ PP ਕੌਣ ਹੈ? ਕੋਈ ਅੱਤਵਾਦੀ ਸੰਸਥਾ? ਕੋਈ ਗੁਪਤ ਸਿਆਸੀ ਹਥਿਆਰ? ਨਹੀਂ। PP ਦਾ ਮਤਲਬ ਹੈ Pollution (ਪ੍ਰਦੂਸ਼ਣ) ਅਤੇ Population (ਵਧ ਰਹੀ ਜਨਸੰਖਿਆ) — ਇਹ ਦੋਵੇਂ ਅੱਜ ਭਾਰਤ ਦੇ ਅਸਲੀ ਸਭ ਤੋਂ ਵੱਡੇ ਖ਼ਤਰੇ ਹਨ, ਜਿਹਨਾਂ ਨੂੰ ਅਸੀਂ ਖੁੱਲ੍ਹੀਆਂ ਅੱਖਾਂ ਨਾਲ ਵੇਖ ਵੀ ਰਹੇ ਹਾਂ ਅਤੇ ਅਣਡਿੱਠਾ ਵੀ ਕਰ ਰਹੇ ਹਾਂ।

ਅਬਾਦੀ ਬੇਲਗਾਮ ਤਰੀਕੇ ਨਾਲ ਵਧਦੀ ਜਾ ਰਹੀ ਹੈ। ਲੱਖਾਂ ਲੋਕ ਰੋਜ਼ ਸ਼ਹਿਰਾਂ ਵੱਲ ਰੋਜ਼ਗਾਰ ਦੀ ਖੋਜ਼ ਵਿੱਚ ਪੈਰ ਧਰ ਰਹੇ ਹਨ ਪਰ ਸ਼ਹਿਰਾਂ ਦੇ ਕੋਲ ਨਾ ਵਸੋਂ ਲਈ ਜਗ੍ਹਾ ਰਹਿ ਗਈ, ਨਾ ਸਾਫ਼ ਹਵਾ ਲਈ ਰਾਹ। ਜਦ ਅਬਾਦੀ ਦਾ ਦਬਾਅ ਵਧਦਾ ਹੈ, ਰਿਹਾਇਸ਼ ਲਈ ਜ਼ਮੀਨ ਘੱਟ ਜਾਂਦੀ ਹੈ, ਜੰਗਲ ਕਟਦੇ ਹਨ ਅਤੇ ਉਦਯੋਗਾਂ ਦੀ ਭੀੜ ਵਧਦੀ ਹੈ। ਲੋਕਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਵਾਹਨ, ਫੈਕਟਰੀਆਂ ਅਤੇ ਬਿਜਲੀ ਦੀ ਵਰਤੋਂ ਬੇਹੱਦ ਵਧ ਗਈ ਹੈ। ਇਹੀਕਾਰਨ ਹੈ ਜਿਸ ਨਾਲ pollution ਦਾ ਜਨਮ ਹੁੰਦਾ ਹੈ — ਦੋਵੇਂ ਸਮੱਸਿਆਵਾਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਹਨ।

ਪ੍ਰਦੂਸ਼ਣ ਅੱਜ ਸਿਰਫ਼ ਵਾਤਾਵਰਣ ਦਾ ਮੁੱਦਾ ਨਹੀਂ, ਇਹ ਜਾਨਲੇਵਾ ਹੱਦਾਂ ਤੱਕ ਪਹੁੰਚ ਚੁੱਕਿਆ ਸਿਹਤ ਸੰਕਟ ਹੈ। ਹਵਾ ਵਿੱਚ ਜ਼ਹਿਰ ਘੁਲ ਚੁੱਕਾ ਹੈ। ਦਿੱਲੀ, ਲੁਧਿਆਣਾ, ਗੁੜਗਾਓਂ, ਨੋਇਡਾ ਅਤੇ ਕਈ ਵੱਡੇ ਸ਼ਹਿਰ ਹਫ਼ਤਿਆਂ ਤੱਕ “ਗੈਸ ਚੈਂਬਰ” ਬਣੇ ਰਹਿੰਦੇ ਹਨ। ਹਰ ਸਾਲ ਲੱਖਾਂ ਲੋਕ ਸਾਹ ਦੀਆਂ ਬਿਮਾਰੀਆਂ, ਦਮੇ, ਹਾਰਟ ਅਟੈਕ ਅਤੇ ਕੈਂਸਰ ਕਾਰਨ ਮਰ ਰਹੇ ਹਨ। ਹਸਪਤਾਲ ਸਿਰਫ ਦਵਾਈ ਨਹੀਂ, ਆਕਸੀਜਨ ਵੀ ਵੇਚਣ ਲਈ ਮਜ਼ਬੂਰ ਹਨ ਕਿਉਂਕਿ ਹਵਾ ਵਿਚੋਂ ਆਕਸੀਜਨ ਹੀ ਗਾਇਬ ਹੋ ਰਹੀ ਹੈ।

ਦੀਵਾਲੀ ਵਰਗੇ ਤਿਉਹਾਰ, ਜਿਹੜੇ ਖੁਸ਼ੀ ਅਤੇ ਰੌਸ਼ਨੀ ਦੇ ਪ੍ਰਤੀਕ ਮੰਨੇ ਜਾਂਦੇ ਹਨ, ਉਹ ਵੀ ਹੁਣ ਜ਼ਹਰੀਲੇ ਧੂੰਏ ਦੇ ਦੂਤ ਬਣਦੇ ਜਾ ਰਹੇ ਹਨ। ਇੱਕ ਰਾਤ ਦੇ ਪਟਾਕਿਆਂ ਤੋਂ ਪੈਦਾ ਹੋਇਆ ਧੂੰਆ ਹਫ਼ਤਿਆਂ ਤੱਕ ਫੇਫੜਿਆਂ ਨੂੰ ਚੀਰਦਾ ਰਹਿੰਦਾ ਹੈ। ਬੱਚੇ ਜਿਹੜੇ ਖੇਡਣ ਵਾਲੀ ਉਮਰ ਵਿੱਚ ਹਨ, ਉਹ ਦਮੇ ਦੇ ਮਰੀਜ਼ ਬਣ ਰਹੇ ਹਨ, ਬਜ਼ੁਰਗ ਘਰੋਂ ਬਾਹਰ ਨਿਕਲਣ ਤੋਂ ਡਰਦੇ ਹਨ। ਲੋਕ ਫੇਸਬੁੱਕ ‘ਤੇ ਲਾਈਵ ਲਗਾ ਕੇ ਪਟਾਕੇ ਚਲਾਉਂਦੇ ਹਨ, ਪਰ ਉਹ ਲਾਈਵ ਵੀਡੀਓ ਪਿੱਛੇ ਰਹਿ ਜਾਂਦਾ ਹੈ ਅਤੇ ਉਹਨਾਂ ਦਾ ਧੂੰਆ ਅਸਲ ਜ਼ਿੰਦਗੀ ਨੂੰ ਮੌਤ ਦੇ ਨੇੜੇ ਧੱਕ ਦਿੰਦਾ ਹੈ।

ਦੁੱਖ ਦੀ ਗੱਲ ਇਹ ਵੀ ਹੈ ਕਿ ਸਰਕਾਰਾਂ ਕਾਨੂੰਨ ਬਣਾਉਂਦੀਆਂ ਤਾਂ ਜ਼ਰੂਰ ਹਨ, ਪਰ ਉਨ੍ਹਾਂ ਨੂੰ ਲਾਗੂ ਕਰਨ ਦੀ ਪ੍ਰੀਕਿਰਿਆ ਉੱਤੇ ਸਵਾਲ ਹਰ ਰੋਜ਼ ਖੜ੍ਹੇ ਹੋ ਰਹੇ ਹਨ। ਫੈਕਟਰੀਆਂ ਦੇ ਸਟੈਂਡਰਡ ਪੇਪਰਾਂ ‘ਤੇ ਪੂਰੇ ਦਿਖਾਏ ਜਾਂਦੇ ਹਨ, ਪਰ ਚਿਮਨੀਆਂ ਹਰ ਰੋਜ਼ ਅਸਮਾਨ ਵਿੱਚ ਜ਼ਹਿਰ ਦੇ ਦਰਿਆ ਛੱਡ ਰਹੀਆਂ ਹੁੰਦੀਆਂ ਹਨ। ਕਿਸੇ ਨੂੰ ਦੋਸ਼ ਦੇਣਾ ਆਸਾਨ ਹੈ, ਪਰ ਸੱਚ ਇਹ ਹੈ ਕਿ ਇਸ PP ਦੇ ਰੂਪ ਵਿੱਚ ਸਭ ਤੋਂ ਵੱਡਾ ਦੁਸ਼ਮਣ ਅਸੀਂ ਆਪ ਹੀ ਬਣ ਬੈਠੇ ਹਾਂ।

ਜੇ ਭਾਰਤ ਵਾਸਤਵ ਵਿੱਚ ਮਹਾਂਤਾਕਤ ਬਣਨਾ ਚਾਹੁੰਦਾ ਹੈ ਤਾਂ ਪਹਿਲਾਂ ਉਸਨੂੰ ਇਸ “PP” ਤੋਂ ਛੁਟਕਾਰਾ ਪਾਉਣਾ ਪਵੇਗਾ। ਸਿਰਫ ਅੰਤਰਿਕਸ਼ ਯਾਨ ਲਾਂਚ ਕਰਨਾ ਤਰੱਕੀ ਨਹੀਂ, ਫੇਫੜਿਆਂ ਲਈ ਆਕਸੀਜਨ ਬਚਾਉਣਾ ਵੀ ਤਰੱਕੀ ਹੈ। ਸੜਕਾਂ ਨੂੰ ਚੌੜਾ ਕਰਨਾ ਹੀ ਵਿਕਾਸ ਨਹੀਂ, ਹਵਾ ਨੂੰ ਸਾਫ ਸੁਥਰਾ ਰੱਖਣਾ ਅਸਲੀ ਵਿਕਾਸ ਹੈ।

ਦੇਸ਼ ਨੂੰ ਅੱਜ ਟੈਂਕਾਂ ਨਾਲੋਂ ਵੱਧ ਰੁੱਖਾਂ ਦੀ ਲੋੜ ਹੈ, ਭਰੇ ਸ਼ਹਿਰਾਂ ਨਾਲੋਂ ਵੱਧ ਜ਼ਿੰਮੇਵਾਰ ਨਾਗਰਿਕਾਂ ਦੀ ਲੋੜ ਹੈ। ਜਦ ਤੱਕ ਅਸੀਂ PP — Population ਅਤੇ Pollution — ਉੱਤੇ ਕਾਬੂ ਨਹੀਂ ਪਾਵਾਂਗੇ, ਤਦ ਤੱਕ ਭਾਰਤ ਦਾ ਭਵਿੱਖ ਪਰਛਾਂਵੇ ਵਿੱਚ ਹੀ ਦੁਬਕਿਆ ਰਹੇਗਾ।

ਸੱਚ ਇਹ ਹੈ ਕਿ ਭਾਰਤ ਦਾ ਸਭ ਤੋਂ ਵੱਡਾ ਦੁਸ਼ਮਣ ਕੋਈ ਦੂਜਾ ਦੇਸ਼ ਨਹੀਂ, ਸਾਡੇ ਵੇਹੜੇ ਵਿੱਚ ਬੈਠਿਆ ਇਹ PP ਹੀ ਹੈ। ਪ੍ਰਸ਼ਨ ਇਹ ਨਹੀਂ ਕਿ ਇਹ ਖਤਰਾ ਕੌਣ ਹੈ; ਅਸਲ ਪ੍ਰਸ਼ਨ ਇਹ ਹੈ ਕਿ ਕੀ ਅਸੀਂ ਇਸਨੂੰ ਪਛਾਣ ਕੇ ਰੋਕਣ ਲਈ ਤਿਆਰ ਹਾਂ? ਆਓ ਪ੍ਰਣ ਕਰੀਏ ਕਿ ਅਸੀਂ ਸਾਰੇ ਇਸ ਖਤਰੇ ਤੋਂ ਬਚਣ ਲਈ ਯੋਗਦਾਨ ਪਾਵਾਂਗੇ।

 

ਕੁਲਵੰਤ ਸਿੰਘ ਗੱਗੜਪੁਰੀ