Connect with us

Punjab

ਅਕਾਲੀ ਦਲ ਬਾਦਲ ਤੇ ਭਾਜਪਾ—ਦੋਵੇਂ ਪਾਸੇ ਨਾਪ ਤੋਲ ਦੀ ਰਾਜਨੀਤੀ; ਗੱਠਜੋੜ ਦੋਵਾਂ ਦੀ ਮਜ਼ਬੂਰੀ!

Published

on

ਪੰਜਾਬ ਦੀ ਸਿਆਸਤ ਵਿੱਚ ਇਸ ਸਮੇਂ ਸਭ ਤੋਂ ਵੱਡਾ ਸਵਾਲ ਇਹ ਨਹੀਂ ਕਿ ਕੌਣ ਚੋਣ ਲੜੇਗਾ—ਸਵਾਲ ਇਹ ਹੈ ਕਿ ਕੌਣ ਇੱਕੱਲਾ ਲੜ ਸਕਦਾ ਹੈ? ਤੇ ਗੱਠਜੋੜ ਦੀ ਲੋੜ ਕਿਹਨੂੰ ਪਵੇਗੀ ਆਮ ਆਦਮੀ ਪਾਰਟੀ ਤਾਂ ਕਿਸੇ ਨਾਲ ਗੱਠਜੋੜ ਕਰੇਗੀ ਨਹੀਂ। ਜੇਕਰ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਜਪਾ ਦੀ ਇਨ੍ਹਾਂ ਦੇ ਗੱਠਜੋੜ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।ਭਾਜਪਾ ਹੋਵੇ ਜਾਂ ਅਕਾਲੀ ਦਲ ਬਾਦਲ, ਦੋਵੇਂ ਪਾਰਟੀਆਂ ਇੱਕ ਦੂਜੇ ਦੀ ਤਾਕਤ, ਕਮਜ਼ੋਰੀ ਅਤੇ ਲੋਕਾਂ ਦੀ ਨਬਜ਼ ਦਾ ਨਾਪ ਤੋਲ ਕਰ ਰਹੀਆਂ ਹਨ। ਕੈਪਟਨ ਅਮਰਿੰਦਰ ਸਿੰਘ ਦਾ ਤਾਜ਼ਾ ਬਿਆਨ ਵੀ ਸਿਆਸੀ ਹਵਾਵਾਂ ਦਾ ਹਿਸਾਬ ਦੱਸਦਾ ਹੈ ਕਿ ਭਾਜਪਾ ਲਈ ਅਕਾਲੀ ਦਲ ਨਾਲ ਗੱਠਜੋੜ ਕਰਨਾ ਸਿਰਫ਼ ਫਾਇਦੇਮੰਦ ਨਹੀਂ ਬਲਕਿ ਲਾਜ਼ਮੀ ਹੋ ਸਕਦਾ ਹੈ। ਕੈਪਟਨ ਨੇ ਸਾਫ਼ ਕਿਹਾ ਹੈ ਕਿ ਪੰਜਾਬ ਵਿੱਚ ਭਾਜਪਾ ਦਾ ਹਾਲੇ ਇੰਨਾ ਮਜ਼ਬੂਤ ਕੇਡਰ ਨਹੀਂ ਬਣਿਆ ਕਿ ਉਹ ਇੱਕੱਲੀ ਚੋਣ ਮੈਦਾਨ ਵਿੱਚ ਉਤਰ ਕੇ ਵਧੀਆ ਨਤੀਜਾ ਲੈ ਆਵੇ। ਇਸ ਲਈ ਘੱਟੋ–ਘੱਟ ਦੋ–ਤਿੰਨ ਚੋਣਾਂ ਤੱਕ ਭਾਜਪਾ ਨੂੰ ਗੱਠਜੋੜ ਦੀ ਲੋੜ ਰਹੇਗੀ।

ਪਰ ਸਿਆਸਤ ਇੱਕ ਹੀ ਦਿਸ਼ਾ ਵਿੱਚ ਨਹੀਂ ਚੱਲਦੀ। ਬੀਬੀ ਹਰਸਿਮਰਤ ਕੌਰ ਬਾਦਲ ਨੇ ਤੁਰੰਤ ਇਸ ਸੰਭਾਵਨਾ ਨੂੰ ਰੱਦ ਕਰਦਿਆਂ ਕਿਹਾ ਕਿ ਅਕਾਲੀ ਦਲ ਬਾਦਲ ਉਸ ਪਾਰਟੀ ਨਾਲ ਗੱਠਜੋੜ ਕਰੇਗਾ ਜੋ ਪੰਜਾਬ ਦੇ ਹਿੱਤਾਂ ਦੀ ਗੱਲ ਕਰੇਗੀ। ਇਸ ਬਿਆਨ ਦੇ ਜਵਾਬ ਵਿੱਚ ਭਾਜਪਾ ਦੇ ਅਸ਼ਵਨੀ ਸ਼ਰਮਾ ਵੀ ਕਹਿ ਚੁੱਕੇ ਹਨ ਕਿ ਪਾਰਟੀ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਾਰੀਆਂ 117 ਸੀਟਾਂ ਉੱਤੇ ਇੱਕੱਲੀ ਚੋਣ ਲੜੇਗੀ। ਪਰ ਇਹ ਬਿਆਨ ਵੀ ਹਕੀਕਤ ਤੋਂ ਜ਼ਿਆਦਾ ਲੋਕਾਂ ਨੂੰ ਇਹ ਸੰਦੇਸ਼ ਦੇਣ ਲਈ ਹੁੰਦੇ ਹਨ ਕਿ ਪਾਰਟੀ ਖੁਦ ਨੂੰ ਮਜ਼ਬੂਤ ਮੰਨਦੀ ਹੈ। ਸਚਾਈ ਇਹ ਹੈ ਕਿ ਦੋਵੇਂ ਪਾਰਟੀਆਂ ਤੇਲ ਨੂੰ ਵੀ ਵੇਖ ਰਹੀਆਂ ਹਨ ਤੇ ਤੇਲ ਦੀ ਧਾਰ ਨੂੰ ਵੀ।

ਤਰਨਤਾਰਨ ਦੀ ਜ਼ਿਮਨੀ ਚੋਣ ਵਿੱਚ ਅਕਾਲੀ ਦਲ ਦੀ ਵਧੀਆ ਕਾਰਗੁਜ਼ਾਰੀ ਨੇ ਬਾਦਲ ਦਲ ਵਿੱਚ ਨਵਾਂ ਸਾਹ ਭਰਿਆ ਹੈ। ਲੋਕਾਂ ਵਿੱਚ ਇਹ ਸੋਚ ਜ਼ਰੂਰ ਬਣੀ ਹੈ ਕਿ ਅਕਾਲੀ ਦਲ ਬਾਦਲ ਅਜੇ ਵੀ ਖੇਡ ਤੋਂ ਬਾਹਰ ਨਹੀਂ ਹੋਇਆ। ਭਲੇ ਹੀ ਕੁਝ ਲੋਕ ਇਸ ਕਾਰਗੁਜ਼ਾਰੀ ਨੂੰ ਪ੍ਰਿੰਸੀਪਲ ਸੁਖਵਿੰਦਰ ਕੌਰ ਅਤੇ ਅੰਮ੍ਰਿਤਪਾਲ ਸਿੰਘ ਬਾਠ ਦੇ ਅਸਰ ਨਾਲ ਜੋੜ ਕੇ ਵੇਖ ਰਹੇ ਹਨ, ਪਰ ਜਨਤਾ ਦਾ ਮਨੋਵਿਗਿਆਨ ਅਕਾਲੀ ਦਲ ਲਈ ਕੁੱਝ ਹੱਦ ਤੱਕ ਬਦਲਿਆ ਹੈ ਅਤੇ ਇਹ ਭਾਜਪਾ ਲਈ ਵੀ ਮਹੱਤਵਪੂਰਨ ਹੈ।

ਭਾਜਪਾ ਦੀ ਪੰਜਾਬ ਪਾਲਿਸੀ ਵੀ ਬਦਲ ਰਹੀ ਹੈ। ਪੰਜਾਬ ਯੂਨੀਵਰਸਿਟੀ ਦਾ ਮਸਲਾ ਹੋਵੇ ਜਾਂ ਚੰਡੀਗੜ੍ਹ ਵਿੱਚ ਹਰਿਆਣਾ ਦੀ ਨਵੀਂ ਵਿਧਾਨ ਸਭਾ ਇਮਾਰਤ ਉੱਤੇ ਰੋਕ, ਇਹ ਦੋਵੇਂ ਫੈਸਲੇ ਭਾਜਪਾ ਦੀ ਸਿਆਸੀ ਰਣਨੀਤੀ ਦਾ ਹਿੱਸਾ ਹਨ। ਭਾਜਪਾ ਚਾਹੁੰਦੀ ਹੈ ਕਿ ਪੰਜਾਬ ਵਿੱਚ ਆਪਣਾ ਪੱਕਾ ਅਧਾਰ ਬਣਾਵੇ ਅਤੇ ਲੋਕ ਉਸਨੂੰ ਸਵੀਕਾਰਨਾ ਸ਼ੁਰੂ ਕਰਨ ਪਰ ਅਜੇ ਭਾਜਪਾ ਦਾ ਵੋਟ-ਬੈਂਕ ਇੰਨਾ ਨਹੀਂ ਕਿ ਉਹ 2027 ਦੀਆਂ ਚੋਣਾਂ ਵਿੱਚ ਇੱਕੱਲੇ ਜਿੱਤ ਦਾ ਦਾਅਵਾ ਕਰ ਸਕੇ। 2022 ਦੇ ਨਤੀਜਿਆਂ ਵਿੱਚ ਅਕਾਲੀ ਦਲ ਬਾਦਲ ਨੂੰ ਕੇਵਲ 3 ਸੀਟਾਂ ਅਤੇ ਭਾਜਪਾ ਨੂੰ ਕੇਵਲ 2 ਸੀਟਾਂ ਮਿਲੀਆਂ ਸਨ। ਵੋਟ-ਸ਼ੇਅਰ ਵੀ ਸਾਫ਼ ਦੱਸਦਾ ਹੈ ਕਿ ਅਕਾਲੀ ਦਲ ਬਾਦਲ 15.10% ਅਤੇ ਭਾਜਪਾ ਕੇਵਲ 1.85% ‘ਤੇ ਖੜੀ ਸੀ।ਇਹ ਅੰਕੜੇ ਸਾਫ਼ ਦਰਸਾਉਂਦੇ ਹਨ ਕਿ ਗੱਠਜੋੜ ਤੋਂ ਬਿਨਾਂ ਦੋਵਾਂ ਚੋਂ ਕਿਸੇ ਵੀ ਪਾਰਟੀ ਲਈ ਜਿੱਤਣਾ ਮੁਸ਼ਕਲ ਹੈ।
ਦੂਜੇ ਪਾਸੇ ਨਵੇਂ ਅਕਾਲੀ ਦਲ ਦੀ ਕਾਰਗੁਜ਼ਾਰੀ ਅਜੇ ਮੈਦਾਨ ਵਿੱਚ ਦਿਖ ਨਹੀਂ ਰਹੀ। ਬਸਪਾ, ਮਾਨ ਦਲ ਅਤੇ ਅੰਮ੍ਰਿਤਪਾਲ ਸਿੰਘ ਦੇ ਧੜੇ ਦਾ ਪ੍ਰਭਾਵ ਵੀ ਇੰਨਾ ਨਹੀਂ ਕਿ ਇਹ ਦੋਵੇਂ ਪਾਰਟੀਆਂ ਉਨ੍ਹਾਂ ਨਾਲ ਗੱਠਜੋੜ ਦਾ ਜ਼ੋਖਮ ਲੈਣ। ਹਾਂ, ਨਵਾਂ ਅਕਾਲੀ ਦਲ ਅਤੇ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਆਪਸ ਵਿਚ ਗੱਠਜੋੜ ਕਰ ਸਕਦੀਆਂ ਹਨ, ਪਰ ਇਸ ਨਾਲ ਦੂਜੀਆਂ ਪਾਰਟੀਆਂ ਨੂੰ ਕੋਈ ਜ਼ਿਆਦਾ ਪ੍ਰਭਾਵ ਨਹੀਂ ਪੈਂਦਾ।

ਮੌਜੂਦਾ ਹਾਲਾਤਾਂ ਵਿੱਚ ਸਿਆਸੀ ਗਣਿਤ ਸਾਫ਼ ਕਹਿੰਦਾ ਹੈ ਕਿ ਜੇ ਭਾਜਪਾ ਨੂੰ ਅਗਲੀ ਵਿਧਾਨ ਸਭਾ ਚੋਣਾਂ ਵਿੱਚ ਕੋਈ ਵਧੀਆ ਨਤੀਜਾ ਚਾਹੀਦਾ ਹੈ ਤਾਂ ਉਸ ਦਾ ਸਭ ਤੋਂ ਵਧੀਆ ਵਿਕਲਪ ਅਕਾਲੀ ਦਲ ਬਾਦਲ ਨਾਲ ਗੱਠਜੋੜ ਹੀ ਹੈ। ਬਿਆਨਬਾਜ਼ੀ ਭਾਵੇਂ ਦੋਵੇਂ ਪਾਸਿਆਂ ਤੋਂ ਹੁਣ ਜਾਰੀ ਰਹੇਗੀ, ਪਰ ਚੋਣਾਂ ਨੇੜੇ ਆਉਂਦਿਆਂ ਹਾਲਾਤ ਬਦਲ ਸਕਦੇ ਹਨ। ਹੋ ਸਕਦਾ ਹੈ ਕਿ ਨਵਾਂ ਅਕਾਲੀ ਦਲ ਉੱਭਰ ਕੇ ਮਜ਼ਬੂਤ ਹੋ ਜਾਵੇ ਅਤੇ ਭਾਜਪਾ ਉਸ ਪਾਸੇ ਵੀ ਵੇਖੇ—ਪਰ ਇਸ ਸਮੇਂ ਨਹੀਂ।

ਪੰਜਾਬ ਦੀ ਰਾਜਨੀਤੀ ਵਿੱਚ ਕੱਲ੍ਹ ਕੀ ਹੋਵੇਗਾ, ਇਸਦੀ ਪੱਕੀ ਗਰੰਟੀ ਕੋਈ ਨਹੀਂ ਦੇ ਸਕਦਾ। ਪਰ ਅੱਜ ਦਾ ਮਾਹੌਲ ਕਹਿੰਦਾ ਹੈ ਕਿ ਅਕਾਲੀ ਦਲ ਬਾਦਲ ਅਤੇ ਭਾਜਪਾ ਵਿੱਚ ਗੱਠਜੋੜ ਦੀਆਂ ਸੰਭਾਵਨਾਵਾਂ ਵੱਧ ਹਨ ਤੇ ਦੋਵੇਂ ਹੀ ਇੱਕ ਦੂਜੇ ਦੀ ਚਾਲ ਵੇਖ ਰਹੇ ਹਨ। ਬਾਕੀ ਸਮਾਂ ਦੱਸੇਗਾ ਕਿ ਕੌਣ ਕਿਸ ਦੇ ਨਾਲ ਖੜਾ ਹੁੰਦਾ ਹੈ ਕਿਉਂਕਿ ਸਿਆਸਤ ਵਿੱਚ ਅੰਤ ਵਿੱਚ ਉਹੀ ਹੁੰਦਾ ਹੈ ਜੋ ਲੋਕਾਂ ਨੂੰ ਹੈਰਾਨ ਕਰ ਦੇਵੇ।

ਕੁਲਵੰਤ ਸਿੰਘ ਗੱਗੜਪੁਰੀ