Connect with us

Punjab

AKALI DAL ਪੁਨਰ ਸੁਰਜੀਤ ਨੂੰ ਸੱਚਮੁੱਚ ਪੁਨਰ ਸੁਰਜੀਤ ਹੋਣ ਦੀ ਲੋੜ- ਉਭਰਣ ਦਾ ਅਜੇ ਵੀ ਵੇਲਾ

Published

on

ਨਵੇਂ ਬਣੇ ਅਕਾਲੀ ਦਲ ਪੁਨਰ ਸੁਰਜੀਤ ਲਈ ਸਭ ਤੋਂ ਵੱਡੀ ਚੁਣੌਤੀ ਅਜੇ ਖੁਦ ਨੂੰ ਮਜ਼ਬੂਤ ਅਤੇ ਇਕਜੁੱਟ ਸੰਗਠਨ ਵਜੋਂ ਸਾਬਤ ਕਰਨ ਦੀ ਹੈ। ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਬਣੀ ਇਸ ਪਾਰਟੀ ਨੇ ਸ਼ੁਰੂਆਤੀ ਦੌਰ ਵਿੱਚ ਹੀ ਉਮੀਦਾਂ ਜਗਾਈਆਂ ਸਨ ਕਿ ਇਹ ਪੁਰਾਣੀ ਸਿਆਸਤ ਤੋਂ ਵੱਖਰਾ ਮਾਡਲ ਪੇਸ਼ ਕਰੇਗੀ, ਪਰ ਹਕੀਕਤ ਵਿੱਚ ਅੰਦਰੂਨੀ ਅਸਹਿਮਤੀਆਂ ਅਤੇ ਆਗੂਆਂ ਦੀ ਅਣਇਕਜੁੱਟਤਾ ਇਸਦੇ ਵਧਦੇ ਕਦਮਾਂ ਨੂੰ ਰੋਕ ਰਹੀ ਹੈ। ਪਾਰਟੀ ਦੇ ਕਈ ਸੀਨੀਅਰ ਨੇਤਾ ਅਜੇ ਤੱਕ ਪ੍ਰਧਾਨਗੀ ਦੇ ਮਾਡਲ ਅਤੇ ਫੈਸਲਾ ਪ੍ਰਕਿਰਿਆ ਬਾਰੇ ਇੱਕ ਸਾਂਝੇ ਮੱਤ ‘ਤੇ ਨਹੀਂ ਪਹੁੰਚੇ, ਜਿਸ ਕਾਰਨ ਸੰਗਠਨਕ ਢਾਂਚਾ ਡਗਮਗਾਇਆ ਹੋਇਆ ਦਿਖਾਈ ਦੇ ਰਿਹਾ ਹੈ।
ਇਸ ਸਥਿਤੀ ਵਿੱਚ ਮਨਪ੍ਰੀਤ ਸਿੰਘ ਇਆਲੀ ਵੱਲੋਂ ਵੱਖਰੀ ਲਾਈਨ ਲੈਣਾ ਅਤੇ ਮੀਟਿੰਗਾਂ ਵਿੱਚ ਗੈਰਹਾਜ਼ਰੀ ਵਰਗੀਆਂ ਘਟਨਾਵਾਂ ਨੇ ਇਹ ਸੰਕੇਤ ਦਿੱਤਾ ਹੈ ਕਿ ਪਾਰਟੀ ਅੰਦਰ ਸਿਆਸੀ ਸਮਝ ਦੀ ਘਾਟ ਹੈ। ਇੱਕ ਮੀਟਿੰਗ ਵਿੱਚ ਪ੍ਰਧਾਨ ਦੇ ਨਾਲ ਕਮੇਟੀ ਬਣਾਉਣ ਦੇ ਸੁਝਾਅ ’ਤੇ ਉਠੀ ਤਕਰਾਰ ਅਤੇ ਫਿਰ ਪ੍ਰਧਾਨ ਵੱਲੋਂ ਨਾਰਾਜ਼ਗੀ ਨਾਲ ਵਿੱਚੋਂ ਮੀਟਿੰਗ ਛੱਡ ਕੇ ਜਾਣਾ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਅੰਦਰੂਨੀ ਭਰੋਸਾ ਅਜੇ ਪੂਰੀ ਤਰ੍ਹਾਂ ਬਣਿਆ ਨਹੀਂ। ਇਸ ਤੋਂ ਇਲਾਵਾ ਕਰਨੈਲ ਸਿੰਘ ਪੰਜੋਲੀ ਵੱਲੋਂ ਪਾਰਟੀ ਤੋਂ ਵੱਖ ਹੋਣ ਦਾ ਐਲਾਨ ਕਰਨਾ ਵੀ ਨਵੇਂ ਦਲ ਲਈ ਝਟਕੇ ਵਾਂਗ ਦੇਖਿਆ ਜਾ ਰਿਹਾ ਹੈ, ਕਿਉਂਕਿ ਨਵੀਂ ਪਾਰਟੀ ਦੇ ਸ਼ੁਰੂਆਤੀ ਦੌਰ ਵਿੱਚ ਹੀ ਇਸ ਤਰ੍ਹਾਂ ਦੀ ਟੁੱਟ ਸੰਗਠਨਕ ਕਮਜ਼ੋਰੀ ਨੂੰ ਉਜਾਗਰ ਕਰਦੀ ਹੈ।
ਦੂਜੇ ਪਾਸੇ, ਸੀਨੀਅਰ ਆਗੂ ਸੁਰਜੀਤ ਸਿੰਘ ਰੱਖੜਾ ਵੱਲੋਂ ਦਿੱਤੇ ਗਏ ਬਿਆਨਾਂ ਵਿੱਚ ਭਰੋਸਾ ਜਤਾਇਆ ਗਿਆ ਹੈ ਕਿ ਮੱਤਭੇਦ ਨਵੀਂ ਪਾਰਟੀ ਦੇ ਵਿਕਾਸੀ ਪ੍ਰਕਿਰਿਆ ਦਾ ਹਿੱਸਾ ਹੁੰਦੇ ਹਨ ਅਤੇ ਜਲਦੀ ਹੀ ਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਅੰਤਿਮ ਰੂਪ ਦੇ ਕੇ ਪਾਰਟੀ ਲੋਕਾਂ ਵਿੱਚ ਮਜ਼ਬੂਤੀ ਨਾਲ ਜਾਵੇਗੀ। ਰੱਖੜਾ ਦਾ ਦਾਅਵਾ ਹੈ ਕਿ ਵਰਕਰਾਂ ਵਿੱਚ ਉਤਸ਼ਾਹ ਹੈ ਅਤੇ ਲੋਕਾਂ ਵੱਲੋਂ ਵੀ ਨਵੀਂ ਪਾਰਟੀ ਨੂੰ ਮਾਨਤਾ ਮਿਲ ਰਹੀ ਹੈ, ਪਰ ਸਿਆਸੀ ਵਿਸ਼ਲੇਸ਼ਕਾਂ ਦੇ ਨਜ਼ਰੀਏ ਅਨੁਸਾਰ ਸਿਰਫ਼ ਉਤਸ਼ਾਹ ਨਾਲ ਨਹੀਂ, ਸੰਗਠਨਕ ਅਨੁਸ਼ਾਸਨ ਅਤੇ ਸਪੱਸ਼ਟ ਨੇਤ੍ਰਤਵ ਨਾਲ ਹੀ ਪਾਰਟੀ ਖੁਦ ਨੂੰ ਸਥਾਪਿਤ ਕਰ ਸਕਦੀ ਹੈ।
ਮੌਜੂਦਾ ਪੰਜਾਬੀ ਸਿਆਸਤ ਵਿੱਚ ਇੱਕ ਖਾਲੀ ਸਿਆਸੀ ਸਪੇਸ ਜ਼ਰੂਰ ਦਿਖਾਈ ਦਿੰਦੀ ਹੈ, ਕਿਉਂਕਿ ਪੰਜਾਬ ਕਾਂਗਰਸ ਅੰਦਰੂਨੀ ਕਲੇਸ਼ ਤੋਂ ਪੂਰੀ ਤਰ੍ਹਾਂ ਉਭਰ ਨਹੀਂ ਸਕੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੇ ਪਿਛਲੇ ਵਿਵਾਦਾਂ ਅਤੇ ਸ਼ਾਸਨਕਾਲ ਦੇ ਦਾਗਾਂ ਨਾਲ ਜੂਝਣਾ ਪੈ ਰਿਹਾ ਹੈ। ਇਸਦੇ ਬਾਵਜੂਦ ਸੁਖਬੀਰ ਸਿੰਘ ਬਾਦਲ ਵੱਲੋਂ ਲਗਾਤਾਰ ਰੈਲੀਆਂ ਅਤੇ ਸੰਗਠਨਕ ਸਰਗਰਮੀਆਂ ਨਾਲ ਬਾਦਲ ਦਲ ਦੁਬਾਰਾ ਮੈਦਾਨ ਵਿੱਚ ਵਾਪਸੀ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਸ ਨਾਲ ਨਵੇਂ ਅਕਾਲੀ ਦਲ ਲਈ ਮੁਕਾਬਲਾ ਹੋਰ ਕਠਿਨ ਬਣਦਾ ਹੈ।
ਦਿਲਚਸਪ ਗੱਲ ਇਹ ਹੈ ਕਿ ਪੁਨਰ ਸੁਰਜੀਤ ਕੋਲ ਤਜ਼ਰਬੇਕਾਰ ਆਗੂਆਂ ਦੀ ਕਮੀ ਨਹੀਂ, ਪਰ ਅਕਸਰ ਜਿੱਥੇ ਬਹੁਤ ਜ਼ਿਆਦਾ ਸਿਆਸੀ ਤਜਰਬਾ ਅਤੇ ਵਿਅਕਤੀਗਤ ਸਿਆਣਪ ਇਕੱਠੀ ਹੋ ਜਾਵੇ, ਉੱਥੇ ਸਾਂਝਾ ਨੇਤ੍ਰਤਵ ਬਣਾਉਣਾ ਔਖਾ ਹੋ ਜਾਂਦਾ ਹੈ। ਪਾਰਟੀ ਵਿੱਚ ਇਹ ਧਾਰਣਾ ਵੀ ਬਣ ਰਹੀ ਹੈ ਕਿ ਕੁਝ ਆਗੂ ਪ੍ਰਧਾਨ ਨੂੰ ਕੇਵਲ ਪ੍ਰਤੀਕਾਤਮਕ ਭੂਮਿਕਾ ਵਿੱਚ ਦੇਖਣਾ ਚਾਹੁੰਦੇ ਹਨ, ਜੋ ਲੰਬੇ ਸਮੇਂ ਲਈ ਕਿਸੇ ਵੀ ਸੰਗਠਨ ਲਈ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ। ਜੇਕਰ ਗਿਆਨੀ ਹਰਪ੍ਰੀਤ ਸਿੰਘ ਸਿਰਫ਼ ਰਬੜ ਦੀ ਮੋਹਰ ਬਣ ਕੇ ਹੀ ਕੰਮ ਕਰਨਾ ਚਾਹੁੰਦੇ, ਤਾਂ ਉਹ ਪੁਰਾਣੇ ਸੰਗਠਨ ਵਿੱਚ ਰਹਿ ਕੇ ਵੀ ਇਹ ਭੂਮਿਕਾ ਨਿਭਾ ਸਕਦੇ ਸਨ; ਇਸ ਲਈ ਨਵੇਂ ਦਲ ਦੀ ਸਥਾਪਨਾ ਦਾ ਮਕਸਦ ਇੱਕ ਸੁਤੰਤਰ ਅਤੇ ਨਵਾਂ ਸਿਆਸੀ ਮਾਡਲ ਪੇਸ਼ ਕਰਨਾ ਹੀ ਸੀ।
ਇਸ ਪਿਛੋਕੜ ਵਿੱਚ ਪਾਰਟੀ ਲਈ ਸਭ ਤੋਂ ਵੱਡੀ ਲੋੜ ਇਹ ਹੈ ਕਿ ਨਿੱਜੀ ਅਹੰਕਾਰ ਅਤੇ ਗਰੁੱਪਬਾਜ਼ੀ ਤੋਂ ਉੱਪਰ ਉੱਠ ਕੇ ਲੋਕਤੰਤਰਿਕ ਢੰਗ ਨਾਲ ਫੈਸਲੇ ਲਏ ਜਾਣ ਅਤੇ ਪ੍ਰਧਾਨਗੀ ਨੂੰ ਸਪੱਸ਼ਟ ਅਧਿਕਾਰ ਦਿੱਤੇ ਜਾਣ। ਜੇਕਰ ਅੰਦਰੂਨੀ ਟਕਰਾਅ ਜਾਰੀ ਰਹਿੰਦਾ ਹੈ ਤਾਂ ਪਾਰਟੀ ਦੀ ਸੰਭਾਵਨਾ ਕਾਗਜ਼ਾਂ ਤੱਕ ਹੀ ਸੀਮਿਤ ਰਹਿ ਸਕਦੀ ਹੈ, ਪਰ ਜੇਕਰ ਆਗੂ ਇੱਕਜੁੱਟ ਹੋ ਕੇ ਨੀਤੀਆਂ ਅਤੇ ਮਜ਼ਬੂਤ ਸੰਗਠਨਕ ਢਾਂਚੇ ਨਾਲ ਅੱਗੇ ਵਧਦੇ ਹਨ ਤਾਂ ਇਹ ਨਵਾਂ ਅਕਾਲੀ ਦਲ ਪੰਜਾਬੀ ਸਿਆਸਤ ਵਿੱਚ ਇੱਕ ਵਿਕਲਪ ਵਜੋਂ ਉਭਰ ਸਕਦਾ ਹੈ। ਹੁਣ ਦੇਖਣਾ ਇਹ ਹੈ ਕਿ ਸੁਰਜੀਤ ਸਿੰਘ ਰੱਖੜਾ ਵੱਲੋਂ ਕੀਤੇ ਦਾਅਵੇ ਕਿੰਨੇ ਹਕੀਕਤ ਬਣਦੇ ਹਨ ਅਤੇ ਕੀ ਅਕਾਲੀ ਦਲ ਪੁਨਰ ਸੁਰਜੀਤ ਪਹਿਲਾਂ ਖੁਦ ਨੂੰ ਪੁਨਰ ਸੁਰਜੀਤ ਕਰਕੇ ਫਿਰ ਪੰਜਾਬ ਦੀ ਸਿਆਸਤ ਵਿੱਚ ਪ੍ਰਭਾਵਸ਼ਾਲੀ ਭੂਮਿਕਾ ਨਿਭਾ ਸਕੇਗਾ ਜਾਂ ਨਹੀਂ।

ਕੁਲਵੰਤ ਸਿੰਘ ਗੱਗੜਪੁਰੀ