India
ਅਲਫਲਾਹ ਯੂਨੀ. ਦੇ ਚੇਅਰਮੈਨ, ਉਮਰ ਤੇ ਧਰਮ ਦੇ ਨਾਮ ਤੇ ਮੌਤ ਵੰਡਦੇ ਹੋਰ ਆਤੰਕੀਆਂ ਦੀਆਂ ਦਿਲ ਦਹਿਲਾ ਦੇਣ ਵਾਲੀਆਂ ਕਹਾਣੀਆਂ
ਦੇਸ਼ ਨੂੰ ਹਿਲਾ ਦੇਣ ਵਾਲੇ ਸੱਚ ਦਾ ਪਰਦਾਫ਼ਾਸ਼—ਅਤੇ ਇਹ ਸੱਚ ਕਿਸੇ ਜੰਗਲ ਵਿੱਚ ਨਹੀਂ, ਕਿਸੇ ਸਰਹੱਦ ‘ਤੇ ਨਹੀਂ, ਸਗੋਂ ਇੱਕ ਯੂਨੀਵਰਸਿਟੀ ਦੇ ਕੈਂਪਸ ਵਿੱਚ ਜਨਮ ਲੈਂਦਾ ਰਿਹਾ… ਅਲਫਲਾਹ ਯੂਨੀਵਰਸਿਟੀ, ਫਰੀਦਾਬਾਦ। ਜਿੱਥੇ ਕਿਤਾਬਾਂ ਦੇ ਸਾਏ ਹੇਠਾਂ ਕਲਾਸਰੂਮਾਂ ਵਿੱਚ ਭਵਿੱਖ ਨਹੀਂ, ਬੰਬ ਤਿਆਰ ਕੀਤੇ ਜਾ ਰਹੇ ਸਨ… ਜਿੱਥੇ ਬਚਪਨ ਦੇ ਸੁਪਨੇ ਨਹੀਂ, ਮੌਤ ਦੇ ਫ਼ਰਮਾਨ ਲਿਖੇ ਜਾ ਰਹੇ ਸਨ…
ਸਭ ਤੋਂ ਪਹਿਲਾਂ ਗੱਲ ਉਸ ਮਨੁੱਖ ਦੀ, ਜਿਸ ਨੇ ਇਸ ਕਾਲੀ ਕਹਾਣੀ ਦੀ ਨੀਂਹ ਰੱਖੀ—ਜਵਾਦ ਅਹਿਮਦ ਸਦੀਕੀ 1990 ਦੇ ਦਹਾਕੇ ਵਿੱਚ ਅਲਫਲਾਹ ਗਰੁੱਪ ਖੜ੍ਹਾ ਕੀਤਾ, 2014 ਵਿੱਚ ਯੂਨੀਵਰਸਿਟੀ ਬਣਾਈ—ਪਰ ਮਕਸਦ ਸਿੱਖਿਆ ਨਹੀਂ ਸੀ, ਮਕਸਦ ਪੈਸਾ… ਧੋਖਾਧੜੀ… ਅਤੇ ਉਹ ਜਾਲ ਜਿਸ ਵਿੱਚ ਫਸ ਕੇ ਅਨੇਕ ਨੌਜਵਾਨ ਅੱਤਵਾਦੀ ਬਣੇ। ਈਡੀ ਦੀ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਸਰਕਾਰੀ ਮਾਨਤਾ ਦੇ ਝੂਠੇ ਸਰਟੀਫਿਕੇਟ ਦਿਖਾ ਕੇ ਇਸ ਨੇ ਮਾਪਿਆਂ ਤੋਂ 415 ਕਰੋੜ ਰੁਪਏ ਲੁੱਟ ਲਏ। ਆਮਦਨ ਕਿਤੇ ਤੇ ਜਮ੍ਹਾਂ ਧਨ ਕਿਤੇ ਹੋਰ… ਹਿਸਾਬ ਨਹੀਂ ਮਿਲਦਾ, ਸਵਾਲ ਵੱਡੇ ਹਨ। ਅਤੇ ਸਭ ਤੋਂ ਭਿਆਨਕ—ਜਿਨ੍ਹਾਂ ਨੇ ਦੇਸ਼ ਵਿੱਚ ਬੰਬ ਧਮਾਕੇ ਕੀਤੇ, ਉਹ ਜ਼ਿਆਦਾਤਰ ਡਾਕਟਰ, ਇੰਜੀਨੀਅਰ… ਤੇ ਉਹ ਸਭ ਅਲਫਲਾਹ ਤੋਂ ਹੀ ਪੜ੍ਹੇ। ਦਸ ਹੋਰ ਵਿਦਿਆਰਥੀ ਭੱਜੇ ਫਿਰ ਰਹੇ ਹਨ—ਤੇ ਸਦੀਕੀ ਖੁਦ ਵਿਦੇਸ਼ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਈਡੀ ਨੇ ਉਸ ਦੀ ਚਾਲ ਫੜ ਲਈ ਅਤੇ ਸਮੇਂ ਸਿਰ ਦਬੋਚ ਲਿਆ।
ਹੁਣ ਗੱਲ ਕਰਦੇ ਹਾਂ 10 ਨਵੰਬਰ… ਲਾਲ ਕਿਲ੍ਹੇ ਨੇੜੇ ਧਮਾਕਾ… 15 ਮਾਸੂਮ ਜਾਨਾਂ ਹਵਾ ਵਿੱਚ ਉੱਡ ਗਈਆਂ। ਧਮਾਕਾ ਕਰਨ ਵਾਲਾ—ਡਾਕਟਰ ਉਮਰ ਨਬੀ। ਇੱਕ ਡਿਗਰੀਧਾਰੀ, ਪਰ ਦਿਲ ਨਫ਼ਰਤ ਅਤੇ ਮੌਤ ਦੇ ਇਰਾਦਿਆਂ ਨਾਲ ਭਰਿਆ। ਹਰਿਆਣਾ ਦੇ ਨੂੰਹ ਵਿੱਚ ਕਮਰਾ ਕਿਰਾਏ ‘ਤੇ ਲਿਆ ਅਤੇ ਦਸ ਦਿਨ… ਦਸ ਕਾਲੇ ਦਿਨ… ਕਮਰੇ ਵਿੱਚ ਬੰਦ ਰਿਹਾ। ਨਾ ਨ੍ਹਾਇਆ, ਨਾ ਕੱਪੜੇ ਬਦਲੇ, ਫਰਸ਼ ‘ਤੇ ਹੀ ਗੰਦ ਕਰਦਾ ਰਿਹਾ—ਇਹ ਹਾਲਤ ਨਹੀਂ, ਇਹ ਮਨੋਵਿਗਿਆਨਕ ਟੁੱਟਣ ਦਾ ਉਹ ਪਲ ਸੀ ਜਿੱਥੇ ਅੱਤਵਾਦੀ ਆਪਣੇ ਆਪ ਤੋਂ ਵੀ ਦੂਰ ਹੋ ਜਾਂਦਾ ਹੈ। ਰਾਤਾਂ ਨੂੰ ਚੁੱਪਕੇ ਨਿਕਲਦਾ, ਦਿਨ ਵਿੱਚ ਖਾਮੋਸ਼ੀ ਵਿੱਚ ਤੜਫਦਾ। 9 ਨਵੰਬਰ ਨੂੰ ਆਪਣੀ i20 ਕਾਰ ਲੈ ਕੇ ਚਲਿਆ… 10 ਨਵੰਬਰ ਨੂੰ ਧਮਾਕਾ ਕਰਕੇ ਖੁਦ ਵੀ ਮਰ ਗਿਆ… ਪਰ ਕਈ ਪਰਿਵਾਰਾਂ ਲਈ ਪੀੜ ਪਿੱਛੇ ਛੱਡ ਗਿਆ।
ਅਤੇ ਹੁਣ… ਸਭ ਤੋਂ ਡਰਾਉਣੀ ਕਹਾਣੀ—ਮਿਰਜ਼ਾ ਸਦਾਬ ਬੇਗ। ਅਲਫਲਾਹ ਤੋਂ ਬੀ.ਟੈਕ ਪਾਸ ਕੀਤਾ, ਪਰ ਤਕਨਾਲੋਜੀ ਦੇ ਗਿਆਨ ਨੂੰ ਉਦਯੋਗ ਵਿੱਚ ਨਹੀਂ, ਮੌਤ ਦੇ ਕਾਰਖਾਨੇ ਵਿੱਚ ਲਗਾਇਆ। ਉਸ ਨੇ ਇੱਕ–ਦੋ ਨਹੀਂ—ਪੰਜ ਧਮਾਕੇ ਕੀਤੇ। ਸਦਾਬ ਦੀ ਕਹਾਣੀ ਸਿਰਫ਼ ਇੱਕ ਆਤੰਕੀ ਦੀ ਨਹੀਂ, ਸਿੱਖਿਆ ਦੀ ਆੜ ‘ਚ ਤਿਆਰ ਕੀਤੇ ਗਏ ਇੱਕ “ਹਾਈ-ਟੈਕ ਹਥਿਆਰ” ਦੀ ਹੈ। ਉਹ ਸਧਾਰਣ ਵਿਦਿਆਰਥੀ ਨਹੀਂ ਸੀ—ਉਸ ਨੂੰ ਇਨਕ੍ਰਿਪਟਡ ਐਪਸ, ਰਿਮੋਟ ਟ੍ਰਿਗਰ, IED ਸਰਕਟਿੰਗ, ਟਾਈਮਰ, ਬੈਟਰੀ ਮੋਡੀਊਲ, ਮੋਬਾਈਲ-ਡਿਟੋਨੇਟਰ ਤੱਕ ਸਿਖਾਏ ਗਏ। ਉਹ ਪਹਿਲਾਂ ਰੇਕੀ ਟੀਮਾਂ ਦਾ ਹਿੱਸਾ ਬਣਿਆ—ਕਿਹੜੀ ਜਗ੍ਹਾ ਭੀੜ ਵਾਲੀ ਹੈ, ਕਿਥੇ CCTV ਕੰਮ ਨਹੀਂ ਕਰਦਾ ਜਾਂ ਕੰਮ ਕਰਨੋ ਕਿਵੇਂ ਹਟਾਇਆ ਜਾ ਸਕਦਾ ਹੈ, ਕਿਹੜੇ ਥਾਵਾਂ ‘ਤੇ ਪੁਲਿਸ ਰਿਸਪਾਂਸ ਸਲੋ ਹੁੰਦਾ ਹੈ ਅਤੇ ਹੌਲੀ-ਹੌਲੀ ਉਹ “ਐਕਟਿਵ ਯੂਨਿਟ” ਬਣ ਗਿਆ—ਮੌਤ ਦਾ ਦੌੜਦੀ ਫੈਕਟਰੀ।
ਇਹ ਤਿੰਨ ਚਿਹਰੇ—ਸਦੀਕੀ, ਉਮਰ ਨਬੀ, ਸਦਾਬ ਬੇਗ—ਇੱਕ ਖ਼ਤਰਨਾਕ ਸਚਾਈ ਦੱਸਦੀਆਂ ਹਨ ਕਿ ਸਿੱਖਿਆ ਦੇਣ ਵਾਲੀਆਂ ਯੂਨੀਵਰਸਿਟੀਆਂ ਵੀ ਅੱਤਵਾਦੀ ਫੈਕਟਰੀ ਬਣਦੀਆਂ ਜਾ ਰਹੀਆਂ ਹਨ। ਸਵਾਲ ਵੱਡਾ ਹੈ: ਕੌਣ ਹੈ ਜੋ ਹਨ੍ਹੇਰੇ ਵਿੱਚ ਬੈਠ ਕੇ ਨੌਜਵਾਨਾਂ ਦੇ ਦਿਮਾਗ ਵਿੱਚ ਏਨੀ ਨਫ਼ਰਤ ਭਰ ਰਿਹਾ ਹੈ? ਕੌਣ ਹੈ ਜੋ ਧਰਮ ਦੇ ਨਾਮ ‘ਤੇ ਮੌਤ ਵੇਚਦਾ ਹੈ? ਅਤੇ ਆਖਿਰ… ਅਲਫਲਾਹ ਦਾ ਇਹ ਜਾਲ ਕਿੰਨਾ ਵੱਡਾ ਹੈ?ਜਵਾਬ ਲੱਭਣੇ ਬਾਕੀ ਹਨ।

ਕੁਲਵੰਤ ਸਿੰਘ ਗੱਗੜਪੁਰੀ
