Connect with us

India

“ਵਿਦੇਸ਼ ਦਾ ਸੁਪਨਾ ਜਾਂ ਮੌਤ ਦੀ ਦੁਨੀਆ? ਨੌਜਵਾਨੋ—ਡੰਕੀ ਰਸਤਾ ਖਤਮ ਹੋਣ ਵਾਲੀਆਂ ਜਿੰਦਗੀਆਂ ਦਾ ਕਬਰਸਤਾਨ ਹੈ”

Published

on

ਅੱਜ ਪੰਜਾਬ ਅਤੇ ਹਰਿਆਣਾ ਦਾ ਹਰ ਦੂਜਾ ਨੌਜਵਾਨ ਵਿਦੇਸ਼ ਜਾਣ ਲਈ ਬੇਚੈਨ ਹੈ। ਕਿਸੇ ਨੂੰ ਯੂਰਪ ਦੀ ਚਮਕ ਦਿਖਦੀ ਹੈ, ਕਿਸੇ ਨੂੰ ਕੈਨੇਡਾ ਅਮਰੀਕਾ ਦੀ ਤਨਖਾਹ, ਕਿਸੇ ਨੂੰ ਇਟਲੀ-ਜਰਮਨੀ ਵਿੱਚ ਕੰਮ ਦੇ ਮੌਕੇ। ਘਰ-ਘਰ ਵਿੱਚ ਇੱਕ ਹੀ ਗੱਲ—
“ਵਿਦੇਸ਼ ਚਲੇ ਜਾਈਏ ਤਾਂ ਜ਼ਿੰਦਗੀ ਬਣ ਜਾਵੇਗੀ…”
ਪਰ ਹਕੀਕਤ ਇਹ ਨਹੀਂ।
ਹਕੀਕਤ ਉਹ ਕਾਲੇ ਜੰਗਲ ਹਨ, ਜਿੱਥੇ ਨੌਜਵਾਨਾਂ ਦੇ ਕੱਪੜੇ ਤਾਂ ਮਿਲ ਜਾਂਦੇ ਹਨ—ਪਰ ਉਹ ਖੁਦ ਨਹੀਂ ਮਿਲਦੇ।
ਹਕੀਕਤ ਉਹ ਰਾਹ ਹੈ ਜਿੱਥੇ ਪਿਛੇ ਮੁੜਕੇ ਆਉਣ ਦਾ ਕੋਈ ਰਸਤਾ ਨਹੀਂ।
ਹਕੀਕਤ ਉਹ ਮਾਂਵਾਂ ਹਨ ਜੋ ਸਾਲਾਂ ਤੱਕ ਆਪਣੇ ਪੁੱਤਰ ਦੀ ਲਾਸ਼ ਦਾ ਇੰਤਜ਼ਾਰ ਕਰਦੀਆਂ ਹਨ।
ਹਕੀਕਤ ਉਹ ਬੱਚੇ ਹਨ ਜੋ ਆਪਣੇ ਪਿਤਾ ਦੇ ਜੁੱਤੇ ਚੁੰਮ ਕੇ ਸੋਚਦੇ ਹਨ—”ਪਾਪਾ ਕਦੋਂ ਘਰ ਆਉਣਗੇ?”
ਇਹ ਹੈ ਡੰਕੀ ਦਾ ਰਸਤਾ—ਜਿੱਥੇ ਸੁਪਨੇ ਨਹੀਂ, ਸਿਰਫ਼ ਸਰੀਰਾਂ ਦੇ ਕੰਕਾਲ ਮਿਲਦੇ ਹਨ।
ਇੱਕ ਤਾਜ਼ਾ ਉਦਾਹਰਣ ਹੈ ਪਿਹੋਵਾ ਦੀ ਨੰਦ ਕਲੋਨੀ ਦਾ ਪ੍ਰਦੀਪ ਮਾਰਚ ਮਹੀਨੇ ਵਿੱਚ ਦਿਲ ਵਿੱਚ ਅਮੀਰ ਬਣਨ ਦੇ ਸੁਪਨੇ ਸਜਾ ਕੇ ਇਟਲੀ ਲਈ ਰਵਾਨਾ ਹੋਇਆ ਸੀ।
ਤਿੰਨ ਬੱਚਿਆਂ ਦਾ ਪਿਤਾ।
ਉਸਨੇ ਵੀ ਯੂਰਪ ਦਾ ਸੁਪਨਾ ਦੇਖਿਆ ਸੀ। ਉਹ ਵੀ ਸੋਚਦਾ ਸੀ ਕਿ ਇਟਲੀ ਪਹੁੰਚ ਕੇ ਮਿਹਨਤ ਕਰੇਗਾ, ਬੱਚਿਆਂ ਨੂੰ ਵਧੀਆ ਸਕੂਲ ਪਾਵੇਗਾ, ਮਾਂ-ਬਾਪ ਦੀ ਬੁੱਢੇਪੇ ਦੀਆਂ ਲੋੜਾਂ ਪੂਰੀਆਂ ਕਰੇਗਾ।
ਏਜੰਟਾਂ ਨੇ ਚਿੱਟੇ ਕਾਗਜ਼ਾਂ ‘ਤੇ ਸੁਪਨੇ ਬੁਣਕੇ ਉਸਦੇ ਮਨ ਵਿੱਚ ਖੁਸ਼ੀਆਂ ਦੇ ਮਹਲ ਖੜ੍ਹੇ ਕਰ ਦਿੱਤੇ।
ਕਿਹਾ—“ਤੈਨੂੰ ਸਹੀ ਤਰੀਕੇ ਨਾਲ ਭੇਜਾਂਗੇ… ਕੋਈ ਜ਼ੋਖਮ ਨਹੀਂ… ਚੱਲ ਕੁਝ ਦਿਨਾਂ ਦੀਆਂ ਦਿੱਕਤਾਂ, ਮੁਕਾਮ ‘ਤੇ ਪਹੁੰਚ ਕੇ ਸਭ ਠੀਕ ਹੋ ਜਾਵੇਗਾ…”
ਉਸਨੇ 14 ਲੱਖ ਰੁਪਏ ਜੋੜੇ।
ਪਰਵਾਰ ਨੇ ਸੋਚਿਆ—“ ਕੁੱਝ ਬਣ ਜਾਵੇਗਾ… ਇਹ ਵੀ ਬਾਹਰ ਚਲਾ ਜਾਵੇ ਤਾਂ ਘਰ ਸੁਖੀ ਹੋ ਜਾਵੇਗਾ…”
ਪਰ ਸਹੀ ਤਰੀਕਾ ਕਿੱਥੇ ਸੀ?
ਇਹ ਤਾਂ ਡੰਕੀ ਦਾ ਰਸਤਾ ਸੀ—ਜਿੱਥੇ ਮਨੁੱਖ ਨਹੀਂ, “ਮਾਲ” ਲਿਜਾਇਆ ਜਾਂਦਾ ਹੈ।
ਦਰਦ ਦੀ ਅਸਲ ਦਾਸਤਾਨ
ਪ੍ਰਦੀਪ ਦਿੱਲੀ ਤੋਂ ਦੁਬਈ ਪਹੁੰਚਿਆ।
ਉਥੋਂ ਗੱਡੀਆਂ ਵਿੱਚ ਬਿਠਾਇਆ ਗਿਆ—ਰਾਤਾਂ ਨੂੰ ਰੇਤਲੇ ਇਲਾਕਿਆਂ ਵਿੱਚ ਲੰਘਾਇਆ ਗਿਆ।
ਫਿਰ ਸਰਬੀਆ, ਤੁਰਕੀ, ਸਲੋਵੇਨੀਆ ਦੇ ਕਾਲੇ ਜੰਗਲ…
ਧੁੱਪ, ਭੁੱਖ, ਠੰਢ, ਪਿਆਸ—ਕੋਈ ਰਾਹ ਦਿਸਦਾ ਨਹੀਂ ਸੀ।
ਅਣਜਾਣ ਲੋਕ, ਅਣਜਾਣ ਭਾਸ਼ਾ, ਸਿਰਫ਼ ਡੋਂਕਰਾਂ ਦੇ ਹੁਕਮ ‘ਤੇ ਚਲਣ ਦੀ ਮਜ਼ਬੂਰੀ।
ਡੋਂਕਰ ਹਰ ਕੁਝ ਘੰਟਿਆਂ ਬਾਅਦ ਇਹੀ ਪੁੱਛਦੇ—
“ਏਜੰਟ ਨੇ ਪੈਸੇ ਭੇਜੇ?”
ਜਵਾਬ ‘ਨਾ’ ਮਿਲਣ ਤੇ ਤਸੀਹੇ, ਲੱਤਾਂ, ਮੁੱਕੇ, ਡੰਡੇ।
ਇੱਕ ਰਾਤ ਉਹ ਤਿੰਨ ਹੋਰ ਲੜਕਿਆਂ ਸਮੇਤ ਕਾਲੇ ਜੰਗਲ ਵਿੱਚ ਛੱਡਿਆ ਗਿਆ।
ਬਾਕੀ ਲੜਕੇ ਅੱਗੇ ਨਿਕਲ ਗਏ ਕਿਉਂਕਿ ਉਨ੍ਹਾਂ ਦੇ ਪੈਸੇ ਏਜੰਟ ਭੇਜ ਚੁੱਕੇ ਸਨ।
ਪਰ ਇਹ ਇੱਕ ਨੌਜਵਾਨ ਪ੍ਰਦੀਪ—ਜਿਸਦੇ ਪੈਸੇ ਏਜੰਟਾਂ ਨੇ ਗ਼ਬਨ ਕਰ ਲਏ—
ਡੋਂਕਰਾਂ ਦੇ ਗੁੱਸੇ ਦੀ ਚਪੇਟ ਵਿੱਚ ਆ ਗਿਆ।
ਉਸ ਦੇ ਹੱਥ ਬੰਨੇ ਗਏ।
ਤਸੀਹੇ ਦਿਤੇ ਗਏ।
ਉਸਦੀ ਜਾਨ ਨੂੰ ਤਰਲ ਹੁੰਦਾ ਦੇਖ ਕੇ ਵੀ ਕਿਸੇ ਦਾ ਦਿਲ ਨਹੀਂ ਪਿਘਲਿਆ
ਇੱਕ ਝਟਕੇ ਨਾਲ ਉਸਦੀ ਧੜਕਣ ਰੁਕ ਗਈ।
ਅਤੇ ਜੰਗਲ ਦੀਆਂ ਠੰਢੀਆਂ ਘਾਹਾਂ ਨੇ ਉਸ ਨੂੰ ਆਪਣੀ ਗੋਦ ਵਿੱਚ ਸਮਾ ਲਿਆ।
17 ਮਹੀਨਿਆਂ ਬਾਅਦ ਪ੍ਰਦੀਪ ਦੀ ਲਾਸ਼ ਉਸਦੇ ਘਰਦਿਆਂ ਨੂੰ ਮਿਲੀ —
ਨਾ ਉਹ ਚਿਹਰਾ, ਨਾ ਉਹ ਕੱਦ
ਸਿਰਫ਼ ਇੱਕ ਕੰਕਾਲ , -ਪਰਵਾਰ ਦੀਆਂ ਅੱਖਾਂ ਅੱਗੇ ਰੱਖਿਆ।
ਪਤਨੀ ਬੇਹੋਸ਼ ਹੋ ਗਈ।
ਬੱਚੇ ਚੀਕ-ਚੀਕ ਕੇ ਰੋਂਦੇ ਰਹੇ।
ਪਤਨੀ ਆਪਣੇ ਛੋਟੇ ਬੱਚੇ ਨੂੰ ਛਾਤੀ ਨਾਲ ਚਿਮੜਾ ਕੇ ਪੁੱਛਦੀ ਰਹੀ—
“ਤੂੰ ਕਿਉਂ ਗਿਆ ਸੀ…? ਕਿਹੜੀ ਮੰਜ਼ਿਲ ਲਈ ਅਸੀਂ ਤੈਨੂੰ ਗਵਾ ਲਿਆ?”
ਪਰ ਜਵਾਬ ਕਿਸੇ ਕੋਲ ਨਹੀਂ ਸੀ। ਪੈਸੇ ਹਜ਼ਮ ਕਰਕੇ ਏਜੰਟ ਅਮਰੀਕਾ ਭੱਜ ਗਿਆ । ਇਹ ਕੇਵਲ ਇੱਕ ਘਰ ਦੀ ਕਹਾਣੀ ਨਹੀਂ-
ਪੰਜਾਬ-ਹਰਿਆਣਾ ਦੇ ਹਰ ਜ਼ਿਲੇ, ਹਰ ਤਹਿਸੀਲ ਵਿੱਚ ਕੋਈ ਨਾ ਕੋਈ ਐਸਾ ਘਰ ਹੈ ਜੋ ਕਿਸੇ “ਵਿਦੇਸ਼ੀ ਸੁਪਨੇ” ਨੇ ਉਜਾੜ ਦਿੱਤਾ।
ਕੋਈ ਪਿਤਾ ਵਾਪਸ ਨਹੀਂ ਆਇਆ,
ਕੋਈ ਪੁੱਤਰ ਲਾਪਤਾ ਹੈ,
ਕੋਈ ਜਵਾਨ ਦੀ ਲਾਸ਼ ਕਦੇ ਮਿਲੀ ਹੀ ਨਹੀਂ।
ਡੰਕੀ ਰਸਤਾ ਇੱਕ ਜਾਲ ਹੈ—ਜਿੱਥੇ ਮੌਤ ਅੱਗੇ ਬੈਠੀ ਹੁੰਦੀ ਹੈ ਕੋਈ ਵਿਰਲਾ ਹੀ ਬਚ ਪਾਉਂਦਾ ਹੈ।
ਨੌਜਵਾਨੋ—ਜੇ ਵਿਦੇਸ਼ ਜਾਣਾ ਹੈ ਤਾਂ ਸਹੀ ਤਰੀਕੇ ਨਾਲ ਜਾਓ
ਵਿਦੇਸ਼ ਜਾਣਾ ਗਲਤ ਨਹੀਂ।
ਮਿਹਨਤ ਕਰਕੇ ਭਵਿੱਖ ਬਣਾਉਣਾ ਗਲਤ ਨਹੀਂ।
ਗਲਤ ਹੈ ਗੈਰ-ਕਾਨੂੰਨੀ ਰਸਤਾ, ਜਿਹੜਾ ਤੁਹਾਡੀ ਜਿੰਦਗੀ ਦੀ ਕਿਸ਼ਤੀ ਡੁੱਬਾ ਦਿੰਦਾ ਹੈ।
ਯਾਦ ਰੱਖੋ:
✔️ ਲਾਇਸੈਂਸ ਵਾਲੇ ਏਜੰਟ ਕੋਲ ਹੀ ਜਾਓ।

✔️ ਲਿਖਤੀ ਐਗਰੀਮੈਂਟ ਤੋਂ ਬਿਨਾਂ ਇੱਕ ਰੁਪਇਆ ਵੀ ਨਾ ਦਿਓ।
✔️ ਵਰਕ ਪਰਮਿਟ ਅਤੇ ਵੀਜ਼ਾ ਹੱਥ ਵਿੱਚ ਆਉਣ ਪਿੱਛੋਂ ਹੀ ਦੇਸ਼ ਛੱਡੋ।
ਦੁਬਈ–ਤੁਰਕੀ–ਸਰਬੀਆ– ਸਲੋਵੇਨੀਆ ਵਰਗਾ ਡੰਕੀ ਰਸਤਾ ਕਿਸੇ ਵੀ ਸਥਿਤੀ ਵਿੱਚ ਨਾ ਚੁਣੋ।
✔️ ਆਪਣੀ ਜਿੰਦਗੀ ਨੂੰ ਕਿਸੇ ਠੱਗ ਏਜੰਟ ਦੇ ਹੱਥ ਨਾ ਦਿਓ।
ਆਖ਼ਰੀ ਗੱਲ—ਸੋਚੋ, ਸਮਝੋ, ਜਾਗੋ
ਜੇ ਤੁਸੀਂ ਅਜੇ ਵੀ ਨਹੀਂ ਜਾਗਦੇ, ਤਾਂ ਕੱਲ੍ਹ ਦੀ ਅਖ਼ਬਾਰ ਵਿੱਚ ਕਿਸੇ ਹੋਰ ਪਰਦੀਪ ਦੀ ਕਹਾਣੀ ਹੋਵੇਗੀ…
ਅਤੇ ਉਹ ਨਾਮ ਕਿਸੇ ਵੀ ਵੇਲੇ ਤੁਹਾਡਾ ਵੀ ਹੋ ਸਕਦਾ ਹੈ।
ਵਿਦੇਸ਼ ਦੀ ਚਮਕ ਸਹੀ ਰਸਤੇ ਨਾਲ ਹੀ ਸੋਹਣੀ ਹੈ—
ਗਲਤ ਰਸਤਾ ਸਿਰਫ਼ ਮੌਤ ਤੱਕ ਹੀ ਲੈ ਜਾਂਦਾ ਹੈ।

 

ਕੁਲਵੰਤ ਸਿੰਘ ਗੱਗੜਪੁਰੀ