Connect with us

Punjab

ਪੰਜਾਬ ‘ਚ ਫਿਰ ਵਾਪਰੀ ਬੇਅਦਬੀ ਦੀ ਵੱਡੀ ਘਟਨਾ

Published

on

ਪੰਜਾਬ ਦੇ ਜਲੰਧਰ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਸਾਹਮਣੇ ਆਈ ਹੈ। ਕੁਝ ਸ਼ਰਾਰਤੀ ਅਨਸਰਾਂ ਵੱਲੋਂ ਗੁਰਦੁਆਰੇ ਦੇ ਬਾਹਰ ਪਾਵਨ ਸਰੂਪ ਦੇ 6 ਅੰਗ ਪਾੜੇ ਗਏ ਹਨ। ਇਸ ਘਟਨਾ ਤੋਂ ਬਾਅਦ ਵੱਡੀ ਗਿਣਤੀ ਵਿੱਚ ਗੁੱਸੇ ‘ਚ ਨਿਹੰਗ ਪਿੰਡ ਪਹੁੰਚੇ ਅਤੇ ਰੋਸ ਪ੍ਰਦਰਸ਼ਨ ਕਰਨ ਲੱਗ ਪਏ, ਜਿਸ ਨਾਲ ਇਲਾਕੇ ਵਿੱਚ ਤਣਾਅ ਦਾ ਮਾਹੌਲ ਬਣ ਗਿਆ ਹੈ। ਸਥਾਨਕ ਸਿੱਖ ਸੰਗਤ ਅਤੇ ਧਾਰਮਿਕ ਜੱਥੇਬੰਦੀਆਂ ਵੱਲੋਂ ਵੀ ਇਸ ਘਟਨਾ ਦੀ ਸਖ਼ਤ ਨਿੰਦਿਆ ਕੀਤੀ ਗਈ ਹੈ।

ਮਿਲੀ ਜਾਣਕਾਰੀ ਮੁਤਾਬਕ, ਪਿੰਡ ਦੀ ਵਸਨੀਕ ਜਸਪ੍ਰੀਤ ਕੌਰ ਨੇ ਦੱਸਿਆ ਕਿ ਉਹ ਸ਼ਾਮ 5 ਵਜੇ ਦੇ ਕਰੀਬ ਗੁਰਦੁਆਰਾ ਸਾਹਿਬ ਗਈ ਸੀ। ਉਸ ਸਮੇਂ ਅੰਦਰ ਕੋਈ ਨਹੀਂ ਸੀ, ਇਸ ਲਈ ਉਹ ਬਾਹਰੋਂ ਮੱਥਾ ਟੇਕ ਕੇ ਘਰ ਵਾਪਸ ਆ ਗਈ। ਲਗਭਗ ਇੱਕ ਘੰਟੇ ਬਾਅਦ, ਸ਼ਾਮ 6 ਵਜੇ ਦੇ ਕਰੀਬ, ਗੁਰਦੁਆਰਾ ਸਾਹਿਬ ‘ਚ ਬੇਅਦਬੀ ਦੀ ਘਟਨਾ ਵਾਪਰੀ। ਥੋੜ੍ਹੀ ਦੇਰ ਬਾਅਦ, ਪਿੰਡ ਵਾਸੀਆਂ ਨੂੰ ਇੱਕ ਫੋਨ ਆਇਆ ਜਿਸ ‘ਚ ਉਨ੍ਹਾਂ ਨੂੰ ਸੂਚਿਤ ਕੀਤਾ ਗਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਗ ਪਾੜ ਕੇ ਸੁੱਟ ਦਿੱਤ ਗਏ ਹਨ।

ਸੂਚਨਾ ਮਿਲਣ ‘ਤੇ, ਵੱਡੀ ਗਿਣਤੀ ‘ਚ ਪਿੰਡ ਵਾਸੀ ਗੁਰਦੁਆਰਾ ਸਾਹਿਬ ਪਹੁੰਚੇ। ਗੁਰਦੁਆਰੇ ‘ਚ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ, ਪਰ ਘਟਨਾ ਸਮੇਂ ਕੋਈ ਵੀ ਚਾਲੂ ਨਹੀਂ ਸੀ। ਇਸ ਗੁਰਦੁਆਰੇ ਨੂੰ ਪਿੰਡ ਦਾ ਸਭ ਤੋਂ ਪੁਰਾਣਾ ਤੇ ਸ਼ਰਧਾ ਦਾ ਵੱਡਾ ਕੇਂਦਰ ਮੰਨਿਆ ਜਾਂਦਾ ਹੈ, ਹਾਲਾਂਕਿ ਇੱਥੇ ਕੋਈ ਸਥਾਈ ਗ੍ਰੰਥੀ ਸਿੰਘ ਨਿਯੁਕਤ ਨਹੀਂ ਹੈ।

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਮੌਕੇ ‘ਤੇ ਪਹੁੰਚ ਗਿਆ। ਡੀਐਸਪੀ ਫਿਲੌਰ ਤੇ ਐਸਐਚਓ ਗੁਰਾਇਆ ਨੇ ਸਥਿਤੀ ਦਾ ਜਾਇਜ਼ਾ ਲਿਆ ਤੇ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ। ਪਿੰਡ ਦੀ ਸਰਪੰਚ ਬਲਵਿੰਦਰ ਕੌਰ ਨੇ ਇਸ ਘਟਨਾ ਨੂੰ ਬਹੁਤ ਹੀ ਮੰਦਭਾਗਾ ਦੱਸਦੇ ਹੋਏ ਕਿਹਾ ਕਿ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਫੜ ਕੇ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਜੋ ਭਵਿੱਖ ‘ਚ ਕੋਈ ਵੀ ਅਜਿਹੀ ਹਰਕਤ ਕਰਨ ਦੀ ਹਿੰਮਤ ਨਾ ਕਰੇ। ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ‘ਚ ਲੱਗੀ ਹੋਈ ਹੈ।