Connect with us

Punjab

BJP ਦੀ ਨਵੀਂ ਸਿਆਸੀ ਖੇਡ : ਪੰਜਾਬ ਵਿੱਚ ਜਾਤੀ ਧਰੁਵੀਕਰਨ ਅਤੇ ਡੇਰਾਵਾਦ ਰਾਹੀਂ ਸੱਤਾ ਦੀ ਝਾਕ!

Published

on

ਪੰਜਾਬ ਦੀ ਸਿਆਸਤ ਇਕ ਨਵੇਂ ਮੋੜ ‘ਤੇ ਖੜ੍ਹੀ ਦਿਖਾਈ ਦੇ ਰਹੀ ਹੈ, ਜਿੱਥੇ ਭਾਜਪਾ ਖੁੱਲ੍ਹੇ ਤੌਰ ‘ਤੇ ਜਾਤੀ ਧਰੁਵੀਕਰਨ ਅਤੇ ਡੇਰਾਵਾਦ ਦੀ ਰਾਜਨੀਤੀ ਨੂੰ ਆਪਣਾ ਮੁੱਖ ਹਥਿਆਰ ਬਣਾਉਣ ਵੱਲ ਵਧ ਰਹੀ ਹੈ। ਜੱਟ-ਕੇਂਦਰਿਤ ਸਿਆਸਤ ਦੇ ਲੰਮੇ ਦੌਰ ਤੋਂ ਬਾਅਦ ਭਾਜਪਾ ਨੇ ਇਹ ਅੰਦਾਜ਼ਾ ਲਾ ਲਿਆ ਹੈ ਕਿ ਪੰਜਾਬ ਦੀ ਅਸਲ ਵੋਟ ਗਣਿਤ ਜੱਟ ਸਿੱਖਾਂ ਤੋਂ ਬਾਹਰ ਵੱਸਦੀ ਹੈ। ਇਸੇ ਲਈ ਹੁਣ ਪਾਰਟੀ ਦੀ ਪੂਰੀ ਰਣਨੀਤੀ ਗੈਰ-ਜੱਟ ਸਮਾਜਿਕ ਵਰਗਾਂ ਨੂੰ ਇਕੱਠਾ ਕਰਕੇ ਇੱਕ ਨਵਾਂ ਸਿਆਸੀ ਧੁਰਾ ਤਿਆਰ ਕਰਨ ‘ਤੇ ਕੇਂਦਰਿਤ ਨਜ਼ਰ ਆ ਰਹੀ ਹੈ।

ਅੰਕੜਿਆਂ ਵੱਲ ਨਜ਼ਰ ਮਾਰੀਏ ਤਾਂ ਪੰਜਾਬ ਵਿੱਚ ਜੱਟ ਸਿੱਖ ਲਗਭਗ 18 ਤੋਂ 20 ਫੀਸਦੀ ਹਨ, ਪਰ ਇਸ ਤੋਂ ਕਈ ਗੁਣਾ ਵੱਡਾ ਹਿੱਸਾ ਦਲਿਤਾਂ, ਪਿੱਛੜੀਆਂ ਜਾਤਾਂ ਅਤੇ ਹਿੰਦੂ ਜਨਰਲ ਵਰਗਾਂ ਦਾ ਹੈ। ਦਲਿਤ ਭਾਈਚਾਰਾ ਕਰੀਬ 37–38 ਫੀਸਦੀ ਹੈ ਅਤੇ ਇਸ ਵਿੱਚ ਸਭ ਤੋਂ ਵੱਡਾ ਵੋਟ ਬੈਂਕ ਮਜ਼੍ਹਬੀ ਸਿੱਖ ਭਾਈਚਾਰੇ ਦਾ ਹੈ, ਜੋ ਲਗਭਗ 15–16 ਫੀਸਦੀ ਬਣਦਾ ਹੈ। ਰਵਿਦਾਸੀਆ ਭਾਈਚਾਰਾ ਕਰੀਬ 12–13 ਫੀਸਦੀ ਹੈ, ਜਦਕਿ ਵਾਲਮੀਕੀ, ਬਾਜੀਗਰ ਅਤੇ ਹੋਰ ਦਲਿਤ ਜਾਤਾਂ ਮਿਲਾ ਕੇ 8–9 ਫੀਸਦੀ ਦੇ ਕਰੀਬ ਹਨ। ਇਹ ਉਹ ਸਮਾਜਿਕ ਵਰਗ ਹੈ ਜੋ ਗਿਣਤੀ ‘ਚ ਤਾਂ ਵੱਡਾ ਹੈ, ਪਰ ਸਿਆਸੀ ਤੌਰ ‘ਤੇ ਹਮੇਸ਼ਾ ਵੰਡਿਆ ਹੋਇਆ ਰਿਹਾ ਹੈ।

ਇਸ ਤੋਂ ਇਲਾਵਾ ਪਿੱਛੜੀਆਂ ਜਾਤਾਂ (BC) ਲਗਭਗ 28–30 ਫੀਸਦੀ ਹਨ, ਜਿਨ੍ਹਾਂ ਵਿੱਚ ਸੈਨੀ, ਕੁੰਭਾਰ, ਲੁਹਾਰ, ਤੇਲੀਆਂ, ਨਾਈ, ਧੋਬੀ ਆਦਿ ਸ਼ਾਮਲ ਹਨ। ਹਿੰਦੂ ਜਨਰਲ ਵਰਗ, ਜਿਸ ਵਿੱਚ ਖੱਤਰੀ, ਅਰੋੜਾ, ਬ੍ਰਾਹਮਣ ਅਤੇ ਬਨੀਆ ਆਉਂਦੇ ਹਨ, ਲਗਭਗ 12–14 ਫੀਸਦੀ ਹੈ ਅਤੇ ਇਹ ਵਰਗ ਰਵਾਇਤੀ ਤੌਰ ‘ਤੇ ਭਾਜਪਾ ਦੇ ਕੋਰ ਵੋਟਰ ਮੰਨੇ ਜਾਂਦੇ ਹਨ। ਭਾਜਪਾ ਦੀ ਸੋਚ ਇਹ ਹੈ ਕਿ ਜੇ ਦਲਿਤ, BC ਅਤੇ ਹਿੰਦੂ ਜਨਰਲ ਵੋਟ ਨੂੰ ਕਿਸੇ ਹੱਦ ਤੱਕ ਵੀ ਇਕ ਸਾਂਝੀ ਲਾਈਨ ‘ਚ ਲਿਆਂਦਾ ਜਾਵੇ, ਤਾਂ ਇਹ ਜੱਟ ਸਿਆਸਤ ਲਈ ਸਿੱਧੀ ਚੁਣੌਤੀ ਬਣ ਸਕਦੀ ਹੈ।

ਇਸ ਪੂਰੇ ਸਿਆਸੀ ਪ੍ਰਯੋਗ ਵਿੱਚ ਡੇਰਾਵਾਦ ਦੀ ਭੂਮਿਕਾ ਸਭ ਤੋਂ ਅਹਿਮ ਬਣ ਜਾਂਦੀ ਹੈ। ਪੰਜਾਬ ਵਿੱਚ ਡੇਰੇ ਸਿਰਫ਼ ਧਾਰਮਿਕ ਕੇਂਦਰ ਨਹੀਂ ਰਹੇ, ਸਗੋਂ ਸਿਆਸੀ ਤਾਕਤ ਦੇ ਕੇਂਦਰ ਬਣ ਚੁੱਕੇ ਹਨ। ਖ਼ਾਸ ਕਰਕੇ ਦਲਿਤ ਅਤੇ ਗੈਰ-ਜੱਟ ਸਮਾਜ ਵਿੱਚ ਡੇਰਿਆਂ ਦੀ ਭਾਵਨਾਤਮਕ ਪਕੜ ਬੇਹੱਦ ਮਜ਼ਬੂਤ ਹੈ। ਬੱਲਾਂ ਵਾਲਾ ਡੇਰਾ ਇਸਦੀ ਸਭ ਤੋਂ ਵੱਡੀ ਮਿਸਾਲ ਹੈ, ਜਿਸ ਨਾਲ ਰਵਿਦਾਸੀਆ ਭਾਈਚਾਰੇ ਦੇ ਲੋਕ ਵੱਡੀ ਗਿਣਤੀ ਵਿੱਚ ਜੁੜੇ ਹੋਏ ਹਨ । ਪਿਛਲੇ ਕਈ ਚੁਣਾਵੀ ਦੌਰਾਂ ਵਿੱਚ ਇਹ ਡੇਰਾ ਵੱਖ-ਵੱਖ ਸਿਆਸੀ ਪਾਰਟੀਆਂ ਲਈ ਵੋਟ ਟ੍ਰਾਂਸਫ਼ਰ ਦਾ ਸਾਧਨ ਬਣਦਾ ਰਿਹਾ ਹੈ ਅਤੇ ਹੁਣ ਭਾਜਪਾ ਵੀ ਇਸ ਹਕੀਕਤ ਨੂੰ ਗੰਭੀਰਤਾ ਨਾਲ ਲੈ ਰਹੀ ਹੈ।
ਡੇਰਿਆਂ ਨਾਲ ਨੇੜਤਾ ਬਣਾ ਕੇ ਭਾਜਪਾ ਸਿੱਧਾ ਵਿਕਾਸ ਜਾਂ ਨੀਤੀਗਤ ਮੁੱਦਿਆਂ ‘ਤੇ ਗੱਲ ਕਰਨ ਦੀ ਬਜਾਏ ਭਾਵਨਾਵਾਂ ਨੂੰ ਛੇੜ ਰਹੀ ਹੈ। ਇਹ ਰਣਨੀਤੀ ਖ਼ਤਰਨਾਕ ਵੀ ਹੈ, ਕਿਉਂਕਿ ਇਹ ਸਿਆਸਤ ਨੂੰ ਮੁੜ ਜਾਤ ਅਤੇ ਧਰਮ ਦੇ ਗੇੜ ‘ਚ ਲਿਆਉਂਦੀ ਹੈ। ਪਰ ਭਾਜਪਾ ਲਈ ਇਹ ਇੱਕ ਅਜ਼ਮਾਇਆ ਹੋਇਆ ਮਾਡਲ ਹੈ, ਜੋ ਉਹ ਹੋਰ ਰਾਜਾਂ ਵਿੱਚ ਕਾਮਯਾਬੀ ਨਾਲ ਵਰਤ ਚੁੱਕੀ ਹੈ।

ਇਸ ਸੰਦਰਭ ਵਿੱਚ ਚਰਨਜੀਤ ਸਿੰਘ ਚੰਨੀ ਦਾ ਨਾਮ ਵੀ ਬਾਰ-ਬਾਰ ਚਰਚਾ ‘ਚ ਆਉਂਦਾ ਹੈ। ਪਹਿਲੇ ਦਲਿਤ ਮੁੱਖ ਮੰਤਰੀ ਵਜੋਂ ਚੰਨੀ ਦੀ ਪਛਾਣ ਅਤੇ ਦਲਿਤ ਭਾਈਚਾਰੇ ‘ਚ ਉਸਦੀ ਪਹੁੰਚ ਭਾਜਪਾ ਦੀ ਜਾਤੀ ਧਰੁਵੀਕਰਨ ਵਾਲੀ ਰਣਨੀਤੀ ਨੂੰ ਮਨੋਵਿਗਿਆਨਕ ਤਾਕਤ ਦੇ ਸਕਦੀ ਹੈ। ਭਾਵੇਂ ਅਜੇ ਤੱਕ ਕੋਈ ਖੁੱਲ੍ਹਾ ਸਿਆਸੀ ਸੰਕੇਤ ਨਹੀਂ ਮਿਲਿਆ, ਪਰ ਜੇ ਚੰਨੀ ਜਾਂ ਉਸ ਵਰਗਾ ਕੋਈ ਵੱਡਾ ਦਲਿਤ ਚਿਹਰਾ ਭਾਜਪਾ ਦੇ ਨੇੜੇ ਜਾਂਦਾ ਹੈ, ਤਾਂ ਇਹ ਦਲਿਤ ਵੋਟ ਦੇ ਰੁਝਾਨਾਂ ‘ਚ ਵੱਡਾ ਹੁਲਾਰਾ ਪੈਦਾ ਕਰ ਸਕਦਾ ਹੈ।

ਕੁੱਲ ਮਿਲਾ ਕੇ ਭਾਜਪਾ ਪੰਜਾਬ ਵਿੱਚ ਹੁਣ ਵਿਕਾਸ, ਰੋਜ਼ਗਾਰ ਜਾਂ ਕਿਸਾਨੀ ਮੁੱਦਿਆਂ ਨਾਲੋਂ ਵੱਧ ਸਮਾਜਿਕ ਗਣਿਤ ‘ਤੇ ਭਰੋਸਾ ਕਰਦੀ ਨਜ਼ਰ ਆ ਰਹੀ ਹੈ। ਜਾਤੀ ਧਰੁਵੀਕਰਨ, ਡੇਰਾਵਾਦ ਅਤੇ ਗੈਰ-ਜੱਟ ਵੋਟ ਦੀ ਗਿਣਤੀ—ਇਹ ਤਿੰਨੇ ਤੱਤ ਮਿਲ ਕੇ ਇੱਕ ਐਸੀ ਸਿਆਸੀ ਚਾਲ ਬਣ ਰਹੇ ਹਨ, ਜੋ ਪੰਜਾਬ ਦੀ ਰਾਜਨੀਤੀ ਨੂੰ ਗਹਿਰੇ ਤੌਰ ‘ਤੇ ਪ੍ਰਭਾਵਿਤ ਕਰ ਸਕਦੀ ਹੈ। ਸਵਾਲ ਇਹ ਨਹੀਂ ਕਿ ਭਾਜਪਾ ਇਹ ਖੇਡ ਖੇਡ ਰਹੀ ਹੈ ਜਾਂ ਨਹੀਂ, ਸਵਾਲ ਇਹ ਹੈ ਕਿ ਕੀ ਪੰਜਾਬ ਦੀਆਂ ਹੋਰ ਸਿਆਸੀ ਪਾਰਟੀਆਂ ਇਸ ਚਾਲ ਨੂੰ ਸਮਝ ਕੇ ਸਮੇਂ ਸਿਰ ਜਵਾਬ ਦੇਣਗੀਆਂ ਜਾਂ ਫਿਰ ਸੂਬੇ ਦੀ ਸਿਆਸਤ ਮੁੜ ਜਾਤ ਅਤੇ ਡੇਰਿਆਂ ਦੇ ਗਿਰਦ ਘੁੰਮਦੀ ਰਹੇਗੀ।

ਕੁਲਵੰਤ ਸਿੰਘ ਗੱਗੜਪੁਰੀ