National
ਜੈਪੁਰ ‘ਚ Blast , 5 ਲੋਕਾਂ ਦੀ ਮੌਤ ,ਕਈ ਲੋਕ ਜ਼ਿੰਦਾ ਸੜੇ
RAJASTHAN : ਰਾਜਸਥਾਨ ਦੀ ਰਾਜਧਾਨੀ ਜੈਪੁਰ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਭਿਆਨਕ ਹਾਦਸਾ ਵਾਪਰ ਗਿਆ ਹੈ । ਅਜਮੇਰ ਰੋਡ ‘ਤੇ ਇੱਕ ਸੀਐਨਜੀ ਟੈਂਕਰ ਵਿੱਚ ਧਮਾਕਾ ਹੋਣ ਕਾਰਨ ਕਰੀਬ 40 ਵਾਹਨਾਂ ਨੂੰ ਅੱਗ ਲੱਗ ਗਈ। ਹਾਦਸੇ ‘ਚ ਕਈ ਲੋਕ ਜ਼ਿੰਦਾ ਸੜ ਗਏ। ਹੁਣ ਤੱਕ 5 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ, ਜਦੋਂ ਕਿ ਕਰੀਬ 25 ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਹ ਹਾਦਸਾ ਅਜਮੇਰ ਰੋਡ ‘ਤੇ ਭੰਕਰੋਟਾ ਇਲਾਕੇ ‘ਚ ਵਾਪਰਿਆ। ਗੈਸ ਟੈਂਕਰ ਵਿੱਚ ਧਮਾਕਾ ਹੋਣ ਕਾਰਨ ਪੈਟਰੋਲ ਪੰਪਾਂ, ਬੱਸਾਂ, ਟਰੱਕਾਂ, ਕਾਰਾਂ ਆਦਿ ਸਮੇਤ ਕਈ ਵਾਹਨਾਂ ਨੂੰ ਅੱਗ ਲੱਗ ਗਈ।
ਮੌਕੇ ‘ਤੇ ਪਹੁੰਚੇ ਕੁਲੈਕਟਰ ਜਤਿੰਦਰ ਸੋਨੀ
ਮੌਕੇ ‘ਤੇ ਪਹੁੰਚੇ ਜੈਪੁਰ ਦੇ ਕੁਲੈਕਟਰ ਜਤਿੰਦਰ ਸੋਨੀ ਨੇ ਦੱਸਿਆ ਕਿ ਘਟਨਾ ‘ਚ 40 ਵਾਹਨ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਐਂਬੂਲੈਂਸਾਂ ਨੂੰ ਮੌਕੇ ‘ਤੇ ਭੇਜਿਆ ਗਿਆ। ਅੱਗ ‘ਤੇ ਕਾਬੂ ਪਾਉਣ ਤੋਂ ਬਾਅਦ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਫਾਇਰ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਕਰੀਬ ਸਵਾ ਛੇ ਵਜੇ ਇੱਕੋ ਸਮੇਂ ਕਈ ਗੱਡੀਆਂ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ। ਅੱਗ ਬੁਝਾਉਣ ਲਈ 30 ਫਾਇਰ ਟੈਂਡਰ ਤਾਇਨਾਤ ਕੀਤੇ ਗਏ ਸਨ।
ਦੱਸਿਆ ਜਾ ਰਿਹਾ ਹੈ ਕਿ ਕੈਮੀਕਲ ਜਾਂ ਗੈਸ ਨਾਲ ਭਰਿਆ ਇੱਕ ਟੈਂਕਰ ਦੂਜੇ ਟਰੱਕ ਨਾਲ ਟਕਰਾ ਗਿਆ। ਜਿਸ ਕਾਰਨ ਵੱਡਾ ਧਮਾਕਾ ਹੋਇਆ। ਉਸ ਸਮੇਂ ਵਿਅਸਤ ਸੜਕ ‘ਤੇ ਬਹੁਤ ਸਾਰੇ ਵਾਹਨ ਮੌਜੂਦ ਸਨ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਕ ਬੱਸ, ਕਈ ਟਰੱਕ, ਕਾਰਾਂ, ਬਾਈਕ ਅਤੇ ਹੋਰ ਕਈ ਵਾਹਨਾਂ ਨੂੰ ਅੱਗ ਲੱਗ ਗਈ। ਅੱਗ ਪੈਟਰੋਲ ਪੰਪ ਤੱਕ ਵੀ ਪਹੁੰਚ ਗਈ। ਅਚਾਨਕ ਹੋਏ ਧਮਾਕੇ ਕਾਰਨ ਲੋਕਾਂ ਨੂੰ ਸੰਭਲਣ ਦਾ ਮੌਕਾ ਨਹੀਂ ਮਿਲਿਆ। ਕਈ ਲੋਕ ਜ਼ਿੰਦਾ ਸਾੜ ਦਿੱਤੇ ਗਏ।
ਐਸਐਮਐਸ ਮੈਡੀਕਲ ਕਾਲਜ, ਜੈਪੁਰ ਦੇ ਪ੍ਰਿੰਸੀਪਲ ਡਾਕਟਰ ਦੀਪਕ ਮਹੇਸ਼ਵਰੀ ਨੇ ਦੱਸਿਆ ਕਿ ਹੁਣ ਤੱਕ 4 ਲਾਸ਼ਾਂ (ਹਸਪਤਾਲ) ਲਿਆਂਦੀਆਂ ਜਾ ਚੁੱਕੀਆਂ ਹਨ। ਕਰੀਬ 25 ਲੋਕ ਆਈਸੀਯੂ ਵਿੱਚ ਦਾਖ਼ਲ ਹਨ। ਹੋਰ ਲੋਕਾਂ ਨੂੰ ਲਿਆਂਦਾ ਜਾ ਰਿਹਾ ਹੈ। ਉਸ ਨੇ ਦੱਸਿਆ ਕਿ ਜ਼ਿਆਦਾਤਰ ਲੋਕ ਗੰਭੀਰ ਰੂਪ ਨਾਲ ਝੁਲਸ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਕਰੀਬ 15 ਲੋਕ 80 ਫੀਸਦੀ ਝੁਲਸ ਗਏ ਹਨ। ਮੁੱਖ ਮੰਤਰੀ ਭਜਨਲਾਲ ਸ਼ਰਮਾ ਵੀ ਐਸਐਮਐਸ ਹਸਪਤਾਲ ਪੁੱਜੇ ਅਤੇ ਜ਼ਖ਼ਮੀਆਂ ਦੇ ਸਹੀ ਇਲਾਜ ਦੇ ਨਿਰਦੇਸ਼ ਦਿੱਤੇ।
ਰਾਜਸਥਾਨ ਦੇ ਮੁੱਖ ਮੰਤਰੀ ਨੇ ਕੀਤਾ ਟਵੀਟ…
ਮੁੱਖ ਮੰਤਰੀ ਨੇ ਟਵਿੱਟਰ ‘ਤੇ ਲਿਖਿਆ, ‘ਜੈਪੁਰ-ਅਜਮੇਰ ਰਾਸ਼ਟਰੀ ਰਾਜਮਾਰਗ ‘ਤੇ ਇਕ ਗੈਸ ਟੈਂਕਰ ਨੂੰ ਅੱਗ ਲੱਗਣ ਦੀ ਘਟਨਾ ਵਿਚ ਨਾਗਰਿਕਾਂ ਦੇ ਮਾਰੇ ਜਾਣ ਦੀ ਦੁਖਦਾਈ ਖਬਰ ਸੁਣ ਕੇ ਮੈਂ ਬਹੁਤ ਦੁਖੀ ਹਾਂ। ਘਟਨਾ ਦੀ ਸੂਚਨਾ ਮਿਲਦੇ ਹੀ ਐਸਐਮਐਸ ਹਸਪਤਾਲ ਪੁੱਜੇ ਅਤੇ ਡਾਕਟਰਾਂ ਨੂੰ ਤੁਰੰਤ ਲੋੜੀਂਦੀਆਂ ਡਾਕਟਰੀ ਸਹੂਲਤਾਂ ਮੁਹੱਈਆ ਕਰਵਾਉਣ ਅਤੇ ਜ਼ਖ਼ਮੀਆਂ ਦੀ ਸਹੀ ਦੇਖਭਾਲ ਕਰਨ ਦੇ ਨਿਰਦੇਸ਼ ਦਿੱਤੇ। ਪ੍ਰਸ਼ਾਸਨ ਵੱਲੋਂ ਬਚਾਅ ਕਾਰਜ ਜਾਰੀ ਹੈ। ਸਥਾਨਕ ਪ੍ਰਸ਼ਾਸਨ ਅਤੇ ਐਮਰਜੈਂਸੀ ਸੇਵਾਵਾਂ ਪੂਰੀ ਚੌਕਸੀ ਨਾਲ ਕੰਮ ਕਰ ਰਹੀਆਂ ਹਨ। ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ, ਦੁਖੀ ਪਰਿਵਾਰਕ ਮੈਂਬਰਾਂ ਨੂੰ ਇਸ ਅਥਾਹ ਦੁੱਖ ਨੂੰ ਸਹਿਣ ਦਾ ਬਲ ਬਖਸ਼ਣ ਅਤੇ ਜ਼ਖਮੀਆਂ ਨੂੰ ਜਲਦੀ ਸਿਹਤਯਾਬ ਕਰਨ ਦਾ ਬਲ ਬਖਸ਼ਣ। ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਵੀ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ।