Punjab
ਮੋਚੀਆਂ ਦੇ ਘਰ ਜਨਮੇ ਇਸ ਮੁੰਡੇ ਨੂੰ ਕੁਦਰਤ ਵੱਲੋਂ ਮਿਲਿਆ ਹੈ ਸੁਰੀਲਾ ਗਲਾਂ, ਆਪਣੇ ਹੁਨਰ ਦੀ ਬਦੌਲਤ ਕੀਤੀਆਂ ਪ੍ਰਾਪਤੀਆਂ ਅਤੇ ਦੇਖਦਾ ਹੈ ਵੱਡੇ ਸੁਪਨੇ
ਕਹਿੰਦੇ ਹਨ ਕੁਦਰਤ ਕਿਸੇ ਨਾਲ ਵਿਤਕਰਾ ਨਹੀਂ ਕਰਦੀ। ਹਰ ਮਾੜੇ ਇਨਸਾਨ ਨੂੰ ਕੁਦਰਤ ਵੱਲੋਂ ਅਜਿਹੀ ਕੋਈ ਨਾ ਕੋਈ ਖੂਬੀ ਜਰੂਰ ਮਿਲਦੀ ਹੈ ਜੋ ਉਸਨੂੰ ਦੂਜਿਆਂ ਤੋਂ ਵੱਖ ਕਰਦੀ ਹੈ ਅਤੇ ਉਸ ਦੀ ਪਹਿਚਾਨ ਬਣਦੀ ਹੈ। ਕੁਦਰਤ ਇਹ ਨਹੀਂ ਵੇਖਦੀ ਕਿ ਉਸ ਇਨਸਾਨ ਦਾ ਧਰਮ ਕੀ ਹੈ ਅਤੇ ਹੈਸੀਅਤ ਕੀ? ਆਪਣੀ ਇਸ ਕੁਦਰਤੀ ਖ਼ੂਬੀ ਨੂੰ ਪਹਿਚਾਣ ਕੇ ਆਪਣੀ ਮਿਹਨਤ ਦੀ ਬਦੌਲਤ ਇਨਸਾਨ ਇਕ ਵੱਖਰਾ ਮੁਕਾਮ ਵੀ ਹਾਸਲ ਕਰ ਸਕਦਾ ਹੈ ਅਤੇ ਆਪਣੀ ਵੱਖਰੀ ਪਹਿਚਾਣ ਵੀ ਬਣਾ ਸਕਦਾ ਹੈ। ਗੁਰਦਾਸਪੁਰ ਦੇ ਸਰਹੱਦੀ ਕਸਬਾ ਕਲਾਨੌਰ ਦੇ ਰਹਿਣ ਨੋਜਵਾਨ ਅਰੁਣ ਕੁਮਾਰ ਨੂੰ ਸੁਰੀਲਾ ਗਲਾ ਕੁਦਰਤ ਵੱਲੋਂ ਮਿਲਿਆ ਹੈ ਅਤੇ ਉਸ ਦੇ ਗਲੇ ਦਾ ਹਮਰਾਹੀ ਬਣਕੇ ਉਸ ਨੂੰ ਮੰਜ਼ਿਲ ਵੱਲ ਤੋਰਨ ਵਾਲਾ ਗਾਇਕੀ ਦਾ ਸ਼ੌਕ ਉਸ ਦੀ ਆਪਣੀ ਮਾਂ ਕੋਲੋਂ। ਹਾਲਾਂਕਿ ਉਸ ਦੀ ਮਾਂ ਕੋਈ ਨਾਮੀ ਗਾਇਕਾ ਨਹੀਂ ਹੈ ਪਰ ਫਿਰ ਵੀ ਅਰੁਣ ਕਹਿੰਦਾ ਹੈ ਕਿ ਉਹ ਬਹੁਤ ਚੰਗਾ ਗਾਉਂਦੀ ਹੈ ਅਤੇ ਉਸ ਨੂੰ ਸੁਣ ਕੇ ਹੀ ਉਸ ਵਿੱਚ ਵੀ ਗਾਇਕੀ ਦਾ ਸ਼ੌਕ ਜਾਗਿਆ। ਮਾਂ ਪਾਸੋਂ ਗਾਇਕੀ ਦੀ ਗੁੜਤੀ ਲੈ ਅਰੁਣ ਸਫ਼ਲਤਾ ਦੀਆਂ ਕੁਝ ਪੌੜ੍ਹੀਆਂ ਵੀ ਚੜ੍ਹ ਗਿਆ ਆਤੇ ਵਾਈਸ ਆਫ ਪੰਜਾਬ ਦੇ 11ਵੇਂ ਸੀਜਨ ਦੇ ਫਾਈਨਲ ਵਿੱਚ ਵੀ ਆਪਣੀ ਜਗ੍ਹਾ ਬਣਾ ਕੇ ਪੰਜਾਬ ਵਿਚ ਆਪਣੀ ਵੱਖਰੀ ਪਹਿਚਾਣ ਬਨਾਉਣ ਵਿੱਚ ਕਾਮਯਾਬ ਰਿਹਾ। ਹੁਣ 20 ਸਾਲਾ ਇਹ ਨੌਜਵਾਨ ਆਪਣੇ ਪਿਤਾ ਨਾਲ ਮੋਚੀ ਦਾ ਕੰਮ ਕਰਦਿਆਂ ਰੋਜ਼ਾਨਾਂ ਇੰਡੀਅਨ ਆਈਡਲ ਤੱਕ ਪਹੁੰਚਣ ਲਈ ਰਿਆਜ ਕਰ ਰਿਹਾ ਹੈ
ਅਰੁਣ ਕੁਮਾਰ ਨੇ ਦੱਸਿਆ ਕਿ ਉਸਨੇ ਆਪਣੀ ਮਾਂ ਵੱਲ ਵੇਖ ਕੇ ਗਾਉਣਾ ਸ਼ੁਰੂ ਕੀਤਾ ਅਤੇ ਆਪਣੇ ਦੋਸਤਾਂ ਵਿਚ ਅਤੇ ਹਲਕਾ ਪੱਧਰ ਤੇ ਕੁੱਝ ਪ੍ਰੋਗਰਾਮਾਂ ਵਿੱਚ ਗਾ ਕੇ ਇਲਾਕੇ ਵਿਚ ਪਹਿਚਾਣ ਬਣਾਈ। ਫੇਰ ਉਸਨੂੰ ਪੀਟੀਸੀ ਚੈਨਲ ਦੇ ਵਾਈਸ ਔਫ ਪੰਜਾਬ ਦੇ ਗਿਆਰਵੇਂ ਸੀਜ਼ਨ ਵਿੱਚ ਗਾਉਣ ਦਾ ਮੌਕਾ ਮਿਲਿਆ ਅਤੇ ਉਹ ਫਾਈਨਲ ਤੱਕ ਪਹੁੰਚ ਗਿਆ ਅਤੇ ਹੁਣ ਇੰਡੀਅਨ ਆਈਡਲ ਪ੍ਰੋਗਰਾਮ ਵਿਚ ਭਾਗ ਲੈ ਕੇ ਗਾਇਕੀ ਦੇ ਖੇਤਰ ਵਿਚ ਸ਼ੋਹਰਤ ਹਾਸਲ ਕਰਨ ਲਈ ਰੋਜ਼ਾਨਾ ਰਿਆਜ਼ ਕਰ ਰਿਹਾ ਹੈ ।ਆਪਣੇ ਪਿਤਾ ਨਾਲ ਹੱਥ ਵੰਡਾ ਕੇ ਆਪਣਾ ਫ਼ਰਜ਼ ਵੀ ਅਦਾ ਕਰ ਰਿਹਾ ਹੈ। ਉਸ ਨੇ ਕਿਹਾ ਕਿ ਗਾਇਕੀ ਦੇ ਖੇਤਰ ਵਿੱਚ ਕੋਈ ਸਿੱਧੂ ਮੁਸੇਵਾਲ ਵਾਲੇ ਦੀ ਥਾਂ ਨਹੀਂ ਲੈ ਸਕਦਾ ਅਤੇ ਨਾਲ ਹੀ ਗਾਇਕ ਇੰਦਰਜੀਤ ਨਿੱਕੂ ਨੂੰ ਸਵਾਲ ਕਰਨ ਵਾਲ਼ੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਗਾਇਕੀ ਦੇ ਖੇਤਰ ਵਿੱਚ ਨਿੱਕੂ ਦੀ ਦੇਣ ਨੂੰ ਵੇਖਦੇ ਹੋਏ ਉਸ ਨੇ ਮਾੜਾ ਕਹਿਣ ਦੀ ਬਜਾਏ ਉਸ ਦੀ ਮਦਦ ਕੀਤੀ ਜਾਵੇ। ਨਾਲ ਹੀ ਅੱਜ ਦੀ ਨੌਜਵਾਨ ਪੀੜੀ ਨੂੰ ਅਪੀਲ ਕੀਤੀ ਕਿ ਲੱਚਰ ਗਾਇਕੀ ਵੱਲ ਆਕਰਸ਼ਤ ਹੋਣ ਦੀ ਬਜਾਏ ਚੰਗੀ ਅਤੇ ਵਿਰਸੇ ਨਾਲ ਜੁੜੀ ਗਾਇਕੀ ਨੂੰ ਸੁਣਨ ਅਤੇ ਉਸ ਦੀ ਕਦਰ ਕਰਣ।
ਉਥੇ ਹੀ ਅਰੁਣ ਦੇ ਪਿਤਾ ਨੇ ਕਿਹਾ ਕਿ ਉਹ ਅਰੂਨ ਦੇ ਸ਼ੌਕ ਅਤੇ ਹੁਨਰ ਦੀ ਕਦਰ ਕਰਦੇ ਹਨ ਅਤੇ ਕਦੇ ਵੀ ਉਸ ਨੂੰ ਇਸ ਤੋਂ ਰੋਕਿਆ ਨਹੀਂ। ਨਾ ਹੀ ਉਹਨਾਂ ਨੇ ਕਦੇ ਉਸ ਦੇ ਕੰਮ ਦਾ ਬੋਝ ਪਾਇਆ। ਉਹ ਗਾਇਕੀ ਦਾ ਰਿਆਜ਼ ਵੀ ਕਰਦਾ ਹੈ ਅਤੇ ਕੰਮ ਵਿੱਚ ਵੀ ਉਨ੍ਹਾਂ ਦਾ ਪੂਰਾ ਸਾਥ ਦਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਜੇ ਕਿਤੇ ਅਰੁਣ ਨੂੰ ਕੋਈ ਅਜਿਹਾ ਉਸਤਾਦ ਮਿਲ ਜਾਵੇ ਜੋ ਉਸ ਦੇ ਹੁਨਰ ਨੂੰ ਪਹਿਚਾਣ ਕੇ ਇਸ ਹੀਰੇ ਨੂੰ ਤਰਾਸ਼ਣ ਦਾ ਕੰਮ ਕਰ ਦੇਵੇ ਤਾਂ ਉਹ ਆਪਣੀ ਮੰਜ਼ਿਲ ਹਾਸਲ ਕਰ ਸਕਦਾ ਹੈ। ਉਨ੍ਹਾਂ ਨੇ ਉਮੀਦ ਜਤਾਈ ਕਿ ਆਪਣੀ ਆਵਾਜ਼ ਦੇ ਦਮ ਤੇ ਉਹ ਇਕ ਦਿਨ ਗਾਇਕੀ ਦੇ ਖੇਤਰ ਵਿੱਚ ਆਪਣਾ ਨਾਮ ਬਣਾਏਗਾ।
