Punjab
ਵੋਟਰ ਸੂਚੀ ਨੂੰ ਆਧਾਰ ਕਾਰਡ ਨਾਲ ਜੋੜਨ ਦੀ ਮੁਹਿੰਮ ਜਾਰੀ : ਜ਼ਿਲ੍ਹਾ ਚੋਣ ਅਫ਼ਸਰ
ਪਟਿਆਲਾ:
ਜ਼ਿਲ੍ਹਾ ਚੋਣ ਅਫ਼ਸਰ -ਕਮ- ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀ ਵਿਚ ਦਰਜ ਵਿਅਕਤੀਆਂ ਦੇ ਆਧਾਰ ਨੰਬਰ ਇਕੱਤਰ ਕਰਨ ਲਈ ਪ੍ਰੋਗਰਾਮ ਚੱਲ ਰਿਹਾ ਹੈ, ਜਿਸ ਦਾ ਉਦੇਸ਼ ਵੋਟਰ ਦੀ ਪਹਿਚਾਣ ਅਤੇ ਵੋਟਰ ਸੂਚੀ ਵਿਚ ਦਰਜ ਇੰਦਰਾਜ ਨੂੰ ਪ੍ਰਮਾਣਿਤ ਕਰਨਾ ਹੈ ਤਾਂ ਜੋ ਡੁਪਲੀਕੇਟ ਵੋਟਾਂ ਨੂੰ ਖਤਮ ਕੀਤਾ ਜਾ ਸਕੇ।
ਉਨ੍ਹਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਇਹ ਕੰਮ ਮਿਤੀ 31 ਮਾਰਚ 2023 ਤੱਕ ਮੁਕੰਮਲ ਕਰਨਾ ਦਾ ਟੀਚਾ ਮਿੱਥਿਆ ਗਿਆ ਹੈ। ਕਮਿਸ਼ਨ ਵੱਲੋਂ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਵੋਟਰ ਵੱਲੋਂ ਆਧਾਰ ਨੰਬਰ ਦੀ ਜਾਣਕਾਰੀ ਦੇਣਾ ਸਵੈ-ਇਛੁੱਕ ਹੈ। ਆਧਾਰ ਨੰਬਰ ਦੀ ਜਾਣਕਾਰੀ ਲਈ ਕਮਿਸ਼ਨ ਵੱਲੋਂ ਇੱਕ ਨਵਾਂ ਫਾਰਮ 6 ਬੀ ਬਣਾਇਆ ਗਿਆ ਹੈ। ਇਹ ਫਾਰਮ ਕਮਿਸ਼ਨ ਦੀ ਵੈਬਸਾਈਟ, ਈ.ਆਰ.ਓ.ਐਨ.ਈ.ਟੀ, ਗਰੁੜਾ, ਐਨ.ਵੀ.ਐਸ.ਪੀ ਜਾਂ ਵੀ.ਐਚ.ਏ. ਉਤੇ ਆਨ ਲਾਈਨ ਅਤੇ ਸਬੰਧਤ ਬੀ.ਐਲ.ਓ ਕੋਲੋ ਜਾਂ ਫੇਰ ਈ.ਆਰ.ਓ ਦਫਤਰ ਵਿੱਚ ਆਫ ਲਾਈਨ ਜਮ੍ਹਾਂ ਕਰਵਾਇਆ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜੇਕਰ ਕਿਸੇ ਵੋਟਰ ਕੋਲ ਆਧਾਰ ਨੰਬਰ ਨਹੀਂ ਹੈ ਜਾਂ ਉਹ ਇਸ ਦੀ ਜਾਣਕਾਰੀ ਨਹੀਂ ਦੇ ਸਕਦਾ ਤਾਂ ਉਹ ਫਾਰਮ 6 ਬੀ ਵਿਚ ਦਰਜ 11 ਤਰ੍ਹਾਂ ਦੇ ਦਸਤਾਵੇਜ਼ਾਂ (ਡਰਾਇਵਿੰਗ ਲਾਇਸੈਂਸ, ਪਾਸਪੋਰਟ, ਬੈਂਕ ਪਾਸ ਬੁੱਕ ਆਦਿ) ਵਿਚੋਂ ਕੋਈ ਦਸਤਾਵੇਜ਼ ਜਮ੍ਹਾਂ ਕਰਵਾ ਸਕਦਾ ਹੈ। ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਫੋਟੋ ਵੋਟਰ ਸੂਚੀਆਂ ਦੇ ਡਾਟੇ ਨਾਲ ਆਧਾਰ ਕਾਰਡ ਨੂੰ ਲਿੰਕ ਕਰਨ ਦੇ ਮੰਤਵ ਲਈ ਸਾਲ 2022-2023 ਦੌਰਾਨ ਮਹੀਨਾ ਸਤੰਬਰ 2022 ਤੋਂ ਹਰ ਮਹੀਨੇ ਦੇ ਇੱਕ ਐਤਵਾਰ ਨੂੰ ਪੋਲਿੰਗ ਬੂਥਾਂ ਤੇ ਵਿਸ਼ੇਸ਼ ਕੈਂਪ ਲਗਾਏ ਜਾਣੇ ਹਨ।
ਉਨ੍ਹਾਂ ਦੱਸਿਆ ਕਿ ਮੁੱਖ ਚੋਣ ਅਫਸਰ, ਪੰਜਾਬ ਵੱਲੋਂ ਪ੍ਰਾਪਤ ਹਦਾਇਤ ਅਨੁਸਾਰ ਇਹ ਵਿਸ਼ੇਸ਼ ਕੈਂਪ ਸਾਰੇ ਪੋਲਿੰਗ ਬੂਥਾਂ ਉਤੇ ਮਿਤੀ 4 ਸਤੰਬਰ 2022, 16 ਅਕਤੂਬਰ 2022, 20 ਨਵੰਬਰ 2022, 4 ਦਸੰਬਰ 2022, 8 ਜਨਵਰੀ 2023, 5 ਫਰਵਰੀ 2023 ਅਤੇ 5 ਮਾਰਚ 2023 ਨੂੰ ਲਗਾਏ ਜਾਣੇ ਹਨ। ਸਮੂਹ ਬੀ.ਐਲ.ਓਜ਼ ਇਨ੍ਹਾਂ ਵਿਸ਼ੇਸ਼ ਕੈਂਪਾਂ ਵਾਲੇ ਦਿਨ ਸਵੇਰੇ 9.00 ਵਜੇ ਤੋਂ ਸ਼ਾਮ 5.00 ਵਜੇ ਤੱਕ ਆਪਣੇ ਪੋਲਿੰਗ ਬੂਥ ਉਤੇ ਬੈਠ ਕੇ ਵੋਟਰਾਂ ਕੋਲੋ ਫਾਰਮ ਨੰਬਰ 6 ਬੀ ਵਿਚ ਆਧਾਰ ਨੰਬਰ ਇਕੱਤਰ ਕਰਨਗੇ ਅਤੇ ਸੁਪਰਵਾਈਜ਼ਰਾਂ ਵੱਲੋਂ ਇਨ੍ਹਾਂ ਕੈਂਪਾਂ ਦੀ ਸੁਪਰਵੀਜ਼ਨ ਕੀਤੀ ਜਾਵੇਗੀ।
ਉਨ੍ਹਾਂ ਐਤਵਾਰ ਮਿਤੀ 4 ਸਤੰਬਰ 2022 ਨੂੰ ਪੋਲਿੰਗ ਬੂਥਾਂ ਉਤੇ ਲਗਾਏ ਜਾਣ ਵਾਲੇ ਪਹਿਲੇ ਵਿਸ਼ੇਸ਼ ਕੈਂਪ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਆਪਣੀ 100 ਫ਼ੀਸਦੀ ਭਾਗੀਦਾਰੀ ਨੂੰ ਯਕੀਨੀ ਬਣਾਇਆ ਜਾਵੇ ਅਤੇ ਪ੍ਰਸ਼ਾਸਨ ਨਾਲ ਵੱਧ ਤੋਂ ਵੱਧ ਸਹਿਯੋਗ ਕੀਤਾ ਜਾਵੇ। ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਭਾਰਤ ਚੋਣ ਕਮਿਸ਼ਨ ਦੀ ਵੈਬਸਾਈਟ eci.nic.in ਅਤੇ ਮੁੱਖ ਚੋਣ ਅਫਸਰ ਦੀ ਵੈਬਸਾਈਟ ceopunjab.nic.in ਤੋਂ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।
