Punjab
ਸ੍ਰੀ ਗੁਰੂ ਰਵਿਦਾਸ ਦੇ 647ਵੇਂ ਪ੍ਰਕਾਸ਼ ਉਤਸਵ ਮੌਕੇ ‘ਤੇ ਸੀ.ਐਮ ਮਾਨ ਨੇ ਕੀਤੇ ਕਈ ਵੱਡੇ ਐਲਾਨ

24 ਫਰਵਰੀ 2024: ਗੜ੍ਹਸ਼ੰਕਰ ਦੇ ਧਾਰਮਿਕ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਸ਼ਨੀਵਾਰ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੇ 647ਵੇਂ ਪ੍ਰਕਾਸ਼ ਪੁਰਬ ਮੌਕੇ ਸਬੰਧੀ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸੀ.ਐਮ ਭਗਵੰਤ ਮਾਨ ਪਹੁੰਚੇ। ਇਸ ਸਮਾਗਮ ਵਿੱਚ ਸੀਐਮ ਭਗਵੰਤ ਮਾਨ ਨੇ ਕਈ ਵੱਡੇ ਐਲਾਨ ਕੀਤੇ।
ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ 650ਵਾਂ ਪ੍ਰਕਾਸ਼ ਪੁਰਬ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਵੱਡੇ ਪੱਧਰ ‘ਤੇ ਮਨਾਇਆ ਜਾਵੇਗਾ। ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਯਾਤਰੀ ਨਿਵਾਸ ਲਈ ਪੁਲ ਦਾ ਕੰਮ ਜਲਦੀ ਸ਼ੁਰੂ ਹੋ ਜਾਵੇਗਾ।
ਸ੍ਰੀ ਖੁਰਾਲਗੜ੍ਹ ਸਾਹਿਬ ਗੁਰੂ ਘਰ ਦੇ ਸਾਹਮਣੇ ਵਗਦੇ ਪਾਣੀ ਨੂੰ ਦੋਵੇਂ ਪਾਸੇ ਦੀਵਾਰਾਂ ਲਗਾ ਕੇ ਰੋਕਿਆ ਜਾਵੇਗਾ ਤਾਂ ਜੋ ਗੁਰੂ ਘਰ ਦੀ ਜਗ੍ਹਾ ਖੁੱਲ੍ਹੀ ਹੋ ਸਕੇ। ਪ੍ਰਬੰਧਕਾਂ ਨੇ ਗੁਰੂ ਘਰ ਲਈ 50 ਏਕੜ ਜ਼ਮੀਨ ਦੇਣ ਦੀ ਮੰਗ ਕੀਤੀ ਸੀ, ਜਿਸ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਲੰਮੀ ਪ੍ਰਕਿਰਿਆ ਹੈ। ਇਹ ਸਮਾਂ ਲਵੇਗਾ। ਜ਼ਮੀਨ ਪੰਜਾਬ ਸਰਕਾਰ ਐਕੁਆਇਰ ਕਰੇਗੀ।
ਗੁਰੂ ਘਰ ਦੀ ਮੁੱਖ ਸੜਕ ਦਾ ਪੁਲ ਜੋ ਮੀਂਹ ਕਾਰਨ ਨੁਕਸਾਨਿਆ ਗਿਆ ਹੈ, ਨੂੰ ਪਹਿਲ ਦੇ ਆਧਾਰ ’ਤੇ ਬਣਾਇਆ ਜਾਵੇਗਾ। ਪੀਣ ਵਾਲੇ ਪਾਣੀ ਦੇ ਟਿਊਬਵੈੱਲ ਦਾ ਬਿਜਲੀ ਕੁਨੈਕਸ਼ਨ 24 ਘੰਟੇ ਦੇ ਅੰਦਰ-ਅੰਦਰ ਦਿੱਤਾ ਜਾਵੇਗਾ।