Connect with us

Punjab

‘ਸਿਹਤ ਬੀਮਾ ਯੋਜਨਾ’ਨਾਲ ਜੁੜੀ ਹੋਈ ਵੱਡੀ ਖ਼ਬਰ

Published

on

ਪੰਜਾਬ ਦੇ ਲੋਕਾਂ ਨੂੰ ਇਸ ਸਾਲ 2026 ਤੋਂ ਰੁਪਏ 10 ਲੱਖ ਤੱਕ ਦੀ ਕੈਸ਼ਲੈਸ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਸਹੂਲਤ ਮਿਲੇਗੀ। ਇਸ ਯੋਜਨਾ ਇਸ ਸਾਲ 1 ਜਨਵਰੀ ਤੋਂ ਸ਼ੁਰੂ ਹੋਣੀ ਸੀ, ਜਿਸ ਦਾ ਐਲਾਨ ਪੰਜਾਬ ਸਰਕਾਰ ਵੱਲੋਂ ਵੀ ਕੀਤਾ ਗਿਆ ਸੀ, ਪਰ ਕਈ ਕਾਰਨਾਂ ਕਰਕੇ ਇਹ ਯੋਜਨਾ 1 ਜਨਵਰੀ ਤੋਂ ਸ਼ੁਰੂ ਨਹੀਂ ਹੋ ਸਕੀ। ਪਰ ਹੁਣ ਇਹ ਯੋਜਨਾ 15 ਜਨਵਰੀ ਤੋਂ ਸ਼ੁਰੂ ਹੋਵੇਗੀ। ਇਸ ਦੀ ਸ਼ੁਰੂਆਤ ਖੁਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ।

ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਅੱਜ ਚੰਡੀਗੜ੍ਹ ਵਿਖੇ ਇੱਕ ਅਹਿਮ ਪ੍ਰੈੱਸ ਕਾਨਫਰੰਸ ਦੌਰਾਨ ਸੂਬੇ ਦੇ ਲੋਕਾਂ ਲਈ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 15 ਜਨਵਰੀ ਨੂੰ ‘ਮੁੱਖ ਮੰਤਰੀ ਸਿਹਤ ਬੀਮਾ ਯੋਜਨਾ’ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਡਾ. ਬਲਵੀਰ ਸਿੰਘ ਨੇ ਦਾਅਵਾ ਕੀਤਾ ਕਿ ਇਸ ਯੋਜਨਾ ਦੇ ਲਾਂਚ ਹੋਣ ਨਾਲ ਪੰਜਾਬ ਦੇ 3 ਕਰੋੜ ਲੋਕਾਂ ਨੂੰ ਸਿੱਧਾ ਲਾਭ ਪਹੁੰਚੇਗਾ। ਸਿਹਤ ਮੰਤਰੀ ਨੇ ਕਿਹਾ ਕਿ ਅਗਲੇ ਤਿੰਨ ਚਾਰ ਮਹੀਨਿਆਂ ਦੇ ਦੌਰਾਨ ਪੰਜਾਬ ਵਾਸੀਆਂ ਦੇ ਕੈਸ਼ਲੈਸ ਬੀਮਾ ਕਾਰਡ ਬਣ ਜਾਣਗੇ। ਉਹਨਾਂ ਨੇ ਕਿਹਾ ਕਿ ਯੂਨਾਈਟਡ ਇੰਡੀਆ ਸੰਸਥਾ ਦੇ ਨਾਲ ਪੰਜਾਬ ਸਰਕਾਰ ਦਾ ਸਮਝੌਤਾ ਹੋ ਗਿਆ ਹੈ। ਉਹਨਾਂ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਹੁਣ 10 ਲੱਖ ਰੁਪਏ ਤੱਕ ਦਾ ਇਲਾਜ ਮੁਫਤ ਵਿੱਚ ਪ੍ਰਾਪਤ ਹੋਵੇਗਾ।

ਪੰਜਾਬ ਸਰਕਾਰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਹਰ ਪਰਿਵਾਰ ਨੂੰ ਹਰ ਸਾਲ 10 ਲੱਖ ਰੁਪਏ ਤੱਕ ਦਾ ਨਕਦੀ ਰਹਿਤ ਮੁਫ਼ਤ ਇਲਾਜ ਬਿਨਾਂ ਕਿਸੇ ਸਾਲਾਨਾ ਆਮਦਨ ਸੀਮਾ ਦੇ ਮਿਲੇਗਾ। ਇਹ ਯੋਜਨਾ ਸਾਰਿਆਂ ਲਈ ਹੈ, ਭਾਵੇਂ ਕੋਈ ਅਮੀਰ ਹੋਵੇ ਜਾਂ ਗਰੀਬ। ਇਸ ਵੇਲੇ ਸਰਕਾਰ 45 ਲੱਖ ਪਰਿਵਾਰਾਂ ਨੂੰ 5 ਲੱਖ ਰੁਪਏ ਤੱਕ ਦਾ ਬੀਮਾ ਪ੍ਰਦਾਨ ਕਰ ਰਹੀ ਹੈ। ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਇਸ ਯੋਜਨਾ ਦੇ ਲਾਭ ਸਿਰਫ਼ ਉਨ੍ਹਾਂ ਹਸਪਤਾਲਾਂ ਵਿੱਚ ਹੀ ਮਿਲਣਗੇ ਜੋ ਸਰਕਾਰ ਦੀ ਸੂਚੀ ਵਿੱਚ ਸ਼ਾਮਲ ਹਨ। ਇਸ ਯੋਜਨਾ ਵਿੱਚ 2000 ਤੋਂ ਵੱਧ ਕਿਸਮਾਂ ਦੀਆਂ ਬਿਮਾਰੀਆਂ ਅਤੇ ਕਲੀਨਿਕਲ ਟੈਸਟ ਸ਼ਾਮਲ ਕੀਤੇ ਗਏ ਹਨ।

‘ਸਿਹਤ ਬੀਮਾ ਯੋਜਨਾ’ ਲਈ ਜ਼ਿਲ੍ਹਾ ਪੱਧਰ ‘ਤੇ ਹੁਣ 8 ਜਨਵਰੀ ਤੋਂ ਕਾਰਡ ਸਿਵਲ ਹਸਪਤਾਲ ਵਿੱਚ ਬਣਾਏ ਜਾਣਗੇ ਅਤੇ ਪਿੰਡ ਪੱਧਰ ਤੇ ਸੀ.ਐਚ.ਸੀ ਵਿੱਚ ਬਣਾਏ ਜਾਣਗੇ। ਇਹ ਯੋਜਨਾ ਵੋਟਰ ਕਾਰਡ ਅਤੇ ਆਧਾਰ ਕਾਰਡ ਹੋਲਡਰਾਂ ਨੂੰ ਮਿਲੇਗੀ। ਇਸ ਯੋਜਨਾ ਤਹਿਤ ਪੰਜਾਬ ਦਾ ਕੋਈ ਵੀ ਵਸਨੀਕ ਆਪਣਾ ਵੋਟਰ ਕਾਰਡ ਅਤੇ ਆਧਾਰ ਕਾਰਡ ਦਿਖਾ ਕੇ ਇਹ ਸਿਹਤ ਕਾਰਡ ਤਿਆਰ ਕਰਵਾ ਸਕਦਾ ਹੈ।

ਪੰਜਾਬ ਦਾ ਹਰ ਵਸਨੀਕ ਇਸ ਸਕੀਮ ਦਾ ਲਾਭ ਲੈਣ ਦਾ ਹੱਕਦਾਰ ਹੋਵੇਗਾ। ਇਹ ਯੋਜਨਾ ਪੂਰੀ ਤਰ੍ਹਾਂ ਕੈਸ਼ਲੈੱਸ ਬੀਮਾ ਸਿਹਤ ਯੋਜਨਾ ਦੇ ਅਧੀਨ ਹੋਵੇਗੀ, ਜਿਸ ਨਾਲ ਮਰੀਜ਼ਾਂ ਨੂੰ ਇਲਾਜ ਦੌਰਾਨ ਨਕਦੀ ਦੇ ਭੁਗਤਾਨ ਤੋਂ ਮੁਕਤੀ ਮਿਲੇਗੀ। ਇਸ ਯੋਜਨਾ ਦਾ ਮੁੱਖ ਉਦੇਸ਼ ਲੋਕਾਂ ਨੂੰ ਬਿਹਤਰ ਅਤੇ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਹੈ।