Connect with us

National

ਕੁਦਰਤ ਦੇ ਰੰਗ:ਮਹਿਲਾਂ ਤੋਂ ਫੁੱਟਪਾਥਾਂ ‘ਤੇ ਪਹੁੰਚੀ ਰੇਖਾ ਪਾਇਲਟ -ਇੱਕ ਦਿਲ ਦਹਿਲਾ ਦੇਣ ਵਾਲੀ ਹਕੀਕਤ!

Published

on

ਫੁੱਟਪਾਥ ‘ਤੇ ਲੋਕਾਂ ਨੂੰ ਇੱਕ ਬਿਮਾਰ ਜਿਹੀ, ਥੱਕੀ-ਹਾਰੀ ਅਤੇ ਬੇਸਹਾਰਾ ਔਰਤ ਮਿਲੀ, ਜੋ ਆਪਣਾ ਨਾਂ ਰੇਖਾ ਸ਼੍ਰੀਵਾਸਤਵ ਦੱਸਦੀ ਹੈ। ਉਹ ਕਹਿੰਦੀ ਹੈ ਕਿ ਉਹ ਭਾਰਤੀ ਕ੍ਰਿਕਟ ਦੇ ਮਸ਼ਹੂਰ ਖਿਡਾਰੀ ਰਹੇ ਸਲੀਮ ਦੁਰਾਨੀ ਦੀ ਪਤਨੀ ਹੈ ਅਤੇ ਖੁਦ ਇੱਕ ਸਮੇਂ ਪਾਇਲਟ ਰਹਿ ਚੁੱਕੀ ਹੈ। ਉਸਦੇ ਮੈਲੇ ਕੱਪੜੇ, ਕਮਜ਼ੋਰ ਸਰੀਰ ਅਤੇ ਸੁੰਨੀਆਂ ਅੱਖਾਂ ਕਿਸੇ ਨੂੰ ਵੀ ਠਹਿਰ ਕੇ ਸੋਚਣ ਲਈ ਮਜਬੂਰ ਕਰ ਦਿੰਦੀਆਂ ਹਨ—ਕਿਵੇਂ ਕੋਈ ਇਨਸਾਨ ਮਹਿਲਾਂ ਤੋਂ ਸਿੱਧਾ ਫੁੱਟਪਾਥ ਤੱਕ ਆ ਸਕਦਾ ਹੈ?

ਰੇਖਾ ਸ਼੍ਰੀਵਾਸਤਵ ਦੀਆਂ ਗੱਲਾਂ ਮੁਤਾਬਕ, ਕਦੇ ਉਸਦੀ ਜ਼ਿੰਦਗੀ ਸੁਪਨਿਆਂ ਵਰਗੀ ਸੀ। ਅਸਮਾਨਾਂ ਵਿੱਚ ਉੱਡਦੀ ਇੱਕ ਪਾਇਲਟ, ਉੱਚੇ ਘਰ, ਇੱਜ਼ਤਦਾਰ ਰਿਸ਼ਤੇ ਅਤੇ ਨਾਮੀ ਲੋਕਾਂ ਨਾਲ ਜਾਣ-ਪਛਾਣ। ਉਹ ਦਾਅਵਾ ਕਰਦੀ ਹੈ ਕਿ ਵਿਦੇਸ਼ਾਂ ਵਿੱਚ ਵੀ ਉਸਦਾ ਰੁਤਬਾ ਸੀ ਅਤੇ ਪੈਸੇ ਦੀ ਕੋਈ ਘਾਟ ਨਹੀਂ ਸੀ। ਉਸ ਸਮੇਂ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ ਕਿ ਇਹ ਔਰਤ ਕਦੇ ਸੜਕ ਕਿਨਾਰੇ ਬੈਠੀ ਆਪਣੀ ਪਛਾਣ ਸਾਬਤ ਕਰਨ ਲਈ ਜੂਝਦੀ ਨਜ਼ਰ ਆਵੇਗੀ।

ਪਰ ਫਿਰ ਸਮਾਂ ਬਦਲਿਆ। ਹਾਲਾਤਾਂ ਨੇ ਇੱਕ-ਇੱਕ ਕਰਕੇ ਸਭ ਕੁਝ ਖੋਹ ਲਿਆ—ਰਿਸ਼ਤੇ ਵੀ, ਸਹਾਰਾ ਵੀ ਅਤੇ ਪਛਾਣ ਵੀ। ਉਹ ਕਹਿੰਦੀ ਹੈ ਕਿ ਬਿਮਾਰੀ, ਤਨਹਾਈ ਅਤੇ ਧੋਖਿਆਂ ਨੇ ਉਸਨੂੰ ਅੰਦਰੋਂ ਤੋੜ ਦਿੱਤਾ। ਜਿਹੜੇ ਲੋਕ ਕਦੇ ਆਸ-ਪਾਸ ਹੁੰਦੇ ਸਨ, ਉਹ ਗਾਇਬ ਹੋ ਗਏ। ਦੌਲਤ ਹੱਥੋਂ ਨਿਕਲ ਗਈ ਅਤੇ ਘਰ ਦੀ ਥਾਂ ਫੁੱਟਪਾਥ ਨੇ ਲੈ ਲਈ। ਅਸਮਾਨ ਵਿੱਚ ਉੱਡਣ ਵਾਲੀ ਔਰਤ ਜ਼ਮੀਨ ‘ਤੇ ਜਿਊਣ ਲਈ ਮਜਬੂਰ ਹੋ ਗਈ।

ਅੱਜ ਉਹੀ ਰੇਖਾ ਸ਼੍ਰੀਵਾਸਤਵ ਫੁੱਟਪਾਥ ‘ਤੇ ਬੈਠੀ ਮਿਲਦੀ ਹੈ—ਕਦੇ ਬੋਲਦੀ, ਕਦੇ ਚੁੱਪ, ਕਦੇ ਆਪਣੇ ਅਤੀਤ ਦੀਆਂ ਗੱਲਾਂ ਕਰਦੀ ਹੋਈ। ਲੋਕ ਸੁਣਦੇ ਹਨ, ਕੋਈ ਯਕੀਨ ਕਰਦਾ ਹੈ, ਕੋਈ ਸ਼ੱਕ। ਕੁੱਝ ਮਦਦ ਲਈ ਹੱਥ ਵਧਾਉਂਦੇ ਹਨ, ਬਹੁਤੇ ਅਣਦੇਖਾ ਕਰ ਅੱਗੇ ਲੰਘ ਜਾਂਦੇ ਹਨ। ਪਰ ਉਸਦੀ ਹਾਲਤ ਇਹ ਸਵਾਲ ਛੱਡ ਜਾਂਦੀ ਹੈ ਕਿ ਕੀ ਸਾਡਾ ਸਮਾਜ ਡਿੱਗੇ ਹੋਏ ਇਨਸਾਨ ਨੂੰ ਚੁੱਕਣ ਲਈ ਤਿਆਰ ਹੈ?

ਇਹ ਕਹਾਣੀ ਸਿਰਫ਼ ਇੱਕ ਔਰਤ ਦੀ ਨਹੀਂ, ਇਹ ਕੁਦਰਤ ਦੇ ਉਹਨਾਂ ਰੰਗਾਂ ਦੀ ਹੈ ਜੋ ਕਿਸੇ ਵੀ ਵੇਲੇ ਬਦਲ ਸਕਦੇ ਹਨ। ਅੱਜ ਮਹਿਲ, ਕੱਲ੍ਹ ਫੁੱਟਪਾਥ—ਇਸ ਫਾਸਲੇ ਨੂੰ ਤੈਅ ਕਰਨ ਵਿੱਚ ਕਈ ਵਾਰ ਸਿਰਫ਼ ਹਾਲਾਤਾਂ ਦੀ ਇੱਕ ਚੋਟ ਹੀ ਕਾਫ਼ੀ ਹੁੰਦੀ ਹੈ। ਰੇਖਾ ਸ਼੍ਰੀਵਾਸਤਵ ਦੀ ਬੇਬਸੀ ਸਾਨੂੰ ਯਾਦ ਦਿਵਾਉਂਦੀ ਹੈ ਕਿ ਦੌਲਤ, ਰੁਤਬਾ ਅਤੇ ਪਛਾਣ ਸਥਾਈ ਨਹੀਂ, ਪਰ ਇਨਸਾਨੀ ਹਮਦਰਦੀ ਹੀ ਉਹ ਸਹਾਰਾ ਹੈ ਜੋ ਕਿਸੇ ਨੂੰ ਫੁੱਟਪਾਥ ਤੋਂ ਮੁੜ ਜ਼ਿੰਦਗੀ ਵੱਲ ਲਿਆ ਸਕਦੀ ਹੈ।

 

ਕੁਲਵੰਤ ਸਿੰਘ ਗੱਗੜਪੁਰੀ