National
ਦਿੱਲੀ ਬਲਾਸਟ ਮਾਮਲਾ: ਲੁਧਿਆਣਾ ਦੇ ਡਾਕਟਰ ਦੇ ਘਰ ‘ਤੇ NIA ਦੀ ਰੇਡ
ਦਿੱਲੀ ਦੇ ਲਾਲ ਕਿਲ੍ਹੇ ਦੇ ਬਾਹਰ ਹੋਏ ਬੰਬ ਧਮਾਕੇ ਦੇ ਸਬੰਧ ‘ਚ NIA ਵੱਲੋਂ ਵੱਖ-ਵੱਖ ਰਾਜਾਂ ਵਿੱਚ ਛਾਪੇਮਾਰੀ ਕੀਤਾ ਜਾ ਰਹੀ ਹੈ। ਇੱਥੇ ਦੱਸ ਦੇਈਏ ਕਿ ਖਾਸ ਤੌਰ ‘ਤੇ ਐਨਆਈਏ ਹੁਣ ਅਲ-ਫਲਾਹ ਯੂਨੀਵਰਸਿਟੀ ਦੇ ਉਹ ਸਾਰੇ ਵਿਦਿਆਰਥੀਆਂ ਦਾ ਰਿਕਾਰਡ ਜਾਂਚ ਕਰ ਰਹੀ ਹੈ, ਜਿਨ੍ਹਾਂ ਦੇ ਇੱਥੇ ਕੰਮ ਕਰਨ ਵਾਲੇ ਦੋਸ਼ੀਆਂ ਤੇ ਸ਼ੱਕੀ ਪ੍ਰੋਫੈਸਰਾਂ ਨਾਲ ਲਿੰਕ ਸਾਹਮਣੇ ਆ ਰਹੇ ਹਨ। ਬੰਬ ਬਲਾਸਟ ਦੇ ਜਾਂਚ ਦੇ ਸਿਲਸਿਲੇ ‘ਚ ਬੀਤੇ ਦਿਨੀਂ ਐਨ.ਆਈ.ਏ ਨੇ ਲੁਧਿਆਣਾ ‘ਚ ਛਾਪੇਮਾਰੀ ਕੀਤੀ ਸੀ। ਇਸ ਦੌਰਾਨ ਟੀਮ ਨੇ ਅਲ-ਫਲਾਹ ਯੂਨੀਵਰਸਿਟੀ ਤੋਂ ਐੱਮ.ਬੀ.ਬੀ.ਐੱਸ ਕਰਨ ਵਾਲੇ ਡਾਕਟਰ ਜਾਨ ਨਿਸਾਰ ਆਲਮ ਦੇ ਕਲੀਨਿਕ ‘ਤੇ ਰੇਡ ਮਾਰੀ।
ਹਾਲਾਂਕਿ, ਡਾਕਟਰ ਇੱਥੇ ਮੌਜੂਦ ਨਹੀਂ ਸੀ ਤੇ ਐਨ.ਆਈ.ਏ ਦੀ ਟੀਮ ਥੋੜ੍ਹੀ ਹੀ ਦੂਰੀ ‘ਤੇ ਸਥਿਤ ਉਸ ‘ਤੇ ਘਰ ਪਹੁੰਚ ਗਈ। ਡਾਕਟਰ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਕਿਸੇ ਰਿਸ਼ਤੇਦਾਰ ਦੇ ਵਿਆਹ ‘ਤੇ ਬੰਗਾਲ ਗਿਆ ਹੋਇਆ ਹੈ। ਇਸ ਤੋਂ ਬਾਅਦ ਐਨ.ਆਈ.ਏ ਦੀ ਟੀਮ ਨੇ ਰੇਡ ਕਰਦੇ ਹੋਏ ਡਾਕਟਰ ਨੂੰ ਬੰਗਾਲ ਤੋਂ ਹਿਰਾਸਤ ‘ਚ ਲਿਆ। ਪੂਰਾ ਦਿਨ ਉਸ ਤੋਂ ਪੁੱਛ-ਪੜਤਾਲ ਕੀਤੀ ਤੇ ਸ਼ਾਮ ਵੇਲੇ ਉਸ ਨੂੰ ਛੱਡ ਦਿੱਤਾ। ਸੂਤਰਾਂ ਮੁਤਾਬਕ ਟੀਮ ਨੇ ਉਸ ਦਾ ਲੈਪਟਾਪ ਤੇ ਮੋਬਾਇਲ ਜਾਂਚ ਲਈ ਕਬਜ਼ੇ ‘ਚ ਲੈ ਲਿਆ। ਐਨ.ਆਈ.ਏ ਟੀਮ ਨੇ ਇਸ ਦੇ ਨਾਲ ਡਾਕਟਰ ਨੂੰ ਕਿਹਾ ਹੈ ਕਿ ਜਦੋਂ ਵੀ ਉਨ੍ਹਾਂ ਨੂੰ ਜ਼ਰੂਰਤ ਹੋਵੇਗੀ ਤਾਂ ਉਨ੍ਹਾਂ ਨੂੰ ਜਾਂਚ ‘ਚ ਸ਼ਾਮਲ ਹੋਣਾ ਪਵੇਗਾ। ਸੂਤਰਾਂ ਮੁਤਾਬਕ ਡਾਕਟਰ ਆਲਮ ਨੂੰ ਅੱਜ ਐਨਆਈਏ ਟੀਮ ਨੇ ਪੁੱਛ-ਗਿੱਛ ਲਈ ਬੁਲਾਇਆ ਹੈ।
ਡਾਕਟਰ ਜਾਨ ਨਿਸਾਰ ਆਲਮ ਦੇ ਪਿਤਾ ਤੌਹਿਦ ਖਾਨ ਦਾ ਕਹਿਣਾ ਹੈ ਕਿ ਐਨ.ਆਈ.ਏ ਦੀ ਟੀਮ ਉਨ੍ਹਾਂ ਦੇ ਘਰ ਆਈ ਸੀ। ਉਨ੍ਹਾਂ ਨੇ ਪੁੱਛ-ਗਿੱਛ ਕੀਤੀ ਤੇ ਚਲੇ ਗਏ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੇ ਸਾਲ 2020 ‘ਚ ਐਮ.ਬੀ.ਬੀ.ਐਸ ‘ਚ ਦਾਖ਼ਲਾ ਲਿਆ ਸੀ। 2025 ‘ਚ ਐਮ.ਬੀ.ਬੀ.ਐਸ ਪੂਰੀ ਕਰਕੇ ਇੰਟਰਨਸ਼ਿਪ ਪੂਰੀ ਕੀਤੀ। ਹੁਣ ਉਹ ਲੁਧਿਆਣਾ ‘ਚ ਕਲੀਨਿਕ ਚਲਾ ਰਿਹਾ ਹੈ।
