National
DGCA ਨੇ ਭੇਜਿਆ ਏਅਰ ਇੰਡੀਆ ਨੂੰ ਨੋਟਿਸ, ਤੁਸੀਂ ਵੀ ਜਾਣੋ ਕੀ ਹੈ ਮਸਲਾ
ਮੁੰਬਈ : ਹਵਾਬਾਜ਼ੀ ਰੈਗੂਲੇਟਰੀ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਐਵੀਏਸ਼ਨ (ਡੀ. ਜੀ. ਸੀ. ਏ.) ਨੇ ਸੋਮਵਾਰ ਨੂੰ ਕਿਹਾ ਕਿ ਉਸ ਨੇ ਪਿਛਲੇ ਮਹੀਨੇ ਪੈਰਿਸ-ਨਵੀਂ ਦਿੱਲੀ ਉਡਾਣ ’ਚ ਯਾਤਰੀਆਂ ਦੀ ਦੁਰਵਿਵਹਾਰ ਦੀਆਂ 2 ਘਟਨਾਵਾਂ ਨੂੰ ਲੈ ਕੇ ਏਅਰ ਇੰਡੀਆ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਡੀ. ਜੀ. ਸੀ. ਏ. ਦੇ ਅਨੁਾਸਰ ਪਹਿਲੀ ਘਟਨਾ ’ਚ ਨਸ਼ੇ ’ਚ ਟੱਲੀ ਇਕ ਯਾਤਰੀ ਨੇ ਟਾਇਲਟ ’ਚ ਸਿਗਰਟ ਪੀਤੀ ਅਤੇ ਉਸ ਨੇ ਚਾਲਕ ਦਲ ਦੀ ਗੱਲ ਨਹੀਂ ਸੁਣੀ। ਦੂਜੀ ਘਟਨਾ ’ਚ ਇਕ ਹੋਰ ਯਾਤਰੀ ਨੇ ਖਾਲੀ ਸੀਟ ’ਤੇ ਅਤੇ ਇਕ ਮਹਿਲਾ ਸਹਿ-ਯਾਤਰੀ ਦੇ ਕੰਬਲ ’ਤੇ ਪਿਸ਼ਾਬ ਕਰ ਦਿੱਤਾ, ਜਦੋਂ ਉਹ ਟਾਇਲਟ ਗਈ ਸੀ। ਦੱਸ ਦੇਈਏ ਇਹ ਦੋਵੇਂ ਘਟਨਾਵਾਂ 6 ਦਸੰਬਰ, 2022 ਨੂੰ ਪੈਰਿਸ-ਨਵੀਂ ਦਿੱਲੀ ਫਲਾਈਟ ’ਚ ਵਾਪਰੀਆਂ।
ਰੈਗੂਲੇਟਰ ਨੇ ਇਕ ਬਿਆਨ ’ਚ ਕਿਹਾ ਕਿ ਡੀ. ਜੀ. ਸੀ. ਏ. ਨੇ ਏਅਰ ਇੰਡੀਆ ਤੋਂ 5 ਜਨਵਰੀ 2023 ਦੀ ਘਟਨਾ ਬਾਰੇ ਜਾਣਕਾਰੀ ਮੰਗੀ, ਉਸ ਤੋਂ ਪਹਿਲਾਂ ਕੰਪਨੀ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਸੀ। ਰੈਗੂਲੇਟਰ ਨੇ ਕਿਹਾ ਕਿ ਕੰਪਨੀ ਨੇ 6 ਜਨਵਰੀ ਨੂੰ ਈ-ਮੇਲ ਰਾਹੀਂ ਜਵਾਬ ਭੇਜਿਆ ਅਤੇ ਉਸ ’ਤੇ ਜਾਂਚ ਕਰਨ ਤੋਂ ਬਾਅਦ ਪਹਿਲੀ ਨਜ਼ਰ ’ਚ ਪਤਾ ਲੱਗਾ ਕਿ ਅਣਉਚਿਤ ਵਿਵਹਾਰ ਕਰਨ ਵਾਲੇ ਮੁਸਾਫਰਾਂ ਨਾਲ ਪੇਸ਼ ਆਉਣ ਨਾਲ ਜੁੜੀ ਵਿਵਸਥਾ ਦਾ ਪਾਲਣ ਨਹੀਂ ਕੀਤਾ ਗਿਆ। ਇਹਨਾਂ 2 ਘਟਨਾਵਾਂ ਨੂੰ ਲੈ ਕੇ ਏਅਰ ਇੰਡੀਆ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ