National
ਹਿਮਾਚਲ ‘ਚ ਭਾਰੀ ਮੀਂਹ ਪੈਣ ਕਾਰਨ 115 ਸੜਕਾਂ ਹੋਈਆਂ ਬੰਦ

HIMACHAL PRADESH : ਬੀਤੀ ਰਾਤ ਤੋਂ ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ ਵਿੱਚ ਮੀਂਹ ਪੈ ਰਿਹਾ ਹੈ। ਭਾਰੀ ਬਾਰਿਸ਼ ਹੋਣ ਕਾਰਨ ਹਿਮਾਚਲ ਦੇ ਕਈ ਹਿੱਸਿਆਂ ਵਿਚ ਸੜਕਾਂ ਤੇ ਪਾਣੀ ਭਰਨ ਅਤੇ ਜ਼ਮੀਨ ਖਿਸਕਣ ਵਰਗੇ ਹਲਾਤ ਬਣ ਗਏ ਹਨ | ਇਸ ਕਰਕੇ ਹਿਮਾਚਲ ‘ਚ ਵਾਹਨਾਂ ਦੀ ਆਵਾਜਾਈ ਅਤੇ 115 ਸੜਕਾਂ ਬੰਦ ਕਰ ਦਿੱਤੀਆਂ ਹਨ ਜਿਸ ਕਰਕੇ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ |
ਮੌਸਮ ਵਿਭਾਗ ਨੇ ਕੀਤਾ ਅਲਰਟ
ਸ਼ਿਮਲਾ ਮੌਸਮ ਵਿਭਾਗ ਨੇ ਮੌਸਮ ਨੂੰ ਲੈ ਕੇ ਆਰੇਂਜ ਅਲਰਟ ਜਾਰੀ ਕੀਤਾ ਹੈ ਅਤੇ ਹਿਮਾਚਲ ‘ਚ ਕਈ ਥਾਵਾਂ ਤੇ ਅੱਜ ਯਾਨੀ ਸ਼ੁੱਕਰਵਾਰ ਨੂੰ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਹੈ | ਮੌਸਮ ਵਿਭਾਗ ਮੁਤਾਬਕ ਅਗਲੇ ਦੋ ਦਿਨਾਂ ਦੌਰਾਨ ਪੂਰੇ ਸੂਬੇ ਵਿੱਚ ਮਾਨਸੂਨ ਹੋਰ ਸਰਗਰਮ ਰਹੇਗਾ। ਇਸ ਕਾਰਨ ਜ਼ਿਆਦਾਤਰ ਹਿੱਸਿਆਂ ਵਿੱਚ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਇਨ੍ਹਾਂ ਹਿੱਸਿਆਂ ‘ਚ ਹੋਵੇਗੀ ਤੇਜ਼ ਬਾਰਿਸ਼
ਸ਼ਿਮਲਾ ਦੇ ਡਾਇਰੈਕਟਰ ਡਾ: ਸੁਰਿੰਦਰ ਪਾਲ ਨੇ ਦੱਸਿਆ ਕਿ ਊਨਾ, ਚੰਬਾ, ਮੰਡੀ, ਬਿਲਾਸਪੁਰ, ਹਮੀਰਪੁਰ, ਕਾਂਗੜਾ, ਸ਼ਿਮਲਾ, ਸੋਲਨ ਅਤੇ ਸਿਰਮੌਰ ਜ਼ਿਲ੍ਹਿਆਂ ਵਿੱਚ ਇੱਕ ਜਾਂ ਦੋ ਥਾਵਾਂ ‘ਤੇ ਭਾਰੀ ਤੋਂ ਬਹੁਤ ਭਾਰੀ ਮੀਂਹ ਪੈ ਸਕਦਾ ਹੈ।
ਪਿਛਲੇ ਦੋ ਦਿਨਾਂ ਤੋਂ ਸੂਬੇ ਦੇ ਕਈ ਇਲਾਕਿਆਂ ਵਿੱਚ ਲਗਾਤਾਰ ਮੀਂਹ ਪੈਣ ਕਾਰਨ 115 ਸੜਕਾਂ ਬੰਦ ਹਨ। ਇਨ੍ਹਾਂ ਵਿੱਚੋਂ ਇਕੱਲੇ ਮੰਡੀ ਜ਼ਿਲ੍ਹੇ ਦੀਆਂ 59 ਸੜਕਾਂ ਅਤੇ ਸ਼ਿਮਲਾ ਦੀਆਂ 21 ਸੜਕਾਂ ਵਾਹਨਾਂ ਲਈ ਬੰਦ ਹਨ। ਲੋਕ ਨਿਰਮਾਣ ਵਿਭਾਗ ਇਨ੍ਹਾਂ ਸੜਕਾਂ ਦੀ ਮੁਰੰਮਤ ਵਿੱਚ ਰੁੱਝਿਆ ਹੋਇਆ ਹੈ।
ਮੌਸਮ ਵਿਭਾਗ ਮੁਤਾਬਕ 10 ਜੁਲਾਈ ਤੱਕ ਲਗਾਤਾਰ ਮੀਂਹ ਪੈਣ ਦੀ ਸੰਭਾਵਨਾ ਹੈ। ਅੱਜ ਲਈ ਔਰੇਂਜ ਅਲਰਟ ਦਿੱਤਾ ਗਿਆ ਹੈ, ਜਦੋਂ ਕਿ ਕੱਲ੍ਹ ਤੋਂ 10 ਜੁਲਾਈ ਤੱਕ ਯੈਲੋ ਅਲਰਟ ਦੀ ਚੇਤਾਵਨੀ ਦਿੱਤੀ ਗਈ ਹੈ।