Connect with us

News

ਨੇਪਾਲ ‘ਚ ਹੜ੍ਹ ਦਾ ਕਹਿਰ, ਮੌਤਾਂ ਦਾ ਅੰਕੜਾ 955 ਪਾਰ

Published

on

ਨੇਪਾਲ ਅਤੇ ਤਿੱਬਤ ਵਿੱਚ ਆਈ ਭਿਆਨਕ ਹੜ੍ਹ ਦੀ ਤਬਾਹੀ ਨੇ ਹਰ ਪਾਸੇ ਮੌਤ ਅਤੇ ਬਰਬਾਦੀ ਦਾ ਮੰਜ਼ਰ ਪੈਦਾ ਕਰ ਦਿੱਤਾ ਹੈ। ਹੜ੍ਹ ਅਤੇ ਮਲਬੇ ਕਾਰਨ ਹੁਣ ਤੱਕ ਮੌਤਾਂ ਦਾ ਅੰਕੜਾ 955 ਤੱਕ ਪਹੁੰਚ ਗਿਆ ਹੈ, ਜਦਕਿ 4,471 ਤੋਂ ਵੱਧ ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ। ਨੇਪਾਲ ਵਿੱਚ ਹੀ 939 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 3,925 ਲੋਕਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ।

ਤਬਾਹੀ ਦਾ ਸਭ ਤੋਂ ਵੱਡਾ ਅਸਰ ਨੇਪਾਲ ਦੇ ਉੱਤਰੀ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਹੜ੍ਹ ਦੇ ਤੇਜ਼ ਵਹਾਅ ਨੇ ਘਰਾਂ, ਸੜਕਾਂ ਅਤੇ ਜਲ-ਬਿਜਲੀ ਪ੍ਰਾਜੈਕਟਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਕਈ ਥਾਵਾਂ ’ਤੇ ਮਲਬੇ ਹੇਠ ਹੋਰ ਲੋਕਾਂ ਦੇ ਦੱਬੇ ਹੋਣ ਦਾ ਖ਼ਦਸ਼ਾ ਹੈ ਅਤੇ ਰਾਹਤ-ਬਚਾਅ ਟੀਮਾਂ ਵੱਲੋਂ ਲਗਾਤਾਰ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ।

ਹੜ੍ਹ ਨਾਲ ਪ੍ਰਭਾਵਿਤ ਹਾਈਡ੍ਰੋਪਾਵਰ ਪ੍ਰਾਜੈਕਟਾਂ ਦੀਆਂ ਸੁਰੰਗਾਂ ਵਿੱਚ ਫਸੇ ਲੋਕਾਂ ਨੂੰ ਬਚਾਉਣਾ ਰੈਸਕਿਊ ਟੀਮਾਂ ਲਈ ਸਭ ਤੋਂ ਵੱਡੀ ਚੁਣੌਤੀ ਬਣਿਆ ਹੋਇਆ ਹੈ। ਨੇਪਾਲ ਸਰਕਾਰ ਮੁਤਾਬਕ ਭਾਰਤ, ਚੀਨ ਅਤੇ ਦੱਖਣੀ ਕੋਰੀਆ ਦੀਆਂ ਵਿਸ਼ੇਸ਼ ਟਨਲ-ਰੈਸਕਿਊ ਟੀਮਾਂ ਵੀ ਬਚਾਅ ਕਾਰਜਾਂ ਵਿੱਚ ਸਹਾਇਤਾ ਕਰ ਰਹੀਆਂ ਹਨ।

ਇਸ ਦੌਰਾਨ ਭਾਰਤ ਨੇ ਵੀ ਨੇਪਾਲ ਵਿੱਚ ਆਪਣੇ ਨਾਗਰਿਕਾਂ ਦੀ ਸੁਰੱਖਿਅਤ ਵਾਪਸੀ ਲਈ ਵੱਡਾ ਰੈਸਕਿਊ ਆਪਰੇਸ਼ਨ ਚਲਾਇਆ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਮੁਤਾਬਕ 31 ਅਗਸਤ ਤੱਕ 158 ਭਾਰਤੀ ਨਾਗਰਿਕਾਂ ਨੂੰ ਨੇਪਾਲ ਤੋਂ ਰੈਸਕਿਊ ਕੀਤਾ ਜਾ ਚੁੱਕਾ ਹੈ।

ਭਾਰਤੀ ਟਨਲ ਰੈਸਕਿਊ ਟੀਮ ਚਿਲਿਮੇ ਅਤੇ ਲਾਂਗਟਾਂਗ ਦੇ ਹਾਈਡ੍ਰੋਪਾਵਰ ਪ੍ਰਾਜੈਕਟਾਂ ਵਿੱਚ ਨੇਪਾਲੀ ਫੌਜ ਨਾਲ ਮਿਲ ਕੇ ਸਰਚ ਕਰ ਰਹੀ ਹੈ। ਚਿਲਿਮੇ ਵਿੱਚ ਮੁਸ਼ਕਲ ਮੌਸਮ ਅਤੇ ਮਲਬੇ ਦੇ ਬਾਵਜੂਦ ਟੀਮ ਨੇ ਸੁਰੰਗ ਦੇ ਅੰਦਰ ਪਹੁੰਚ ਬਣਾਈ ਅਤੇ ਸੁਰੱਖਿਆ ਰੱਸੀਆਂ ਲਗਾਈਆਂ। ਉੱਥੇ ਹੀ ਲਾਂਗਟਾਂਗ ਦੀ ਸੁਰੰਗ ਵਿੱਚ ਭਾਰਤੀ ਟੀਮ ਨੇ ਨੇਪਾਲੀ ਸੁਰੱਖਿਆ ਬਲਾਂ ਨਾਲ ਮਿਲ ਕੇ 185 ਮੀਟਰ ਤੱਕ ਸਰਚ ਕੀਤੀ ਹੈ।

ਨੇਪਾਲ ਸਰਕਾਰ ਨੇ ਦੱਸਿਆ ਹੈ ਕਿ ਹਜ਼ਾਰਾਂ ਸੁਰੱਖਿਆ ਕਰਮਚਾਰੀ ਅਤੇ ਹੈਲੀਕਾਪਟਰ ਰਾਹਤ-ਬਚਾਅ ਕਾਰਜਾਂ ਵਿੱਚ ਲਗਾਏ ਗਏ ਹਨ। ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣ ਦੇ ਨਾਲ-ਨਾਲ ਖਾਣ-ਪੀਣ, ਦਵਾਈਆਂ ਅਤੇ ਹੋਰ ਜ਼ਰੂਰੀ ਸਮਾਨ ਵੀ ਪਹੁੰਚਾਇਆ ਜਾ ਰਿਹਾ ਹੈ।

ਹਾਲਾਂਕਿ ਮੌਸਮ ਅਤੇ ਮੁਸ਼ਕਲ ਭੂਗੋਲਿਕ ਹਾਲਾਤਾਂ ਕਾਰਨ ਰੈਸਕਿਊ ਆਪਰੇਸ਼ਨ ਵਿੱਚ ਕਈ ਰੁਕਾਵਟਾਂ ਆ ਰਹੀਆਂ ਹਨ। ਸੁਰੰਗਾਂ ਵਿੱਚ ਮਿੱਟੀ ਅਤੇ ਮਲਬਾ ਭਰ ਜਾਣ ਕਾਰਨ ਅੰਦਰ ਪਹੁੰਚਣਾ ਕਾਫੀ ਮੁਸ਼ਕਲ ਹੈ। ਇਸ ਦੇ ਬਾਵਜੂਦ ਟੀਮਾਂ ਜੰਗੀ ਪੱਧਰ ’ਤੇ ਲਾਪਤਾ ਲੋਕਾਂ ਦੀ ਭਾਲ ਵਿੱਚ ਜੁਟੀਆਂ ਹੋਈਆਂ ਹਨ।

ਨੇਪਾਲ ਵਿੱਚ ਇਹ ਭਿਆਨਕ ਹੜ੍ਹ ਹੁਣ ਇੱਕ ਵੱਡੀ ਮਨੁੱਖੀ ਤ੍ਰਾਸਦੀ ਦਾ ਰੂਪ ਲੈ ਚੁੱਕਾ ਹੈ। ਮੌਤਾਂ ਦਾ ਅੰਕੜਾ 955 ਪਾਰ, ਹਜ਼ਾਰਾਂ ਲੋਕ ਲਾਪਤਾ ਅਤੇ ਸੁਰੰਗਾਂ ਵਿੱਚ ਫਸੇ ਲੋਕਾਂ ਨੂੰ ਬਚਾਉਣ ਲਈ ਸਮੇਂ ਦੇ ਖ਼ਿਲਾਫ਼ ਰੈਸਕਿਊ ਆਪਰੇਸ਼ਨ ਜਾਰੀ ਹੈ।