Punjab
ਰਾਮ ਰਹੀਮ ਤੋਂ ਬਿਆਸ ਤੱਕ; ਪੁਜਾਰੀ,ਮਾਇਆਧਾਰੀ ਤੇ ਸੱਤਾਧਾਰੀ ਦਾ ਅਨੋਖਾ ਗਠਜੋੜ
ਬੀਤੇ ਦਿਨੀ ਬਿਆਸ ਡੇਰੇ ਵਾਲੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੇਲ੍ਹ ਵਿੱਚ ਬਿਕਰਮ ਸਿੰਘ ਮਜੀਠੀਆ ਨਾਲ ਮੁਲਕਾਤ ਕਰਨ ਗਏ ਤਾਂ ਇਸ ਗੱਲ ਨੂੰ ਲੈ ਕੇ ਪੰਜਾਬ ਦੇ ਲੋਕਾਂ ਵਿੱਚ ਤਰ੍ਹਾਂ ਤਰ੍ਹਾਂ ਦੀ ਚਰਚਾ ਛਿੜੀ ਹੋਈ ਹੈ। ਕੋਈ ਕਹਿੰਦਾ ਹੈ ਕਿ ਬਾਬੇ ਦੀ ਬਿਕਰਮ ਸਿੰਘ ਮਜੀਠੀਆ ਨਾਲ ਰਿਸ਼ਤੇਦਾਰੀ ਪੈਂਦੀ ਹੈ ਅਤੇ ਕੋਈ ਕਹਿੰਦਾ ਹੈ ਬਾਬੇ ਨੂੰ ਮੁਲਕਾਤ ਨਹੀਂ ਸੀ ਕਰਨੀ ਚਾਹੀਦੀ। ਹੁਣ ਅੰਦਰ ਦੀ ਗੱਲ ਕੀ ਹੈ ਪਤਾ ਨਹੀਂ ਪਰ ਇੱਕ ਗੱਲ ਤਾਂ ਪੱਕੀ ਹੈ ਕਿ ਪੰਜਾਬ ਵਿੱਚ ਇੱਕ ਅਜਿਹਾ ਗਠਜੋੜ ਬਣਿਆ ਹੋਇਆ ਹੈ ਜਿਸਨੂੰ ਸਮਝਣਾ ਬਹੁਤ ਜ਼ਰੂਰੀ ਹੈ — ਪੁਜਾਰੀ, ਮਾਇਆਧਾਰੀ ਤੇ ਸੱਤਾਧਾਰੀ ਦਾ ਗਠਜੋੜ। ਇਹ ਤਿੰਨ ਧਿਰਾਂ ਇਕੱਠੀਆਂ ਹੋ ਕੇ ਸਿਆਸਤ ਦੀ ਪੂਰੀ ਖੇਡ ਖੇਡਦੀਆਂ ਹਨ।
ਡੇਰੇ ਜੋ ਕਦੇ ਸਿਰਫ਼ ਧਾਰਮਿਕ ਤੇ ਰੂਹਾਨੀ ਕੇਂਦਰ ਮੰਨੇ ਜਾਂਦੇ ਸਨ ਅੱਜ ਵੱਡੇ ਸਿਆਸੀ ਅਖਾੜੇ ਬਣ ਚੁੱਕੇ ਹਨ। ਇੱਕ ਬਾਬੇ ਦਾ ਫ਼ਤਵਾ ਹਜ਼ਾਰਾਂ ਨਹੀਂ, ਲੱਖਾਂ ਲੋਕਾਂ ਦੀਆਂ ਵੋਟਾਂ ਦਾ ਰੁਖ ਬਦਲ ਸਕਦਾ ਹੈ। ਇਸ ਲਈ ਹਰ ਸਿਆਸਤਦਾਨ, ਚਾਹੇ ਕਿਸੇ ਵੀ ਪਾਰਟੀ ਦਾ ਹੋਵੇ, ਇਹਨਾਂ ਬਾਬਿਆਂ ਦੇ ਦਰ ‘ਤੇ ਹਾਜ਼ਰੀ ਲਾਉਂਦਾ ਹੈ।
ਉਦਾਹਰਣ ਵਜੋਂ ਲਵੋ ਸਿਰਸੇ ਵਾਲੇ ਡੇਰੇ ਦਾ ਮੁਖੀ ਗੁਰਮੀਤ ਰਾਮ ਰਹੀਮ ਜੋ ਕਈ ਗੰਭੀਰ ਅਪਰਾਧਾਂ ਵਿੱਚ ਸਜ਼ਾ ਭੁਗਤ ਰਿਹਾ ਹੈ, ਪਰ ਉਸਨੂੰ ਵਾਰ ਵਾਰ ਪੈਰੋਲ ਮਿਲਦੀ ਹੈ। ਇਹ ਸਿਰਫ਼ ਕਾਨੂੰਨੀ ਰਾਹਤ ਨਹੀਂ ਹੁੰਦੀ, ਇਹ ਰਾਜਨੀਤਿਕ ਸਮਝੌਤਾ ਜਾਪਦਾ ਹੈ। ਚੋਣਾਂ ਦੇ ਦੌਰਾਨ ਉਸਦੇ ਚੇਲੇ ਕਿਸੇ ਖ਼ਾਸ ਪਾਰਟੀ ਵੱਲ ਮੋੜੇ ਜਾਂਦੇ ਹਨ ਤੇ ਬਦਲੇ ਵਿੱਚ ਉਸਨੂੰ ਆਜ਼ਾਦੀ ਦੇ ਦਿਨ ਮਿਲ ਜਾਂਦੇ ਹਨ। ਅਗਰ ਇਸ ਨੂੰ ਕਾਨੂੰਨੀ ਪ੍ਰੀਕਿਰਿਆ ਮੰਨੀਏ ਤਾਂ ਬੰਦੀ ਸਿੰਘ ਜੋ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਉਨ੍ਹਾਂ ਨੂੰ ਜੇਲ੍ਹਾਂ ਤੋਂ ਰਿਹਾਅ ਨਹੀਂ ਕੀਤਾ ਜਾਂਦਾ ਅਗਰ ਇਨ੍ਹਾਂ ਬੰਦੀ ਸਿੰਘਾਂ ਦੇ ਪਰਿਵਾਰਾਂ ਵਿੱਚ ਮੌਤ ਵੀ ਹੋ ਜਾਵੇ ਉਨ੍ਹਾਂ ਨੂੰ ਕੇਵਲ ਘੰਟਿਆਂ ਦੇ ਹਿਸਾਬ ਨਾਲ ਪੈਰੋਲ ਮਿਲਦੀ ਹੈ ਪਰ ਦੂਜੇ ਪਾਸੇ ਰਾਮ ਰਹੀਮ ਆਪਣੇ ਜਨਮ ਦਿਨ ਮੌਕੇ ਪੈਰੋਲ ਤੇ ਆ ਕੇ ਜਸ਼ਨ ਮਨਾਉਂਦਾ ਹੈ।
ਹੁਣ ਗੱਲ ਕਰਦੇ ਹਾਂ ਬਿਆਸ ਦੇ ਰਾਧਾ ਸੁਆਮੀ ਡੇਰੇ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਦੀ ਇਸ ਬਾਬੇ ਵੱਡੇ-ਵੱਡੇ ਸਿਆਸਤਦਾਨਾਂ ਨਾਲ ਨੇੜਲੇ ਰਿਸ਼ਤੇ ਕਿਸੇ ਤੋਂ ਲੁਕੇ ਹੋਏ ਨਹੀਂ ਹਨ। ਇਸ ਸਮੇਂ ਜਦੋਂ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਜੇਲ੍ਹ ਵਿੱਚ ਹੈ ਉਹ ਉਸਨੂੰ ਮਿਲਣ ਗਿਆ। ਇਹ ਸਿਰਫ਼ ਧਾਰਮਿਕ ਭੇਂਟ ਹੀ ਨਹੀਂ ਜਾਪਦੀ ਸਗੋਂ ਇਹ ਸਿਆਸਤ ਨਾਲ ਜੁੜੇ ਰਿਸ਼ਤਿਆਂ ਨੂੰ ਉਜਾਗਰ ਕਰਦੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਤਾਂ ਸਰਕਾਰ ਵੱਲੋਂ ਬਾਬੇ ਨੂੰ ਵੱਡੇ ਫਾਇਦੇ ਦਿੱਤੇ ਗਏ ਸਨ। ਵੱਡੇ ਨੇਤਾ, ਚਾਹੇ ਕਾਂਗਰਸ ਦੇ ਹੋਣ, ਅਕਾਲੀ ਦਲ ਦੇ ਜਾਂ ਕਿਸੇ ਹੋਰ ਪਾਰਟੀ ਦੇ, ਉਹ ਇਸ ਡੇਰੇ ਨਾਲ ਨੇੜਤਾ ਬਣਾਈ ਰੱਖਦੇ ਹਨ। ਇੱਥੇ ਇਹ ਵੀ ਦੱਸ ਦਈਏ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਖੁਦ ਦੇ ਖ਼ਿਲਾਫ਼ ਵੀ ਰੈਨਬੈਕਸੀ ਦੇ ਮਾਲਕ ਭਰਾਵਾਂ ਦੇ ਫਰਾਡ ਕੇਸ ਵਿੱਚ ED ਦੀ ਜਾਂਚ ਚੱਲ ਰਹੀ ਹੈ।
ਇੱਥੇ ਮਾਇਆਧਾਰੀ ਵੀ ਸਿਆਸੀ ਖੇਡ ਵਿੱਚ ਆਪਣਾ ਅਹਿਮ ਰੋਲ ਨਿਭਾਉਂਦੇ ਹਨ। ਵੱਡੇ ਵਪਾਰੀ, ਉਦਯੋਗਪਤੀ ਜਾਂ ਡੇਰਿਆਂ ਨਾਲ ਜੁੜੇ ਅਮੀਰ ਲੋਕ — ਉਹ ਬਾਬਿਆਂ ਨੂੰ ਵੱਡੇ ਚੜ੍ਹਾਵੇ ਚੜ੍ਹਾਉਂਦੇ ਹਨ। ਉਸ ਦੇ ਬਦਲੇ ਵਿੱਚ ਉਹਨਾਂ ਨੂੰ ਸੱਤਾਧਾਰੀਆਂ ਤੱਕ ਸਿੱਧੀ ਪਹੁੰਚ ਮਿਲਦੀ ਹੈ। ਉਹਨਾਂ ਦੇ ਕਾਰੋਬਾਰੀ ਹਿੱਤ ਸੁਰੱਖਿਅਤ ਰਹਿੰਦੇ ਹਨ ਅਤੇ ਉਹ ਆਪਣੇ ਆਪ ਨੂੰ ਇਕ ਅਦਿੱਖ ਤਾਕਤ ਵਾਲੇ ਗੇੜ ਵਿੱਚ ਪਾਉਂਦੇ ਹਨ। ਇਹ ਮਾਇਆਧਾਰੀ ਸੱਤਾਧਾਰੀਆਂ ਨਾਲ ਸਿੱਧਾ ਸਬੰਧ ਵੀ ਕਾਇਮ ਕਰ ਲੈਂਦੇ। ਇਹ ਮਾਇਆਧਾਰੀ ਪਾਰਟੀਆਂ ਨੂੰ ਪਾਰਟੀ ਫੰਡ ਦੇ ਕੇ ਅਤੇ ਚੋਣਾਂ ਵਿੱਚ ਵੱਡੀਆਂ ਰਕਮਾਂ ਚੋਣ ਫੰਡ ਵਿੱਚ ਦੇ ਕੇ ਸੱਤਾਧਾਰੀਆਂ ਨਾਲ ਚੰਗੇ ਸਬੰਧ ਬਣਾ ਲੈਂਦੇ ਹਨ ਅਤੇ ਫਿਰ ਆਪਣੇ ਕਾਰੋਬਾਰਾਂ ਨੂੰ ਜਾਇਜ਼ ਅਤੇ ਨਾਜਾਇਜ਼ ਢੰਗ ਨਾਲ ਚਲਾਉਂਦੇ ਹਨ ਉਨ੍ਹਾਂ ਨੂੰ ਰੋਕਣ ਵਾਲਾ ਕੋਈ ਨਹੀਂ ਹੁੰਦਾ।
ਇਹ ਸਾਰਾ ਗਠਜੋੜ ਆਮ ਲੋਕਾਂ ਦੀ ਚੋਣ ਸਬੰਧੀ ਸੋਚ ਨੂੰ ਕਮਜ਼ੋਰ ਕਰਦਾ ਹੈ। ਚੋਣਾਂ ਵਿਚ ਜਿੱਥੇ ਆਮ ਆਦਮੀ ਨੂੰ ਆਪਣੀ ਰਾਇ ਦੇ ਆਧਾਰ ’ਤੇ ਫ਼ੈਸਲਾ ਕਰਨਾ ਚਾਹੀਦਾ ਹੈ, ਉੱਥੇ ਡੇਰੇ ਦੀ ਆਗਿਆ ਲੋਕਾਂ ਦੀ ਵੋਟ ਦਾ ਰੁਖ ਨਿਰਧਾਰਤ ਕਰਦੀ ਹੈ। ਇਸ ਤਰ੍ਹਾਂ ਲੋਕਤੰਤਰ ਦੀ ਬੁਨਿਆਦ ਹਿੱਲ ਜਾਂਦੀ ਹੈ।
ਸਾਫ਼ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਬਾਬਿਆਂ ਨੂੰ ਮਿਲਦਾ ਹੈ ਰਾਜਨੀਤਿਕ ਸਹਾਰਾ ਤੇ ਮਾਇਆਧਾਰੀਆਂ ਦੀ ਦਾਤ, ਮਾਇਆਧਾਰੀਆਂ ਨੂੰ ਮਿਲਦੀ ਹੈ ਡੇਰੇ ਦੀ ਛਤਰਛਾਇਆ ਤੇ ਸੱਤਾ ਤੱਕ ਪਹੁੰਚ, ਅਤੇ ਸਿਆਸਤਦਾਨਾਂ ਨੂੰ ਮਿਲਦੀਆਂ ਹਨ ਵੋਟਾਂ ਦੀਆਂ ਢੇਰੀਆਂ।
ਇਸ ਅਨੋਖੇ ਮੇਲ ਨਾਲ ਸਭ ਤੋਂ ਵੱਡਾ ਨੁਕਸਾਨ ਪੰਜਾਬ ਦੇ ਲੋਕਤੰਤਰ ਨੂੰ ਹੋ ਰਿਹਾ ਹੈ। ਜੇ ਸਮਾਜ ਨੂੰ ਜਾਗਰੂਕ ਤੇ ਖ਼ੁਦਮੁਖ਼ਤਿਆਰ ਸਮਾਜ ਬਣਾਉਣਾ ਹੈ ਤਾਂ ਇਹ ਗਠਜੋੜ ਤੋੜਨਾ ਸਭ ਤੋਂ ਵੱਡੀ ਚੁਣੌਤੀ ਹੈ।

