National
ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਖ਼ੁਸ਼ਖਬਰੀ, ਸ਼ੁਰੂ ਹੋਈ ਇਹ ਨਵੀਂ ਸੇਵਾ

ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਹੁਣ ਵੱਡੀ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਜੰਮੂ ਤੋਂ ਮਾਤਾ ਵੈਸ਼ਨੋ ਦੇਵੀ ਮੰਦਰ ਲਈ ਅੱਜ ਤੋਂ ਸਿੱਧੀ ਹੈਲੀਕਾਪਟਰ ਸੇਵਾ ਸ਼ੁਰੂ ਹੋ ਗਈ। ਨਵੀਂ ਸੇਵਾ ਨਾਲ ਇਕ ਦਿਨ ਦੇ ਅੰਦਰ ਇਸ ਪਵਿੱਤਰ ਮੰਦਰ ਦੇ ਦਰਸ਼ਨ ਕਰਨ ਦੇ ਚਾਹਵਾਨ ਸ਼ਰਧਾਲੂਆਂ ਨੂੰ ਵੱਡੀ ਰਾਹਤ ਮਿਲੇਗੀ। ਇਹ ਹੈਲੀਕਾਪਟਰ ਸੇਵਾ ਰਿਆਸੀ ਜ਼ਿਲ੍ਹੇ ਦੇ ਤ੍ਰਿਕੁਟਾ ਪਹਾੜੀਆਂ ‘ਤੇ ਸਥਿਤ ਪ੍ਰਸਿੱਧ ਮੰਦਰ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਮੰਦਰ ਦੇ ਨੇੜੇ ਬੇਸ ਕੈਂਪ ਅਤੇ ਸਾਂਝੀ ਛੱਤ ਦੇ ਵਿਚਕਾਰ ਪਹਿਲਾਂ ਤੋਂ ਉਪਲਬਧ ਹੈਲੀਕਾਪਟਰ ਸੇਵਾ ਤੋਂ ਇਲਾਵਾ ਹੈ।
ਕਿੰਨਾ ਦੇਣਾ ਪਵੇਗਾ ਕਿਰਾਇਆ
ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ (SMVDSB) ਦੇ ਮੁੱਖ ਕਾਰਜਕਾਰੀ ਅਧਿਕਾਰੀ ਅੰਸ਼ੁਲ ਗਰਗ ਨੇ ਦੱਸਿਆ ਕਿ ਨਵੀਂ ਸੇਵਾ ਦੀ ਸ਼ੁਰੂਆਤ ਮੌਕੇ ਸ਼ਰਧਾਲੂਆਂ ਨੂੰ ਲੈ ਕੇ ਪਹਿਲਾ ਹੈਲੀਕਾਪਟਰ ਸਵੇਰੇ 11 ਵਜੇ ਜੰਮੂ ਹਵਾਈ ਅੱਡੇ ਤੋਂ ਰਵਾਨਾ ਹੋਇਆ, ਜੋ ਕਿ ਸਿਰਫ 10 ਮਿੰਟਾਂ ਵਿੱਚ ਹੀ ਮੰਦਰ ਦੇ ਨਵੇਂ ਰਸਤੇ ‘ਤੇ ਪੰਛੀ ਹੈਲੀਪੈਡ ‘ਤੇ ਉਤਰਿਆ। ਜੰਮੂ ਤੋਂ ਇਸ ਸੇਵਾ ਦੀ ਚੋਣ ਕਰਨ ਵਾਲੇ ਸ਼ਰਧਾਲੂਆਂ ਕੋਲ ਦੋ ਪੈਕੇਜਾਂ ਦਾ ਵਿਕਲਪ ਹੋਵੇਗਾ। ਇਸ ਵਿਚ ਉਸੇ ਦਿਨ ਦੀ ਵਾਪਸੀ ਲਈ ਪ੍ਰਤੀ ਯਾਤਰੀ 35,000 ਰੁਪਏ ਅਤੇ ਅਗਲੇ ਦਿਨ ਦੀ ਵਾਪਸੀ ਲਈ ਪ੍ਰਤੀ ਵਿਅਕਤੀ 60,000 ਰੁਪਏ ਖਰਚ ਹੋਣਗੇ।
ਮੁੱਖ ਕਾਰਜਕਾਰੀ ਅਧਿਕਾਰੀ ਨੇ ਇਹ ਵੀ ਦੱਸਿਆ ਹੈ ਕਿ ਜੰਮੂ ਤੋਂ ਗੁਫਾ ਮੰਦਰ ਤੱਕ ਸਿੱਧੀ ਹੈਲੀਕਾਪਟਰ ਸੇਵਾ ਦੀ ਸ਼ੁਰੂਆਤ ਸ਼ਰਾਈਨ ਬੋਰਡ ਦੇ ਤੀਰਥ ਯਾਤਰਾ ਨੂੰ ਸੁਚਾਰੂ ਬਣਾਉਣ ਅਤੇ ਸ਼ਰਧਾਲੂਆਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਦੇ ਲਗਾਤਾਰ ਯਤਨਾਂ ਦਾ ਹਿੱਸਾ ਹੈ। ਦੱਸਣਯੋਗ ਹੈ ਕਿ ਇਸ ਸਾਲ ਜਨਵਰੀ ਤੋਂ ਮਈ ਤੱਕ 40.3 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਗੁਫਾ ਮੰਦਰ ‘ਚ ਪੂਜਾ ਅਰਚਨਾ ਕਰ ਚੁੱਕੇ ਹਨ।